ਨਵੀਂ ਦਿੱਲੀ: 75ਵੇਂ ਕਾਨ ਫ਼ਿਲਮ ਫੈਸਟੀਵਲ ਵਿੱਚ ਕੁਝ ਭਾਰਤੀ ਕਲਾਕਾਰਾਂ ਨੇ ਐਤਕੀ ਪਹਿਲੀ ਦਫ਼ਾ ਰੈੱਡ ਕਾਰਪੈਟ ’ਤੇ ਪੈਰ ਧਰਿਆ, ਕਈਆਂ ਨੇ ਆਪਣੇ ਨਿਵੇਕਲੇ ਤੇ ਵੱਖਰੇ ਅੰਦਾਜ਼ ਨਾਲ ਰੰਗ ਬੰਨ੍ਹਿਆ ਤੇ ਕਈਆਂ ਨੇ ਸਾਦਗੀ ਭਰੇ ਅੰਦਾਜ਼ ’ਚ ਮੇਲੇ ਦੀ ਰੌਣਕ ਵਧਾਈ। ਕਾਨ ਫਿਲਮ ਫੈਸਟੀਵਲ ਵਿੱਚ ਪਹਿਲੀ ਵਾਰ ਸ਼ਿਰਕਤ ਕਰਨ ਵਾਲਿਆਂ ਵਿੱਚ ਟੀਵੀ ਅਦਾਕਾਰਾ ਹੈਲੀ ਸ਼ਾਹ ਵੀ ਸ਼ਾਮਲ ਹੈ। ਅਦਾਕਾਰਾ ਨੇ ਇਸ ਮੌਕੇ ਹਲਕੇ ਹਰੇ ਰੰਗ ਦੀ ਪੁਸ਼ਾਕ ਪਹਿਨੀ ਹੋਈ ਸੀ। ਹੈਲੀ ਨੇ ਇੰਸਟਾਗ੍ਰਾਮ ’ਤੇ ਆਪਣੀ ਤਸਵੀਰ ਸਾਂਝੀ ਕਰਦਿਆਂ ਆਖਿਆ, ਧੰਨਵਾਦ ਤੇ ਸ਼ੁਕਰਗੁਜ਼ਾਰ! ਕਾਨ ਫੈਸਟੀਵਲ ਵਿੱਚ ਸ਼ੁਰੂਆਤ ਕਰਨ ਤੋਂ ਵਧੀਆ ਮੌਕਾ ਹੋਰ ਕੋਈ ਨਹੀਂ ਹੋ ਸਕਦਾ ਸੀ।’ ਫੈਸਟੀਵਲ ਦੇ ਦੂਸਰੇ ਦਿਨ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੇ ਰੈੱਡ ਕਾਰਪੈਟ ’ਤੇ ਜਲਵੇ ਬਿਖੇਰੇ। ਪਹਿਲਾਂ ਉਸ ਨੇ ਗੁਲਾਬੀ ਰੰਗ ਦਾ ਪੈਂਟ ਸੂਟ ਪਾਇਆ ਹੋਇਆ ਸੀ ਪਰ ਰੈੱਡ ਕਾਰਪੈਟ ’ਤੇ ਐਸ਼ਵਰਿਆ ਕਾਲੇ ਰੰਗ ਦਾ ਗਾਊਨ ਪਾ ਕੇ ਉਤਰੀ, ਜਿਸ ਨੂੰ ਇੱਕ ਪਾਸੇ ਤੋਂ ਦੂਜੇ ਪਾਸੇ ਹੇਠਾਂ ਤੱਕ ਫੁੱਲਾਂ ਨਾਲ ਸਜਾਇਆ ਹੋਇਆ ਸੀ। ਅਦਾਕਾਰਾ ਪੂਜਾ ਹੇਗੜੇ ਨੇ ਗੁਲਾਬੀ ਬਾਹਾਂ ਵਾਲਾ ਗਾਊਨ ਪਾਇਆ ਹੋਇਆ ਸੀ। ਟੀਵੀ ਅਦਕਾਰਾ ਹਿਨਾ ਖ਼ਾਨ ਨੇ ਵੀ ਕਾਨ ਫਿਲਮ ਫੈਸਟੀਵਲ ਵਿੱਚ ਆਪਣੀ ਸ਼ੁਰੂਆਤ ਕਰਦਿਆਂ ਲਾਲ ਰੰਗ ਦਾ ਖ਼ੂਬਸੂਰਤ ਗਾਊਨ ਪਾਇਆ ਹੋਇਆ ਸੀ ਅਤੇ ਉਸ ਨੇ ਹਲਕਾ ਜਿਹਾ ਮੇਕਅਪ ਕੀਤਾ ਹੋਇਆ ਸੀ। ਇਸ ਤੋਂ ਇਲਾਵਾ ਅਦਾਕਾਰਾ ਤਮੰਨਾ ਭਾਟੀਆ, ਉਰਵਸ਼ੀ ਰੌਟੇਲਾ, ਕਮਲ ਹਸਨ, ਏਆਰ ਰਹਿਮਾਨ ਤੇ ਹੋਰ ਕਈ ਅਦਾਕਾਰਾਂ ਨੇ ਇਸ ਸਾਲ ਕਾਨ ਫਿਲਮ ਫੈਸਟੀਵਲ ਵਿੱਚ ਹਾਜ਼ਰੀ ਲਵਾ ਕੇ ਆਪਣੇ ਪ੍ਰਸ਼ੰਸਕਾਂ ਦਾ ਮਨ ਜਿੱਤਿਆ। -ਆਈਏਐੱਨਐੱਸ
ਨਵਾਜ਼ੂਦੀਨ ਨੇ ਕਾਨ ’ਚ ਸੱਤਵੀਂ ਵਾਰ ਮਨਾਇਆ ਜਨਮ ਦਿਨ
ਮੁੰਬਈ: ‘ਦਿ ਸੀਰੀਅਸ ਮੈੱਨ’ ਤੇ ‘ਦਿ ਲੰਚਬਾਕਸ’ ਵਰਗੀਆਂ ਫਿਲਮਾਂ ਵਿੱਚ ਆਪਣੇ ਕੰਮ ਦਾ ਲੋਹਾ ਮਨਵਾਉਣ ਵਾਲੇ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨੇ ਅੱਜ ਸੱਤਵੀਂ ਵਾਰ ਕਾਨ ਫਿਲਮ ਫੈਸਟੀਵਲ ਦੌਰਾਨ ਆਪਣਾ ਜਨਮ ਦਿਨ ਮਨਾਇਆ। 2012 ਵਿੱਚ ਆਈ ਅਦਾਕਾਰ ਦੀ ਫ਼ਿਲਮ ‘ਮਿਸ ਲਵਲੀ’ ਤੇ ‘ਗੈਂਗਜ਼ ਆਫ ਵਾਸੇਪੁਰ’, 2013 ਵਿੱਚ ਰਿਲੀਜ਼ ਹੋਈ ‘ਮੌਨਸੂਨ ਸ਼ੂਟਆਊਟ’, ‘ਦਿ ਲੰਚਬਾਕਸ’, ‘ਬਾਂਬੇ ਟਾਕੀਜ਼’, ਉਸ ਮਗਰੋਂ 2016 ਵਿੱਚ ਆਈ ‘ਰਮਨ ਰਾਘਵ 2.0’ ਤੇ 2018 ਵਿੱਚ ਆਈ ‘ਮੰਟੋ’, ਇਨ੍ਹਾਂ ਸਾਰੀਆਂ ਹੀ ਫਿਲਮਾਂ ਦੀ ਸਕਰੀਨਿੰਗ ਕਾਨ ਫਿਲਮ ਫੈਸਟੀਵਲ ਦੌਰਾਨ ਹੋਈ ਹੈ ਤੇ ਇਤਫਾਕ ਨਾਲ ਅਦਾਕਾਰ ਦਾ ਜਨਮ ਦਿਨ ਵੀ ਫੈਸਟੀਵਲ ਦੌਰਾਨ ਹੀ ਮਨਾਇਆ ਜਾਂਦਾ ਰਿਹਾ ਹੈ। -ਆਈਏਐੱਨਐੱਸ