ਰਾਜਵੀਰ ਕੌਰ
“ਬਾਬਾ ਆਇਆ ਸਾਡੇ ਘਰ, ਟੰਗ ਫਸਾ ਲੀ ਸੋਡੇ ਘਰ” ਇਸ ਬੁਝਾਰਤ ਤੋਂ ਸਾਡੇ ਸਮਾਜ ਵਿਚ ਨਿੱਜਤਾ ਦੇ ਮਸਲੇ ਸਬੰਧੀ ਗੱਲ ਸ਼ੁਰੂ ਕਰਦੇ ਹਾਂ। ਭਾਵੇਂ ਇਸ ਬੁਝਾਰਤ ਦਾ ਉੱਤਰ ਧੂੰਆਂ ਹੈ, ਪਰ ਇਹ ਬੁਝਾਰਤ ਸਾਡੇ ਸਮਾਜ ਅੰਦਰ ਇਕ-ਦੂਜੇ ਦੇ ਮਸਲਿਆਂ ਵਿਚ ਦਖਲਅੰਦਾਜ਼ੀ ਨੂੰ ਵੀ ਦਰਸਾਉਂਦੀ ਹੈ। ਜੇਕਰ ਅਸੀਂ 50 ਕੁ ਸਾਲਾਂ ਦੇ ਲਗਪਗ ਪਿੱਛੇ ਜਾ ਕੇ ਪੰਜਾਬ ਬਾਰੇ ਗੱਲ ਕਰੀਏ। ਪਤਾ ਲੱਗਦਾ ਹੈ ਕਿ ਪਿੰਡ ਵਿਚ ਕਿਸੇ ਇਕ ਘਰ ਦਾ ਮਾਮਲਾ ਪੂਰੇ ਪਿੰਡ ਦਾ ਨਿੱਜੀ ਮਸਲਾ ਬਣ ਜਾਂਦਾ ਸੀ, ਖ਼ਾਸ ਕਰਕੇ ਕਿਸੇ ਧੀ-ਭੈਣ ਨਾਲ ਸਬੰਧਿਤ। ਇਹੋ ਜੀਆਂ ਉਦਾਹਰਨਾਂ ਹਕੀਕਤ ਦੇ ਨਾਲ-ਨਾਲ ਪੰਜਾਬੀ ਕਹਾਣੀਆਂ ਵਿਚੋਂ ਵੀ ਮਿਲ ਜਾਂਦੀਆਂ ਹਨ। ਇਹ ਗੱਲਾਂ ਅੱਜ ਵੀ ਸਾਡੇ ਸਮਾਜ ਵਿਚ ਸੁਣਨ ਨੂੰ ਮਿਲ ਜਾਣਗੀਆਂ ਭਾਵੇਂ ਪਹਿਲਾਂ ਦੇ ਮੁਕਾਬਲੇ ਘੱਟ ਜ਼ਰੂਰ ਗਈਆਂ ਹਨ।
ਜਦੋਂ ਅਸੀਂ ਆਪਣੇ ਸਮਾਜ ਦੇ ਸੰਦਰਭ ਵਿਚ ਗੱਲ ਕਰੀਏ ਤਾਂ ਔਰਤ ਨੂੰ ਮਰਦ ਦੇ ਮੁਕਾਬਲੇ ਹਰ ਚੀਜ਼ ਘਟਾ ਕੇ ਦਿੱਤੀ ਜਾਂਦੀ ਹੈ। ਮਰਦਾਂ, ਲੜਕਿਆਂ ਨੂੰ ਥੋੜ੍ਹੀ ਬਹੁਤੀ ਨਿੱਜਤਾ ਘਰ ਵਿਚ ਪ੍ਰਦਾਨ ਕੀਤੀ ਜਾਂਦੀ ਹੈ। ਉਹ ਘਰ ਤੋਂ ਬਾਹਰ ਜਾਣ ਦੇ ਮੌਕਿਆਂ ਕਾਰਨ ਇਸ ਨੂੰ ਮਾਣ ਵੀ ਲੈਂਦੇ ਹਨ। ਔਰਤਾਂ, ਲੜਕੀਆਂ ਨੇ ਸਾਰਾ ਦਿਨ ਘਰ ਵਿਚ ਰਹਿਣਾ ਹੁੰਦਾ ਸੀ ਤੇ ਘਰ ਵਿਚ ਨਿੱਜਤਾ ਲਈ ਕੋਈ ਥਾਂ ਹੀ ਨਹੀਂ ਦਿੱਤੀ ਜਾਂਦੀ ਸੀ। ਭਾਵੇਂ ਅੱਜ ਸਕੂਲ, ਕਾਲਜ, ਕੰਮ-ਕਾਜੀ ਥਾਵਾਂ ਦੀ ਬਦੌਲਤ ਉਹ ਕੁਝ ਸਮਾਂ ਆਪਣੇ ਲਈ ਜਾਂ ਆਪਣੀ ਨਿੱਜਤਾ ਨੂੰ ਮਾਣ ਲੈਂਦੀਆਂ ਹਨ।
ਜੇਕਰ ਅਸੀਂ ਅੱਜ ਦੀ ਗੱਲ ਕਰੀਏ ਤਾਂ ਨਿੱਜਤਾ ਸਬੰਧੀ ਸਵਾਲ ਕੁਝ ਹੋਰ ਤਰ੍ਹਾਂ ਨਾਲ ਦਿਖਾਈ ਦਿੰਦਾ ਹੈ। ਅਸੀਂ ਆਪਣੇ ਨਿੱਜੀ ਮਸਲਿਆਂ ਨੂੰ ਆਪਣੇ ਤਕ ਰੱਖਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਦੂਜਿਆਂ ਦੇ ਨਿੱਜੀ ਦਾਇਰੇ ਦੀ ਸੀਮਾ ਵਿਚ ਦਖਲ ਵੀ ਚਾਹੁੰਦੇ ਹਾਂ। ਲਗਪਗ ਸਾਰੇ ਹੀ ਇਸ ਗੱਲ ਨੂੰ ਨੋਟ ਕਰਦੇ ਹੋਣਗੇ, ਜਦੋਂ ਵੀ ਤੁਸੀਂ ਬੱਸ, ਰੇਲ ਰਾਹੀਂ ਸਫ਼ਰ ਕਰਦੇ ਹੋ ਤਾਂ ਨਾਲ ਬੈਠੀ ਸਵਾਰੀ ਦੀ ਨਜ਼ਰ ਤੁਹਾਡੇ ਫੋਨ ’ਤੇ ਜ਼ਰੂਰ ਹੋਵੇਗੀ। ਇੱਥੋਂ ਤਕ ਕਿ ਜਦੋਂ ਟਿਕਟ ਕਟਵਾਉਣ ਲਈ ਪਰਸ ਖੋਲ੍ਹੋ ਤਾਂ ਵੀ ਬਹੁਤੀਆਂ ਨਜ਼ਰਾਂ ਤੁਹਾਨੂੰ ਵੇਖ ਰਹੀਆਂ ਹੋਣਗੀਆਂ। ਬੱਸ ਵਿਚ ਖੜ੍ਹੀਆਂ ਸਵਾਰੀਆਂ ਕੋਲ ਤਾਂ ਕੋਈ ਵਿਕਲਪ ਹੀ ਨਹੀਂ ਹੁੰਦਾ ਸਿਵਾਏ ਤੁਹਾਡੀ ਨਿੱਜਤਾ ਦੇ। ਜਦੋਂ ਮੋਬਾਈਲ ਫੋਨ ਨਹੀਂ ਸਨ, ਉਸ ਸਮੇਂ ਵੀ ਬੱਸ, ਰੇਲ ਗੱਡੀ ਦਾ ਸਫ਼ਰ ਕਰਦੇ ਲੋਕ ਆਪਸੀ ਗੱਲਬਾਤ ਰਾਹੀਂ ਇਕ-ਦੂਜੇ ਦਾ ਥਾਂ-ਪਤਾ ਕਰ ਲੈਂਦੇ ਸਨ। ਸੰਤ ਸਿੰਘ ਸੇਖੋਂ ਦੀ ‘ਮੁੜ-ਵਿਧਵਾ’ ਕਹਾਣੀ ਵਿਚ ਇਸ ਮਾਹੌਲ ਨੂੰ ਸਿਰਜਿਆ ਗਿਆ ਹੈ। ਮੋਬਾਈਲ ਫੋਨ ਨੂੰ ਲੈ ਕੇ ਅਸੀਂ ਸਭ ਤੋਂ ਵੱਧ ਨਿੱਜਤਾ ਦਾ ਧਿਆਨ ਰੱਖਦੇ ਹਾਂ। ਇਹ ਧਿਆਨ ਫੋਨ ਵਿਚ ਸਾਂਭੀਆਂ ਨਿੱਜੀ ਸੂਚਨਾਵਾਂ, ਤਸਵੀਰਾਂ ਨੂੰ ਲੈ ਕੇ ਜ਼ਿਆਦਾ ਹੁੰਦਾ ਹੈ। ਇਕ ਪਾਸੇ ਤਾਂ ਅਸੀਂ ਆਪਣੀਆਂ ਇਨ੍ਹਾਂ ਚੀਜ਼ਾਂ ਨੂੰ ਲੈ ਕੇ ਸੁਰੱਖਿਆ ਚਾਹੁੰਦੇ ਹੋਏ ਵੱਖ ਵੱਖ ਤਰ੍ਹਾਂ ਦੇ ਜਿੰਦਰੇ ਮਾਰ ਕੇ ਰੱਖਦੇ ਹਾਂ। ਦੂਜੇ ਪਾਸੇ ਅਸੀਂ ਆਪਣੀਆਂ ਉਹੀ ਤਸਵੀਰਾਂ ਜਾਂ ਸੂਚਨਾਵਾਂ ਨੂੰ ਵੱਖ-ਵੱਖ ਸੋਸ਼ਲ ਮੀਡੀਆ ਰਾਹੀਂ ਸਾਝੀਆਂ ਵੀ ਕਰ ਰਹੇ ਹੁੰਦੇ ਹਾਂ। ਫਰਾਂਸ ਵਿਚ ਵਿਅਕਤੀਗਤ ਨਿੱਜਤਾ ਨੂੰ ਕਿੰਨੀ ਤਵੱਜੋ ਦਿੱਤੀ ਜਾਂਦੀ ਹੈ। ਕਿਸੇ ਦੇ ਨਿੱਜੀ ਜੀਵਨ ਸਬੰਧੀ ਸਵਾਲ ਪੁੱਛਣ ਨੂੰ ਅਸੱਭਿਅਕ ਮੰਨਿਆ ਜਾਂਦਾ ਹੈ। ਧਰਮ, ਵਿਆਹ, ਬੱਚੇ ਆਦਿ ਸਭ ਨਿੱਜੀ ਮਾਮਲੇ ਜਾਣ ਕੇ ਇਸ ਸਬੰਧੀ ਇਕ ਵੀ ਸਵਾਲ ਨਹੀਂ ਪੁੱਛਿਆ ਜਾਂਦਾ। ਜਦੋਂਕਿ ਸਾਡਾ ਸੱਭਿਆਚਾਰ ਦੂਸਰੇ ਦੇ ਜੀਵਨ ਸਬੰਧੀ ਪੁਛ-ਗਿੱਛ ਨੂੰ ਭਾਈਚਾਰੇ ਵਜੋਂ ਲੈਦਾ ਹੈ।
ਅਸੀਂ ਲੋਕਾਂ ਦੇ ਨਿੱਜੀ ਮਾਮਲਿਆਂ ਬਾਰੇ ਅੰਦਾਜ਼ੇ ਲਗਾਉਣਾ, ਟਿੱਪਣੀਆਂ ਕਰਨ ਨੂੰ ਆਪਣਾ ਸੁਭਾਅ ਬਣਾਇਆ ਹੋਇਆ ਹੈ। ਜਾਣ-ਪਛਾਣ ਵਾਲੇ ਵਿਅਕਤੀਆਂ ਦੇ ਨਾਲ-ਨਾਲ ਅਜਨਬੀਆਂ ਨੂੰ ਵੀ ਇਨ੍ਹਾਂ ਟਿੱਪਣੀਆਂ, ਅੰਦਾਜ਼ਿਆਂ ਦੇ ਘੇਰੇ ਵਿਚ ਵਲੇਟ ਲੈਂਦੇ ਹਾਂ। ਇਹੀ ਸੁਭਾਅ ਦੂਜਿਆਂ ਦੇ ਨਿੱਜੀ ਜੀਵਨ ਵਿਚ ਦਖਲਅੰਦਾਜ਼ੀ ਕਰਨ ਦੀ ਆਦਤ ਵਿਚ ਬਦਲਦਾ ਹੋਇਆ ਵਿਅਕਤੀਗਤ ਨਿੱਜਤਾ ਸਬੰਧੀ ਸਾਡੀ ਸਮਝ ਨੂੰ ਖ਼ਤਮ ਕਰ ਦਿੰਦਾ ਹੈ। ਅਸੀਂ ਦੋਹਰੀ ਮਾਨਸਿਕਤਾ ਨੂੰ ਅਪਣਾ ਰਹੇ ਹਾਂ। ਜ਼ਿਦੰਗੀ ਦੇ ਬਹੁਤ ਸਾਰੇ ਪੱਖਾਂ ਨੂੰ ਲੈ ਕੇ ਅਸੀਂ ਆਪਣੀ ਨਿੱਜਤਾ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਾਂ, ਪਰ ਉਨ੍ਹਾਂ ਹੀ ਪੱਖਾਂ ਨੂੰ ਲੈ ਕੇ ਦੂਸਰਿਆਂ ਦੀ ਜ਼ਿੰਦਗੀ ਵਿਚ ਝਾਤੀ ਵੀ ਮਾਰਨਾ ਚਾਹੁੰਦੇ ਹਾਂ। ਅਸੀਂ ਵਿਅਕਤੀਗਤ ਨਿੱਜਤਾ ਨੂੰ ਮਾਨਣਾ ਵੀ ਚਾਹੁੰਦੇ ਹਾਂ ਅਤੇ ਦੂਜਿਆਂ ਨੂੰ ਉਸ ਵਿਚ ਦਖਲ ਹੋਣ ਲਈ ਸੋਸ਼ਲ ਮੀਡੀਆ ਰਾਹੀਂ ਸੱਦਾ ਵੀ ਦੇ ਰਹੇ ਹੁੰਦੇ ਹਾਂ। ਇਹ ਸੱਦਾ ਜਾਣਨ ਵਾਲਿਆਂ ਦੇ ਨਾਲ-ਨਾਲ ਅਜਨਬੀਆਂ ਨੂੰ ਵੀ ਹੁੰਦਾ ਹੈ। ਵਿਅਕਤੀਗਤ ਨਿੱਜਤਾ ਪ੍ਰਤੀ ਸਾਡੀ ਸਮਝ ਇਸ ਤੁੱਕ ਵਰਗੀ ਹੈ ਕਿ “ਨਾ ਖੇਡੀਏ, ਨਾ ਖੇਡਣ ਦੇਈਏ ,ਯਾਰ ਤਾਂ ਘੁੱਤੀ ’ਚ ਮੂਤਣਗੇ”।
ਰੋਜ਼ਾਨਾ ਹੀ ਅਸੀਂ ਕੁਝ ਸਵਾਲਾਂ ਦਾ ਸਾਹਮਣਾ ਕਰਦੇ ਹਾਂ। ਜਿਨ੍ਹਾਂ ਤੋਂ ਵਿਅਕਤੀਗਤ ਨਿੱਜਤਾ ਬਾਰੇ ਸਾਡੇ ਸਮਾਜ ਦੀ ਸਮਝ ਦਾ ਪਤਾ ਚੱਲ ਜਾਂਦਾ ਹੈ। ਜਿਵੇਂ ਕਿਸ ਦਾ ਫੋਨ ਆਇਆ?, ਕਿਸ ਨਾਲ ਕੀ ਗੱਲ ਕੀਤੀ? ਵਿਆਹ ਕਦੋਂ ਕਰਵਾਉਣਾ?, ਇਕੱਲੇ ਰਹਿ ਰਹੇ ਹੋ?, ਕਿੰਨੇ ਬੱਚੇ ਨੇ? ਕੋਈ ਕੁੜੀ/ਮੁੰਡਾ ਦੋਸਤ ਹੈ ਜਾਂ ਨਹੀਂ? ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਸਵਾਲ। ਅਜਿਹੇ ਸਵਾਲ ਸਾਡੇ ਤੋਂ ਬਹੁਤ ਵਾਰ ਪੁੱਛੇ ਜਾਂਦੇ ਹਨ ਕਿ ਇਹ ਸਾਨੂੰ ਅਜੀਬ ਲੱਗਣ ਦੀ ਬਜਾਏ ਸਾਧਾਰਨ ਲੱਗਣ ਲੱਗਦੇ ਹਨ। ਵਰ ਦੀ ਚੋਣ, ਪਰਿਵਾਰ ਯੋਜਨਾ, ਕਿੱਤੇ ਦੀ ਚੋਣ ਆਦਿ ਵਿਚ ਦਖਲ ਅੰਦਾਜ਼ੀ ਕਰਨ ਨੂੰ ਪਰਿਵਾਰ ਦੇ ਬਜ਼ੁਰਗ ਮੈਂਬਰ, ਮਾਂ-ਬਾਪ ਅਤੇ ਸਮਾਜ ਆਪਣਾ ਹੱਕ ਸਮਝਦਾ ਹੈ। ਦੂਜੇ ਪਾਸੇ ਸੰਵਿਧਾਨ ਦੇ ਅਨੁਛੇਦ 21 ਅਧੀਨ ਜ਼ਿੰਦਗੀ ਦੇ ਅਧਿਕਾਰ ਵਿਚ ਵਿਅਕਤੀਗਤ ਆਜ਼ਾਦੀ ਦੇ ਅਧਿਕਾਰ ਨੂੰ ਵੀ ਵਿਚਾਰਿਆ ਗਿਆ ਹੈ। ਆਧਾਰ ਕਾਰਡ ਆਦਿ ਨੂੰ ਆਮ ਲੋਕ ਵਿਅਕਤੀਗਤ ਆਜ਼ਾਦੀ ਉੱਪਰ ਹੋਇਆ ਹਮਲਾ ਨਹੀਂ ਸਮਝਦੇ। ਉਨ੍ਹਾਂ ਨੂੰ ਤਾਂ ਲੱਗਦਾ ਹੈ ਕਿ ਇਹ ਸਭ ਕਿਸੇ ਕਾਨੂੰਨ ਤਹਿਤ ਹੋ ਰਿਹਾ ਹੈ। ਸੰਵਿਧਾਨਕ ਅਧਿਕਾਰ ਹੋਣ ਦੇ ਬਾਵਜੂਦ ਸਾਡੀ ਨਿੱਜਤਾ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਇਸ ਅਧਿਕਾਰ ਦੀ ਬਹੁਤ ਵਾਰ ਉਲੰਘਣਾ ਹੋਈ ਹੈ। ਇਸ ਉਲੰਘਣਾ ਦੇ ਬਹੁਤ ਸਾਰੇ ਕਾਰਨਾਂ ਵਿਚੋਂ ਇਕ ਕਾਰਨ ਸਾਡੇ ਵਿਚ ਜਾਗਰੂਕਤਾ ਦੀ ਘਾਟ ਹੋਣਾ ਵੀ ਹੈ। ਜਦੋਂ ਤਕ ਅਸੀਂ ਵਿਅਕਤੀਗਤ ਨਿੱਜਤਾ ਦੇ ਮਹੱਤਵ ਨੂੰ ਨਹੀਂ ਸਮਝਦੇ, ਸਨਮਾਨ ਨਹੀਂ ਕਰਦੇ, ਉਦੋਂ ਤਕ ਇਸ ਸੰਵਿਧਾਨਕ ਅਧਿਕਾਰ ਦੀ ਹੋ ਰਹੀ ਵਾਰ-ਵਾਰ ਉਲੰਘਣਾ ਵਿਰੁੱਧ ਆਵਾਜ਼ ਵੀ ਨਹੀਂ ਉਠਾ ਸਕਾਂਗੇ। ਸਮੇਂ ਦੇ ਵਹਾਅ ਅਨੁਸਾਰ ਆਪਣੇ ਵਿਚਾਰਾਂ ਵਿਚ ਵਿਅਕਤੀਗਤ ਨਿੱਜਤਾ ਦੇ ਵਿਚਾਰ ਨੂੰ ਥਾਂ ਦੇਣੀ ਬਣਦੀ ਹੈ।
