ਮੁੰਬਈ, 13 ਨਵੰਬਰ
ਭਾਰਤ ਦੇ ਸੁਪਰਹੀਰੋ ‘ਸ਼ਕਤੀਮਾਨ’ ਦੀ ਭੂਮਿਕਾ ਨਿਭਾਉਣ ਲਈ ਮਸ਼ਹੂਰ ਉੱਘੇ ਅਭਿਨੇਤਾ ਮੁਕੇਸ਼ ਖੰਨਾ ਨੇ ਪ੍ਰਸ਼ੰਸਕਾਂ ਲਈ ਮਸ਼ਹੂਰ ਕਿਰਦਾਰ ਦੀ ਵਾਪਸੀ ਦਾ ਐਲਾਨ ਕੀਤਾ। ਬੀਤੇ ਦਿਨੀਂ ਏਐਨਆਈ ਨਾਲ ਗੱਲ ਕਰਦੇ ਹੋਏ ‘ਸ਼ਕਤੀਮਾਨ’ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਮੁਕੇਸ਼ ਖੰਨਾ ਨੇ ਇਸ ਭੂਮਿਕਾ ਨਾਲ ਆਪਣੇ ਡੂੰਘੇ ਸਬੰਧ ਅਤੇ ਇਸ ਨੂੰ ਦੁਬਾਰਾ ਕਰਨ ਲਈ ਆਪਣੇ ਉਤਸ਼ਾਹ ਬਾਰੇ ਖੁੱਲ੍ਹ ਕੇ ਚਰਚਾ ਕੀਤੀ।
ਉਨ੍ਹਾਂ ਕਿਹਾ ਕਿ ‘‘ਇਹ ਪਹਿਰਾਵਾ ਮੇਰੇ ਅੰਦਰ ਹੈ… ਇਸੇ ਲਈ ਮੈਂ ‘ਸ਼ਾਤੀਮਾਨ’ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ, ਕਿਉਂਕਿ ਇਹ ਮੇਰੇ ਅੰਦਰੋਂ ਆਇਆ ਹੈ।’’ ਮੁਕੇਸ਼ ਖੰਨਾ ਨੇ ਕਿਹਾ, ‘‘ਜਦੋਂ ਮੈਂ ਸ਼ੂਟਿੰਗ ਕਰ ਰਿਹਾ ਹੁੰਦਾ ਹਾਂ ਤਾਂ ਕੈਮਰੇ ਨੂੰ ਭੁੱਲ ਜਾਂਦਾ ਹਾਂ, ਮੈਂ ਦੁਬਾਰਾ ਸ਼ਕਤੀਮਾਨ ਬਣਨ ਲਈ ਦੂਜਿਆਂ ਨਾਲੋਂ ਵੀ ਜ਼ਿਆਦਾ ਖੁਸ਼ ਹਾਂ।’’ ਸ਼ਕਤੀਮਾਨ ਨੂੰ ਨਵੀਂ ਪੀੜ੍ਹੀ ਵਿੱਚ ਵਾਪਸ ਲਿਆਉਣ ਬਾਰੇ ਅਦਾਕਾਰ ਨੇ ਕਿਹਾ, “ਮੈਂ ਆਪਣਾ ਫਰਜ਼ ਨਿਭਾ ਰਿਹਾ ਹਾਂ ਜੋ ਮੈਂ 1997 ਵਿੱਚ ਸ਼ੁਰੂ ਕੀਤਾ ਸੀ ਅਤੇ ਜੋ 2005 ਤੱਕ ਚੱਲਿਆ। ਮੈਨੂੰ ਲੱਗਦਾ ਹੈ ਕਿ ਮੇਰਾ ਕੰਮ 2027 ਵਿੱਚ ਲੋਕਾਂ ਤੱਕ ਪਹੁੰਚ ਜਾਣਾ ਚਾਹੀਦਾ ਹੈ ਕਿਉਂਕਿ ਅੱਜ ਦੀ ਪੀੜ੍ਹੀ ਅੰਨ੍ਹੇਵਾਹ ਚੱਲ ਰਹੀ ਹੈ। ਉਨ੍ਹਾਂ ਨੂੰ ਰੋਕ ਕੇ ਸਾਹ ਲੈਣ ਲਈ ਕਿਹਾ ਜਾਣਾ ਚਾਹੀਦਾ ਹੈ।’’
ਬੀਤੇ ਦਿਨਾਂ ਵਿਚ ਖੰਨਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ’ਤੇ ਇੱਕ ਪੋਸਟਰ ਸਾਂਝਾ ਅਤੇ ਕੁੱਝ ਵੀਡੀਓਜ਼ ਸਾਂਝੀਆਂ ਕੀਤੀਆਂ ਜੋ ਸ਼ਕਤੀਮਾਨ ਦੀ ਵਾਪਸੀ ਦੀ ਦਰਸਾਉਂਦੀਆਂ ਹਨ।
ਜ਼ਿਕਰਯੋਗ ਹੈ ਕਿ ਸ਼ਕਤੀਮਾਨ ਜੋ ਅਸਲ ਵਿੱਚ ਦੂਰਦਰਸ਼ਨ ’ਤੇ 1997 ਵਿੱਚ ਪ੍ਰਸਾਰਿਤ ਹੋਇਆ ਸੀ, ਭਾਰਤ ਵਿੱਚ ਸਭ ਤੋਂ ਪ੍ਰਸਿੱਧ ਸੁਪਰਹੀਰੋ ਸ਼ੋਅ ਵਿੱਚੋਂ ਇੱਕ ਬਣ ਗਿਆ ਸੀ। ਇਹ ਸ਼ੋਅ 450 ਤੋਂ ਵੱਧ ਐਪੀਸੋਡਾਂ ਤੱਕ ਚੱਲਿਆ ਅਤੇ ਲੱਖਾਂ ਦਰਸ਼ਕਾਂ ਲਈ ਇੱਕ ਪੁਰਾਣੀ ਯਾਦ ਦੇ ਤੌਰ ’ਤੇ ਬਣਿਆ ਹੋਇਆ ਹੈ।
View this post on Instagram
ਬੱਚਿਆਂ ਦੇ ਮਨਾਂ ’ਤੇ ਸ਼ਕਤੀਮਾਨ ਦਾ ਰਿਹਾ ਹੈ ਵੱਡਾ ਪ੍ਰਭਾਵ
1990 ਦੇ ਦਾਹਾਕੇ ਵਿਚ ਆਏ ਸ਼ਕਤੀਮਾਨ ਦੀਆਂ ਗੱਲਾਂ ਦਾ ਬੱਚਿਆਂ ਦੇ ਮਨਾਂ ’ਤੇ ਕਾਫ਼ੀ ਪ੍ਰਭਾਵ ਰਿਹਾ ਹੈ। ਅਕਸਰ ਬੱਚੇ ਉਹ ਕਰਨ ਦੀ ਕੋਸ਼ਿਸ਼ ਕਰਦੇ ਸਨ ਜੋ ਸ਼ਕਤੀਮਾਨ ਵੱਲੋਂ ਕਿਹਾ ਜਾਂਦਾ ਸੀ। ‘ਸ਼ਕਤੀਮਾਨ’ ਦਾ ਕਿਰਦਾਰ ਨਿਭਾ ਕੇ ਵੱਡਾ ਸਟਾਰਡਮ ਹਾਸਲ ਕਰਨ ਵਾਲੇ ਅਭਿਨੇਤਾ ਮੁਕੇਸ਼ ਖੰਨਾ ਨੇ ਕਿਹਾ ਕਿ ਇਹ ਕਿਰਦਾਰ ਇਕ ਅਧਿਆਪਕ ਵੀ ਸੀ ਅਤੇ ਇਸ ਨੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਸੀ।
ਖ਼ਬਰ ਏਜੰਸੀ ਆਈਏਐੱਨਐੱਸ ਨਾਲ ਗੱਲਬਾਤ ਵਿੱਚ ਮੁਕੇਸ਼ ਖੰਨਾ ਨੇ ਦੱਸਿਆ ਕਿ 1997 ਵਿੱਚ ਇੱਕ ਔਰਤ ਮੇਰੇ ਕੋਲ ਆਈ ਅਤੇ ਕਿਹਾ, ‘‘ਮੁਕੇਸ਼ ਜੀ ਮੈਂ ਤੁਹਾਡੀ ਬਹੁਤ ਧੰਨਵਾਦੀ ਹਾਂ, ਤੁਹਾਡੇ ਕਾਰਨ ਮੇਰਾ ਬੱਚਾ ਤੁਹਾਡੇ ਕਾਰਨ ਦੁੱਧ ਪੀਣ ਲੱਗ ਪਿਆ ਹੈ। ਔਰਤ ਨੇ ਕਿਹਾ ਕਿ ਮੈਂ ਜਦੋਂ ਬੱਚੇ ਨੂੰ ਕੁੱਟਿਆ ਤਾਂ ਉਸ ਨੇ ਦੁੱਧ ਨਹੀਂ ਪੀਤਾ। ਪਰ ਜਦੋਂ ‘ਸ਼ਕਤੀਮਾਨ’ ਨੇ ਕਿਹਾ ਕਿ ਦੁੱਧ ਪੀਓਗੇ ਤਾਂ ਤਾਕਤਵਰ ਬਣ ਜਾਵੋਗੇ’ ਬੱਚੇ ਨੇ ਦਿਨ ਵਿਚ ਤਿੰਨ ਵਾਰ ਦੁੱਧ ਪੀਣਾ ਸ਼ੁਰੂ ਕਰ ਦਿੱਤਾ।
ਮੁਕੇਸ਼ ਖੰਨਾ ਨੇ ਕਿਹਾ ਕਿ ਇਸ ਨਾਲ ਮੈਨੂੰ ਸ਼ਕਤੀਮਾਨ ਦੀ ਸਿੱਖਿਆ ਦੀ ਮਹੱਤਤਾ ਦਾ ਅਹਿਸਾਸ ਹੋਇਆ। ਅਸੀਂ ਛੋਟੇ-ਛੋਟੇ ਵਿਸ਼ਿਆਂ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਸ਼ਕਤੀਮਾਨ ਵਜੋਂ 200 ਤੋਂ ਵੱਧ ਸੁਨੇਹੇ ਦਿੱਤੇ। ਏਐੱਨਆਈ/ਆਈਏਐੱਨਐੱਸ