ਅਜੀਤ ਸਿੰਘ ਚੰਦਨ
ਉਤਸ਼ਾਹ, ਹਿੰਮਤ ਤੇ ਦਲੇਰੀ ਤੋਂ ਬਿਨਾਂ ਇਨਸਾਨ ਨਹੀਂ ਬਣ ਸਕਦਾ। ਜਿਸ ਦੇ ਮਨ ਵਿੱਚ ਅਨੇਕਾਂ ਕੰਮਾਂ-ਕਾਜਾਂ ਦੇ ਸੁਪਨੇ ਸੰਜੋਏ ਹੋਏ ਹੁੰਦੇ ਹਨ, ਉਹੀ ਇਨਸਾਨ ਸਵੇਰੇ ਸਾਝਰੇ ਉੱਠ ਕੇ ਆਪਣੇ ਕੰਮ ਵਾਲੀ ਥਾਂ ਵੱਲ ਭੱਜਦਾ ਹੈ ਤੇ ਦਿਲ ਲਗਾ ਕੇ ਕੰਮ ਕਰਦਾ ਹੈ। ਸਾਰੇ ਦਿਨ ਦੀ ਮਿਹਨਤ ਤੋਂ ਪਿੱਛੋਂ ਘਰ ਪਰਤਦਾ ਹੈ ਤੇ ਆ ਕੇ ਆਪਣੀ ਪਤਨੀ ਤੇ ਬੱਚਿਆਂ ਨਾਲ ਪਿਆਰ ਵੰਡਾਉਂਦਾ ਹੈ। ਅਜਿਹਾ ਇਨਸਾਨ ਹੀ ਜ਼ਿੰਦਗੀ ’ਚ ਖੁਸ਼ੀਆਂ ਹਾਸਲ ਕਰ ਸਕਦਾ ਹੈ ਕਿਉਂਕਿ ਜੇ ਕਿਸੇ ਇਨਸਾਨ ਦੀ ਦਿਲ ਦੀ ਤਾਰ ਆਪਣੇ ਪਰਿਵਾਰ ਨਾਲ ਜੁੜੀ ਨਹੀਂ ਹੋਈ ਤਾਂ ਉਹ ਇੱਕ ਕਾਮਯਾਬ ਤੇ ਚੰਗਾ ਇਨਸਾਨ ਕਿਵੇਂ ਬਣੇਗਾ? ਜਿਵੇਂ ਇੱਕ ਰੁੱਖ ਆਪਣੀ ਸਾਰੀ ਊਰਜਾ ਸ਼ਕਤੀ ਧਰਤੀ ਤੋਂ ਲੈਂਦਾ ਹੈ ਤੇ ਇਸ ਧਰਤੀ ਮਾਂ ਦੇ ਸੀਨੇ ’ਚ ਹੀ ਆਪਣੀਆਂ ਡੂੰਘੀਆਂ ਜੜਾਂ ਜਮਾਈ ਰੱਖਦਾ ਹੈ। ਉਹ ਰੁੱਖ ਆਸਮਾਨ ਵੱਲ ਵਧਦਾ ਜਾਂਦਾ ਹੈ ਤੇ ਇੱਕ ਦਿਨ ਵੱਡਾ, ਖੂਬਸੂਰਤ ਤੇ ਛਾਂਦਾਰ ਰੁੱਖ ਬਣ ਕੇ ਅਨੇਕਾਂ ਰਾਹੀਆਂ ਲਈ ਛਾਂ ਦਿੰਦਾ ਹੈ।
ਅੰਦਰਲੀ ਅਗਨੀ ਤੋਂ ਬਿਨਾਂ ਇਨਸਾਨ ਸ਼ਕਤੀਸ਼ਾਲੀ ਕਿਵੇਂ ਬਣ ਸਕਦਾ ਹੈ? ਇਨਸਾਨ ਦੇ ਅੰਦਰ ਬਲਦੀ ਜ਼ਿੰਦਗੀ ਦੀ ਚਿਣਗ ਹੀ ਇਨਸਾਨ ਨੂੰ ਇਨਸਾਨ ਬਣਾਉਂਦੀ ਹੈ। ਵਰਨਾ ਅੰਦਰਲੇ ਜਜ਼ਬੇ, ਉਤਸ਼ਾਹ ਤੇ ਸ਼ੌਕ ਜੇਕਰ ਮੁੱਕ ਜਾਣ ਤਾਂ ਇਨਸਾਨ ਇੱਕ ਮਿੱਟੀ ਦੀ ਢੇਰੀ ਹੈ।