ਸੋਸ਼ਲ ਮੀਡੀਆ ਦੀ ਵਰਤੋਂ ਸਮੇਂ ਨਿੱਜਤਾ ਨੀਤੀ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ। ਇਸ ਨੂੰ ਨਿੱਕੀਆਂ-ਨਿੱਕੀਆਂ ਗੱਲਾਂ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ। ਜਿਵੇਂ ਅੱਜ ਦੇ ਸਮੇਂ ਵਿਚ ਬੱਚਿਆਂ ਦੀਆਂ ਔਨਲਾਈਨ ਕਲਾਸਾਂ ਹੀ ਲੈ ਲਵੋ। ਬੱਚਿਆਂ ਨੂੰ ਘਰ ਵਿਚ ਹੀ ਏਨੀ ਕੁ ਸਪੇਸ ਦੇਣੀ ਸ਼ੁਰੂ ਕਰੋ ਜਿੱਥੇ ਉਹ ਸ਼ਾਂਤੀ ਨਾਲ ਆਪਣੀਆਂ ਕਲਾਸਾਂ ਲਗਾ ਸਕਣ। ਨਿੱਜਤਾ ਸਬੰਧੀ ਸਮਝ ਬਣਾਉਣ ਲਈ ਕੋਈ ਵੱਖਰਾ ਅਭਿਆਸ ਨਹੀਂ ਕਰਵਾਇਆ ਜਾ ਸਕਦਾ। ਦੂਸਰਿਆਂ ਦੇ ਨਿੱਜੀ ਮਸਲੇ ਵਿਚ ਦਖਲ ਦੇਣਾ, ਇਹ ਸਭ ਅਚੇਤ ਰੂਪ ਵਿਚ ਸਿੱਖਦੇ ਹਾਂ। ਜਿਵੇਂ ਅਸੀਂ ਅਕਸਰ ਬੱਚਿਆਂ ਨੂੰ ਬੁਲਾਉਣ ਜਾਂ ਗੱਲਾਂ ਕਰਨ ਲਈ ਸੁਭਾਵਿਕ ਪੁੱਛਦੇ ਹਾਂ ਕਿ ਤੁਹਾਡੇ ਘਰ ਕੌਣ ਆਇਆ ਸੀ?, ਪਾਪਾ ਖਾਣ ਲਈ ਕੀ ਲੈ ਕੇ ਆਏ? ਤੁਹਾਡੇ ਘਰ ਫਲਾਣੀ ਚੀਜ਼ ਹੈ? ਆਦਿ। ਬੱਚੇ ਆਪਣੇ ਵੱਡਿਆਂ ਦੇ ਕਾਰਜ ਵਿਹਾਰ ਦੀ ਨਕਲ ਰਾਹੀਂ ਸੁੱਤੇ-ਸਿੱਧ ਸਮਾਜਿਕ ਵਿਹਾਰ ਸਿੱਖਦੇ ਹਨ। ਸਾਨੂੰ ਆਪਣੇ ਵਿਵਹਾਰ ਵਿਚ ਬਦਲਾਅ ਲਿਆਉਣਾ ਸ਼ੁਰੂ ਕਰਨਾ ਹੋਵੇਗਾ। ਦੂਸਰੇ ’ਤੇ ਯਕੀਨ ਕਰਕੇ ਜੇਕਰ ਕੁਝ ਨਿੱਜੀ ਗੱਲਾਂ ਸਾਂਝੀਆਂ ਕਰ ਵੀ ਲਈਆਂ ਜਾਣ ਤਾਂ ਹੱਥ ਫੜਾਉਣ ਤੇ ਗੁੱਟ ਨਹੀਂ ਫੜ ਲੈਣਾ ਚਾਹੀਦਾ ਹੈ। ਸਗੋਂ ਸਾਡਾ ਫ਼ਰਜ਼ ਬਣਦਾ ਹੈ ਕਿ ਧੀਰਜ ਰੱਖਦੇ ਹੋਏ ਉਸ ਯਕੀਨ ਨੂੰ ਬਰਕਰਾਰ ਰੱਖਣਾ ਸਿੱਖੀਏ।
ਈਮੇਲ: Rajvirkaur15290@gmail.com