ਸਾਂਵਲ ਧਾਮੀ
ਬੱਦੋ ਮੱਲ੍ਹੀ ਪਹਿਲਾਂ ਸਿਆਲਕੋਟ ਅਤੇ ਹੁਣ ਨਾਰੋਵਾਲ ਜ਼ਿਲ੍ਹੇ ਦਾ ਪਿੰਡ ਹੈ। ਇਹ ਲਾਹੌਰ-ਨਾਰੋਵਾਲ ਸੜਕ ਉੱਤੇ ਲਾਹੌਰ ਤੋਂ ਉੱਤਰ-ਪੂਰਬ ਦਿਸ਼ਾ ’ਚ ਸਥਿਤ ਹੈ। ਲਾਹੌਰ ਇੱਥੋਂ ਬਵੰਜਾ ਅਤੇ ਨਾਰੋਵਾਲ ਛੱਬੀ ਕਿਲੋਮੀਟਰ ਦੂਰ ਹੈ। ਨੇੜਲੇ ਪਿੰਡ ਨੇ ਤਲਵੰਡੀ ਭਿੰਡਰਾਂ, ਕਿਲ੍ਹਾ ਕਾਲਰ ਵਾਲਾ, ਬਾਠਾਂਵਾਲਾ, ਘਰਿਆਲ ਕਲਾਂ, ਮਹਿਤਾ ਸੁਜਾ ਤੇ ਚਕਰਾਲੀ। ਇਹ ਰਾਵੀ ਪਾਰਲਾ ਇਲਾਕਾ ਹੈ ਜੋ ਅੰਮ੍ਰਿਤਸਰ ਦੀ ਅਜਨਾਲਾ ਤਹਿਸੀਲ ਦੇ ਲਹਿੰਦੇ ਪਾਸੇ ਲੱਗਦਾ ਹੈ।
ਸ਼ਾਹਜਹਾਂ ਦੇ ਰਾਜ ਵਿੱਚ ਮੱਲ੍ਹੀ ਰਾਏ ਜਾਨੀ ਨੂੰ ਇਹ ਇਲਾਕਾ ਜਗੀਰ ’ਚ ਮਿਲਿਆ ਸੀ। ਮੁਸਲਮਾਨ ਹੋਣ ਤੋਂ ਬਾਅਦ ਉਸ ਦਾ ਨਾਂ ਮੁਹੰਮਦ ਜਾਨੀ ਹੋ ਗਿਆ ਸੀ। ਉਹ ਮੱਲ੍ਹੀ ਜੱਟ ਸੀ ਅਤੇ ਉਸ ਦੀ ਔਲਾਦ ’ਚੋਂ ਬੱਦੋ ਮੱਲ੍ਹੀ ਨੇ ਇਸ ਜਗੀਰ ਦੇ ਵਿਚਕਾਰ ਪਿੰਡ ਦੀ ਮੋੜ੍ਹੀ ਗੱਡੀ ਸੀ। ਸੰਤਾਲੀ ਤੱਕ ਬੱਦੋ ਮੱਲ੍ਹੀ ਚਾਲੀ ਹਜ਼ਾਰ ਆਬਾਦੀ ਵਾਲਾ ਕਸਬਾ ਬਣ ਚੁੱਕਿਆ ਸੀ। ਸ਼ਹਿਰ ਦੇ ਅੰਦਰ ਹਿੰਦੂ-ਸਿੱਖਾਂ ਅਤੇ ਬਾਹਰਲੇ ਪਾਸੇ ਮੁਸਲਮਾਨਾਂ ਦੀ ਆਬਾਦੀ ਸੀ। ਮੁਸਲਮਾਨ ਜ਼ਿਆਦਾਤਰ ਖੇਤੀਬਾੜੀ ਦਾ ਕੰਮ ਕਰਦੇ ਸਨ।
ਇੱਥੇ ਰੇਲਵੇ ਸਟੇਸ਼ਨ ਸੀ। ਬਿਜਲੀ ਦਾ ਪ੍ਰਬੰਧ ਸੀ। ਚੌਲ ਅਤੇ ਲੱਕੜ ਦੀ ਮੰਡੀ ਸੀ। ਪਰਚੂਨ, ਕੱਪੜੇ ਤੇ ਸਰਾਫ਼ੇ ਦੀਆਂ ਵੱਡੀਆਂ-ਵੱਡੀਆਂ ਦੁਕਾਨਾਂ ਸਨ। ਇਸ ਕਸਬੇ ਦੀ ਖ਼ੁਸ਼ਹਾਲੀ ਦਾ ਕਾਰਨ ਇਹ ਸੀ ਕਿ ਇਹ ਲਾਹੌਰ, ਸਿਆਲਕੋਟ, ਗੁਜਰਾਂਵਾਲਾ ਅਤੇ ਅੰਮ੍ਰਿਤਸਰ ਵਰਗੇ ਵੱਡੇ ਸ਼ਹਿਰਾਂ ਦੇ ਵਿਚਕਾਰ ਜਿਹੇ ਪੈਂਦਾ ਸੀ। ਨੇੜਲੇ ਪਿੰਡਾਂ ਦੇ ਵਾਸੀ ਖ਼ਰੀਦੋ ਫਰੋਖ਼ਤ ਕਰਨ ਵਾਸਤੇ ਇਸ ਕਸਬੇ ਦੇ ਬਾਜ਼ਾਰਾਂ ’ਚ ਰੌਣਕ ਲਾਈ ਰੱਖਦੇ ਸਨ।
ਬਹੁਤੇ ਵਪਾਰੀ ਖੱਤਰੀ ਅਤੇ ਅਰੋੜੇ ਸਨ। ਇਨ੍ਹਾਂ ’ਚੋਂ ਇੱਕ ਕੁਕਰੇਜਾ ਪਰਿਵਾਰ ਅੱਜਕੱਲ੍ਹ ਪੂਰਬੀ ਦਿੱਲੀ ਦੇ ਅਨੰਦ ਵਿਹਾਰ ’ਚ ਵੱਸ ਰਿਹੈ। ਸੰਤਾਲੀ ਦੇ ਆਰ-ਪਾਰ ਦੀਆਂ ਗੱਲਾਂ ਕਰਨ ਮੈਂ ਜੋਗਿੰਦਰ ਕੁਮਾਰ ਨੂੰ ਮਿਲਣ ਗਿਆ।
“ਬੱਦੋ ਮੱਲ੍ਹੀ ਸਮਾਲ ਪਰ ਸਮਾਰਟ ਸਿਟੀ ਸੀ।” ਉਨ੍ਹਾਂ ਮਾਣ ਜਿਹੇ ’ਚ ਗੱਲ ਸ਼ੁਰੂ ਕੀਤੀ।
“ਸਾਡੇ ਬਜ਼ੁਰਗ ਸਨ: ਸ਼ੇਰ ਸਿੰਘ ਅਤੇ ਅਮਰ ਸਿੰਘ। ਅੱਗੇ ਬੱਚਿਆਂ ਦੇ ਨਾਂ ਸਨ; ਜੋਗਿੰਦਰ ਸਿੰਘ, ਬਲਵੰਤ ਸਿੰਘ, ਸੁਚੇਤ ਸਿੰਘ, ਹਰਬੰਸ ਸਿੰਘ ਤੇ ਬਲਦੇਵ ਸਿੰਘ। ਮੈਂ ਸਾਰਿਆਂ ਨਾਲੋਂ ਛੋਟਾ ਸਾਂ।
ਸਾਡਾ ਕਾਰਖਾਨਾ ਸੀ। ਉਸ ਵਿੱਚ ਝੋਨਾ ਸੁੱਕਦਾ ਸੀ। ਵੱਡੇ ਭਰਾਵਾਂ ਕੋਲ ਆਪੋ-ਆਪਣੀਆਂ ਦੁਕਾਨਾਂ ਸਨ ਤੇ ਮਿੱਟੀ ਦੇ ਤੇਲ ਦਾ ਡੀਪੂ ਸੀ। ਸਾਡੀਆਂ ਬਹੁਤੀਆਂ ਰਿਸ਼ਤੇਦਾਰੀਆਂ ਆਪਣੇ ਸ਼ਹਿਰ ’ਚ ਹੀ ਸਨ। ਵੱਡੀ ਭੈਣ ਬੀਰੋਵਾਲ ਪਿੰਡ ’ਚ ਵਿਆਹੀ ਹੋਈ ਸੀ। ਇਹ ਪਿੰਡ ਬੱਦੋ ਮੱਲ੍ਹੀ ਤੋਂ ਚਾਰ ਕੋਹ ਦੂਰ ਸੀ ਅਤੇ ਸ਼ੇਖੂਪੁਰੇ ਜ਼ਿਲ੍ਹੇ ’ਚ ਪੈਂਦਾ ਸੀ।
ਬੱਦੋ ਮੱਲ੍ਹੀ ’ਚ ਸਾਡਾ ਪੁਸ਼ਤੈਨੀ ਘਰ ਬਹੁਤ ਵੱਡਾ ਸੀ। ਉਸ ਘਰ ਦੇ ਬਿਲਕੁਲ ਨਾਲ ਅਸੀਂ ਇੱਕ ਹੋਰ ਨਵਾਂ ਘਰ ਵੀ ਬਣਵਾਇਆ ਸੀ।
ਮੇਨ ਬਾਜ਼ਾਰ ਦੇ ਦੱਖਣ ਵੱਲ ਸਬਜ਼ੀ-ਮੰਡੀ ਸੀ। ਮੰਡੀ ਦੇ ਨਾਲ ਸਨਾਤਨ ਧਰਮ ਦਾ ਮੰਦਰ ਸੀ। ਮੰਦਰ ਤੋਂ ਥੋੜ੍ਹੀ ਦੂਰ ਬਾਜ਼ਾਰ ’ਚੋਂ ਨਿਕਲੀਏ ਤਾਂ ਗੁਰਦੁਆਰਾ ਆ ਜਾਂਦਾ ਸੀ। ਸੜਕ ਦੇ ਦੋਵੇਂ ਪਾਸੇ ਦੁਕਾਨਾਂ ਸਨ ਅਤੇ ਅਖ਼ੀਰ ’ਚ ਸਟੇਸ਼ਨ ਆ ਜਾਂਦਾ ਸੀ।
ਮੇਰੇ ਸਕੂਲ ਦਾ ਨਾਂ ‘ਜੀਵਨ ਦਾਸ ਸਰਾਫ਼ ਸਕੂਲ’ ਸੀ। ਇਹ ਹਾਈ ਸਕੂਲ ਸੀ ਤੇ ਥੋੜ੍ਹੀ ਦੇਰ ਪਹਿਲਾਂ ਹੀ ਖੁੱਲ੍ਹਿਆ ਸੀ। ਪਹਿਲੀ ਜਮਾਤ ’ਚ ਸਾਨੂੰ ਉਸਤਾਦ ਰੋਸ਼ਨ ਲਾਲ ਹੋਰਾਂ ਪੜ੍ਹਾਇਆ। ਦੂਜੀ ਜਮਾਤ ’ਚ ਮਾਸਟਰ ਮੋਹਨ ਲਾਲ ਆ ਗਏ। ਉਹ ਅੱਖ ਨਾਲ ਹੀ ਵਿਦਿਆਰਥੀ ਨੂੰ ਤਾੜ ਦਿੰਦੇ ਸਨ। ਉੱਥੇ ਹਿੰਦੂ, ਸਿੱਖ, ਮੁਸਲਮਾਨ ਸਭ ਇਕੱਠੇ ਪੜ੍ਹਦੇ ਸਨ। ਮੁਸਲਮਾਨਾਂ ’ਚੋਂ ਬਸ ਇਕ ਮਖ਼ਸੂਸ ਮੁਹੰਮਦ ਨਾਂ ਯਾਦ ਹੈ ਮੈਨੂੰ।
ਜਦੋਂ ਪਾਕਿਸਤਾਨ ਬਣਿਆ, ਮੈਂ ਪੰਜਵੀਂ ਜਮਾਤ ’ਚ ਪੜ੍ਹਦਾ ਸਾਂ। ਅਚਾਨਕ ਰੌਲੇ ਪੈਣ ਲੱਗ ਜਾਂਦੇ ਕਿ ਲੋਕ ਆ ਗਏ, ਆ ਗਏ, ਆ ਗਏ। ਮਾਵਾਂ ਬੱਚਿਆਂ ਨੂੰ ਗਲੀਆਂ ’ਚੋਂ ਧਰੂਹ ਕੇ ਘਰਾਂ ਅੰਦਰ ਲੈ ਵੜਦੀਆਂ। ਹਿੰਦੂ-ਸਿੱਖਾਂ ਦੇ ਨੌਜਵਾਨ ਮੁੰਡਿਆਂ ਨੇ ਆਪਣੇ ਮੁਹੱਲੇ ਨੂੰ ਆਉਂਦੀਆਂ ਸੜਕਾਂ ’ਤੇ ਮੋਰਚੇ ਬਣਾ ਲਏ। ਅਗਸਤ ਦੀ ਉਨੱਤੀ ਤਰੀਕ ਨੂੰ ਧਾੜਵੀਆਂ ਨੇ ਸਾਡੇ ਮੁਹੱਲੇ ਦੇ ਬਾਹਰਲੇ ਪਾਸੇ ਗੋਲੀਆਂ ਚਲਾ ਦਿੱਤੀਆਂ। ਸ਼ਾਮ ਨੂੰ ਸਾਨੂੰ ਪਤਾ ਲੱਗਿਆ ਕਿ ਸਾਡੇ ਦੋ-ਤਿੰਨ ਮੁੰਡੇ ਮਾਰੇ ਗਏ ਨੇ। ਇਸ ਹਾਦਸੇ ਤੋਂ ਬਾਅਦ ਸਭ ਮੋਰਚੇ ਟੁੱਟ ਗਏ। ਲੋਕ ਘਰਾਂ ਅੰਦਰ ਆ ਬੜੇ। ਸ਼ਾਮ ਨੂੰ ਅਸੀਂ ਦੇਖਿਆ ਕਿ ਤਿੰਨ-ਚਾਰ ਥਾਵਾਂ ’ਤੇ ਅੱਗ ਲੱਗੀ ਹੋਈ ਸੀ।
ਹੌਲੀ-ਹੌਲੀ ਨੇੜਲੇ ਪਿੰਡਾਂ ’ਚ ਵੱਸਦੇ ਹਿੰਦੂ-ਸਿੱਖ ਬੱਦੋ ਮੱਲ੍ਹੀ ਆਉਣ ਲੱਗ ਪਏ। ਬੀਰੋਵਾਲ ਤੋਂ ਜੀਜੇ ਸੱਤਪਾਲ ਮਦਾਨ ਹੋਰਾਂ ਦਾ ਸਾਰਾ ਟੱਬਰ ਵੀ ਸਾਡੇ ਕੋਲ ਆ ਗਿਆ। ਹਮਲੇ ਤੋਂ ਅਗਲੀ ਸਵੇਰ ਸਾਡੇ ਜੀਜੇ ਨੇ ਬੱਦੋ ਮੱਲ੍ਹੀ ਛੱਡਣ ਦਾ ਫ਼ੈਸਲਾ ਕਰ ਲਿਆ। ਉਹ ਚਾਰ ਬੱਚੇ ਲੈ ਕੇ ਬੱਦੋ ਮੱਲ੍ਹੀ ’ਚੋਂ ਨਿਕਲ ਤੁਰੇ। ਉਨ੍ਹਾਂ ਬੱਚਿਆਂ ’ਚੋਂ ਮੈਂ ਸਾਰਿਆਂ ਨਾਲੋਂ ਵੱਡਾ ਸੀ। ਇੱਕ ਮੇਰੀ ਭੈਣ ਸੀ। ਇੱਕ ਭਰਾ ਦਾ ਸਾਲਾ ਸੀ ਜੋ ਲਾਇਲਪੁਰ ਤੋਂ ਆਇਆ ਸੀ ਤੇ ਇੱਕ ਸਾਡਾ ਭਾਣਜਾ ਸੀ।
ਜਦੋਂ ਅਸੀਂ ਘਰੋਂ ਨਿਕਲੇ ਤਾ ਲੁੱਟ-ਮਾਰ ਚੱਲਦੀ ਪਈ ਸੀ। ਅਸੀਂ ਬਚਦੇ-ਬਚਾਂਦੇ ਬੜੀ ਮੁਸ਼ਕਲ ਨਾਲ ਸਟੇਸ਼ਨ ’ਤੇ ਪਹੁੰਚੇ ਤੇ ਰੇਲਵੇ ਲਾਈਨ ’ਤੇ ਨਾਰੋਵਾਲ ਵੱਲ ਨੂੰ ਤੁਰਨਾ ਸ਼ੁਰੂ ਕਰ ਦਿੱਤਾ। ਪਹਿਲਾਂ ਅਸੀਂ ਰਈਏ ਸਟੇਸ਼ਨ ’ਤੇ ਪਹੁੰਚੇ। ਉੱਥੇ ਖੜ੍ਹੇ ਹਿੰਦੂ-ਸਿੱਖ ਮਿਲਟਰੀ ਨੂੰ ਬੱਦੋ ਮੱਲ੍ਹੀ ਦੇ ਹਾਲਾਤ ਦੱਸੇ। ਉਹ ਸਾਡੀ ਗੱਲ ਮੰਨਣ ਨਾ। ਕਹਿਣ-ਅਸੀਂ ਤਾਂ ਕੋਈ ਖ਼ਬਰ ਨਹੀਂ ਸੁਣੀ। ਆਖ਼ਰ ਅਫ਼ਸਰ ਨੇ ਗੱਡੀ ਦੇ ਕੇ ਪੰਜ-ਸੱਤ ਸਿਪਾਹੀ ਬੱਦੋ ਮੱਲ੍ਹੀ ਨੂੰ ਭੇਜੇ। ਜਦੋਂ ਉਹ ਉੱਥੇ ਪਹੁੰਚੇ ਤਾਂ ਧਾੜਵੀਆਂ ਨੇ ਕੋਈ ਢਾਈ ਤਿੰਨ ਹਜ਼ਾਰ ਹਿੰਦੂ-ਸਿੱਖ ਇਕੱਠਾ ਕੀਤਾ ਹੋਇਆ ਸੀ ਤੇ ਉਨ੍ਹਾਂ ਦੇ ਜਬਰੀ ਧਰਮ ਪਰਿਵਰਤਨ ਦੀਆਂ ਤਿਆਰੀਆਂ ਚੱਲ ਰਹੀਆਂ ਸਨ।
ਰਈਏ ਤੋਂ ਨਾਰੋਵਾਲ ਜਾਂਦਿਆਂ ਸਾਨੂੰ ਕੁਝ ਬੰਦੇ ਮਿਲੇ। ਉਨ੍ਹਾਂ ਸਾਥੋਂ ਸਾਡਾ ਧਰਮ ਪੁੱਛਿਆ। ਅਸੀਂ ਹਿੰਦੂ-ਸਿੱਖ ਹੋਣ ਤੋਂ ਇਨਕਾਰ ਕਰ ਦਿੱਤਾ। ਸ਼ਾਮ ਤੱਕ ਅਸੀਂ ਨਾਰੋਵਾਲ ਪਹੁੰਚ ਗਏ। ਉੱਥੇ ਅਸੀਂ ਮਿਲਟਰੀ ਵੇਖੀ। ਉਨ੍ਹਾਂ ਦੀ ਵਰਦੀ ’ਤੇ ਇੰਡੀਆ ਲਿਖਿਆ ਹੋਇਆ ਸੀ। ਜੀਜਾ ਜੀ ਨੱਸ ਕੇ ਉਨ੍ਹਾਂ ਕੋਲ ਗਏ। ਅਫ਼ਸਰ ਦਾ ਮਿੰਨਤ-ਤਰਲਾ ਕੀਤਾ ਕਿ ਉਹਦੇ ਨਾਲ ਬੱਚੇ ਨੇ। ਅਗਰ ਰਾਤ ਕੱਟਣ ਲਈ ਕੋਈ ਮਹਿਫ਼ੂਜ਼ ਟਿਕਾਣਾ ਨਾ ਮਿਲਿਆ ਤਾਂ ਜਾਨ ਬਚਾਉਣੀ ਮੁਸ਼ਕਿਲ ਹੋ ਜਾਏਗੀ। ਉਹ ਅਫ਼ਸਰ ਸਾਨੂੰ ਆਪਣੇ ਘਰ ਲੈ ਗਿਆ। ਅਗਲੀ ਸਵੇਰ ਉਹਨੇ ਸਾਨੂੰ ਦੱਸਿਆ ਕਿ ਹਿੰਦੋਸਤਾਨ ਨੂੰ ਜਾਣ ਵਾਲੀ ਗੱਡੀ ਜਾ ਚੁੱਕੀ ਏ। ਤੁਸੀਂ ਕੈਂਪ ’ਚ ਰਹਿ ਕੇ ਅਗਲੀ ਗੱਡੀ ਦੀ ਉਡੀਕ ਕਰੋ।
ਅਸੀਂ ਤਿੰਨ ਦਿਨਾਂ ਬਾਅਦ ਗੱਡੀ ਚੜ੍ਹ ਕੇ ਇੱਧਰ ਆ ਗਏ। ਮੇਰੇ ਵੱਡੇ ਭਰਾ ਸੰਤਾਲੀ ਦੀਆਂ ਗਰਮੀਆਂ ’ਚ ਧਰਮਸ਼ਾਲਾ ਘੁੰਮਣ ਆਏ ਹੋਏ ਸਨ। ਰੌਲੇ ਰੱਪੇ ਕਾਰਨ ਉਹ ਉੱਥੇ ਹੀ ਟਿਕੇ ਰਹੇ। ਉਹ ਸਾਨੂੰ ਧਰਮਸ਼ਾਲਾ ਲੈ ਗਏ। ਉੱਥੇ ਕਿਰਾਏ ’ਤੇ ਮਕਾਨ ਲੈ ਲਿਆ। ਕੁਝ ਦੇਰ ਬਾਅਦ ਅਸੀਂ ਅੰਮ੍ਰਿਤਸਰ ਆ ਗਏ। ਕੁਝ ਮਹੀਨੇ ਇੱਥੇ ਰਹੇ। ਭਰਾ ਨੇ ਦਿੱਲੀ ’ਚ ਕੰਮ ਸ਼ਰੂ ਕਰ ਲਿਆ। ਉਹ ਸਾਨੂੰ ਅੰਮ੍ਰਿਤਸਰੋਂ ਦਿੱਲੀ ਲੈ ਆਏ।
ਅਗਲੇ ਸਾਲ ਮੈਂ ਪੰਜਵੀਂ ’ਚ ਦਾਖਲਾ ਲਿਆ। ਬਾਰ੍ਹਵੀਂ ਕੀਤੀ। ਟਾਈਪ ਸਿੱਖੀ। ਮੈਨੂੰ ਰੇਲਵੇ ਦੇ ਮਹਿਕਮੇ ’ਚ ਨੌਕਰੀ ਮਿਲ ਗਈ। ਹੌਲੀ-ਹੌਲੀ ਦਿੱਲੀ ਦੇ ਹੋ ਕੇ ਰਹਿ ਗਏ। ਇੱਥੇ ਹੀ ਘਰ ਬਣਾ ਲਿਆ। ਵਾਹਿਗੁਰੂ ਦੀ ਕਿਰਪਾ ਨਾਲ ਬੜੀ ਸੋਹਣੀ ਜ਼ਿੰਦਗੀ ਜਿਉਂਦੇ ਪਏ ਆਂ!” ਉਨ੍ਹਾਂ ਠੰਢਾ ਲੰਮਾ ਹਉਕਾ ਭਰਦਿਆਂ ਗੱਲ ਮੁਕਾਈ।
“ਕੋਈ ਗੱਲ ਜੋ ਰਹਿ ਗਈ ਹੋਵੇ?” ਮੈਂ ਪੁੱਛਿਆ।
“ਗੱਲਾਂ ਤਾਂ ਬਹੁਤ ਨੇ! ਪਰ ਦੋ ਹਾਦਸੇ ਮੈਨੂੰ ਕਦੇ ਨਹੀਂ ਭੁੱਲਦੇ। ਜਦੋਂ ਵੱਡਾ ਹਮਲਾ ਹੋਇਆ ਤਾਂ ਚੁਫੇਰੇ ਹਫੜਾ-ਦਫੜੀ ਮਚ ਗਈ ਸੀ। ਅਸੀਂ ਨਵੇਂ ਘਰ ਦੀ ਕੰਧ ਟੱਪ ਕੇ ਪੁਸ਼ਤੈਨੀ ਘਰ ’ਚ ਜਾ ਰਹੇ ਸਾਂ। ਵੱਡਾ ਭਾਈ ਸੁਚੇਤ ਸਿੰਘ ਬੱਚਿਆਂ ਨੂੰ ਚੁੱਕ ਕੇ ਕੰਧ ਟਪਾ ਰਿਹਾ ਸੀ। ਜਦੋਂ ਉਹ ਖ਼ੁਦ ਕੰਧ ਟੱਪਣ ਲੱਗਾ ਤਾਂ ਉਹਦੇ ਗੋਲੀ ਵੱਜ ਗਈ। ਉਹ ਸਾਰੀ ਰਾਤ ਤੜਫ਼ਦਾ ਰਿਹਾ ਤੇ ਸਵੇਰ ਸਾਰ ਦਮ ਤੋੜ ਗਿਆ। ਉਹ ਵਿਆਹਿਆ ਹੋਇਆ ਸੀ ਅਤੇ ਉਹਦੀ ਇੱਕ ਬੇਟੀ ਸੀ। ਉਹਦਾ ਜਾਣਾ ਮੈਂ ਕਦੇ ਨਹੀਂ ਭੁੱਲ ਸਕਿਆ।” ਉਨ੍ਹਾਂ ਦੇ ਬੋਲ ਭਾਰੇ ਹੋ ਗਏ ਸਨ।
“ਤੇ ਦੂਜਾ ਹਾਦਸਾ?” ਮੈਂ ਸਵਾਲ ਕੀਤਾ।
“ਦੂਜਾ ਹਾਦਸਾ ਆਹ ਹੋਇਆ ਕਿ…” ਉਨ੍ਹਾਂ ਦਾ ਚਿਹਰਾ ਚਾਣਚੱਕ ਕੰਬਣ ਲੱਗਾ।
“… ਜਦੋਂ ਅਸੀਂ ਜੀਜਾ ਜੀ ਨਾਲ ਮੁਹੱਲੇ ’ਚੋਂ ਨਿਕਲੇ ਤਾਂ ਗੋਲੀਆਂ ਚੱਲ ਰਹੀਆਂ ਸਨ। ਬਾਜ਼ਾਰ ’ਚ ਅਣਗਿਣਤ ਲਾਸ਼ਾਂ ਪਈਆਂ ਸਨ। ਸਿਪਾਹੀ ਹਿੰਦੂ-ਸਿੱਖਾਂ ਕੋਲੋਂ ਰੁਪਏ ਅਤੇ ਗਹਿਣੇ ਖੋਹ ਕੇ ਬੋਰੀਆਂ ’ਚ ਪਾ ਰਹੇ ਸਨ। ਅਸੀਂ ਅਗਾਂਹ ਲੰਘ ਗਏ। ਅਸੀਂ ਦੇਖਿਆ ਕਿ ਤਿਕੋਣੇ ਚੌਕ ਕੋਲ ਕੋਈ ਬੰਦਾ ਤੜਫ਼ਦਾ ਪਿਆ ਸੀ। ਉਹ ‘ਪਾਣੀ-ਪਾਣੀ’ ਪੁਕਾਰ ਰਿਹਾ ਸੀ। ਜੀਜੇ ਹੋਰੀਂ ਇੱਕ ਪਲ਼ ਲਈ ਰੁਕੇ। ਕੁਝ ਸੋਚਿਆ, ਆਪਣੇ ਪੁੱਤਰ ਵੱਲ ਵੇਖਿਆ ਤੇ ਨਿਰਾਸ਼ਾ ’ਚ ਸਿਰ ਮਾਰਦੇ ਫਿਰ ਤੋਂ ਤੁਰ ਪਏ। ਉਹ ਸਾਡੇ ਨਾਲ ਤੁਰਦੇ-ਤੁਰਦੇ ਚਾਣਚੱਕ ਰੋਣ ਲੱਗ ਜਾਂਦੇ ਸਨ। ਉਹ ਸਾਰੀ ਉਮਰ ਆਪਣੇ ਆਪ ਨੂੰ ਮੁਆਫ਼ ਨਾ ਕਰ ਸਕੇ। ਪਤਾ ਕਿਉਂ?” ਉਨ੍ਹਾਂ ਮੈਨੂੰ ਸਵਾਲ ਕੀਤਾ।
“ਆਪਣੀ ਬੇਵਸੀ ਕਾਰਨ ਕਿ ਉਹ ਉਸ ਬਜ਼ੁਰਗ ਦੀ ਮਦਦ ਨਹੀਂ ਸੀ ਕਰ ਸਕੇ।” ਮੈਂ ਜਵਾਬ ਦਿੱਤਾ।
“ਦਰਅਸਲ, ਤਿਕੋਣੇ ਚੌਕ ’ਚ ਤੜਫ਼ਦਾ ਬੰਦਾ ਜੀਜਾ ਜੀ ਦਾ ਬਾਪ ਸੀ।”
ਇਹ ਆਖਦਿਆਂ ਕੁਕਰੇਜਾ ਹੋਰਾਂ ਦਾ ਗੱਚ ਭਰ ਆਇਆ।
ਸੰਪਰਕ: 97818-43444