ਅਬਰਾਹਮ ਲਿੰਕਨ ਬਚਪਨ ਵਿੱਚ ਭੇਡਾਂ ਚਾਰਨ ਵਾਲਾ ਮੁੰਡਾ ਹੀ ਸੀ, ਪਰ ਆਪਣੀ ਲਗਨ, ਲਿਆਕਤ ਤੇ ਮਿਹਨਤ ਨਾਲ ਉਹ ਇੱਕ ਦਿਨ ਅਮਰੀਕਾ ਦਾ ਰਾਸ਼ਟਰਪਤੀ ਬਣਿਆ। ਕਹਾਣੀ ਮਸ਼ਹੂਰ ਹੈ ਕਿ ਬਚਪਨ ’ਚ ਲਿੰਕਨ ਨੂੰ ਇੱਕ ਪੁਸਤਕ ਚੰਗੀ ਲੱਗੀ ਤੇ ਉਹ ਉਸ ਪੁਸਤਕ ਨੂੰ ਖ਼ਰੀਦ ਕੇ ਨਹੀਂ ਸੀ ਪੜ੍ਹ ਸਕਦਾ। ਉਸ ਕੋਲ ਇੰਨੇ ਪੈਸੇ ਨਹੀਂ ਸਨ, ਪਰ ਉਹ ਪੁਸਤਕ ਉਸ ਨੇ ਉਧਾਰ ਲੈ ਕੇ ਪੜ੍ਹੀ ਤੇ ਜ਼ਿੰਦਗੀ ਦਾ ਉਤਸ਼ਾਹ ਹਾਸਲ ਕੀਤਾ। ਫਿਰ ਉਸ ਪੁਸਤਕ ਦੀ ਕੀਮਤ ਚੁਕਾਉਣ ਲਈ ਉਸ ਨੂੰ ਇੱਕ ਫਾਰਮ ’ਤੇ 15 ਦਿਨ ਕੰਮ ਕਰਨਾ ਪਿਆ। ਇਸ ਤਰ੍ਹਾਂ ਇੱਕ ਪੁਸਤਕ ਨੇ ਅਬਰਾਹਮ ਲਿੰਕਨ ਦੀ ਜ਼ਿੰਦਗੀ ਵਿੱਚ ਨਰੋਏ ਜਜ਼ਬੇ ਪੈਦਾ ਕੀਤੇ ਤੇ ਉਸ ਨੂੰ ਇੱਕ ਸਫਲ ਇਨਸਾਨ ਬਣਾਇਆ।
ਚੰਗੀਆਂ ਕਿਤਾਬਾਂ ਪੜ੍ਹ ਕੇ ਹੀ ਇਨਸਾਨ ਨੂੰ ਅੰਦਰਲੀ ਰੌਸ਼ਨੀ ਮਿਲਦੀ ਹੈ, ਜੋ ਉਸ ਦੇ ਅੰਦਰਲੇ ਹਨੇਰ ਨੂੰ ਖ਼ਤਮ ਕਰ ਦਿੰਦੀ ਹੈ। ਜਿਹੜਾ ਇਨਸਾਨ ਇਨ੍ਹਾਂ ਚੰਗੀਆਂ ਕਿਤਾਬਾਂ ਨਾਲ ਮਾਲੋ-ਮਾਲ ਹੋਇਆ, ਹਿੰਮਤੀ, ਦਲੇਰ ਤੇ ਇੱਕ ਸਫਲ ਇਨਸਾਨ ਬਣ ਜਾਂਦਾ ਹੈ। ਉਹ ਜ਼ਿੰਦਗੀ ਦੀ ਖੂਬਸੂਰਤੀ ਨੂੰ ਮਾਣਦਾ ਹੈ। ਜ਼ਿੰਦਗੀ ਦੀ ਅੰਦਰਲੀ ਚਿਣਗ ਜੇ ਬੁਝੀ ਹੋਈ ਹੈ ਤਾਂ ਤੁਸੀਂ ਸਫਲ ਇਨਸਾਨ ਕਿਵੇਂ ਬਣ ਸਕਦੇ ਹੋ? ਆਪਣੇ ਅੰਦਰ ਨੂੰ ਰੌਸ਼ਨ ਕਰੋ ਤੇ ਇਹ ਰੌਸ਼ਨੀ ਤੁਹਾਨੂੰ ਆਪਣੀ ਮਿਹਨਤ ਨਾਲ ਹੀ ਕਮਾਉਣੀ ਪਏਗੀ।
ਆਪਣੇ ਅੰਦਰ ਰੌਸ਼ਨੀ ਪ੍ਰਾਪਤ ਕਰਨ ਲਈ ਤੇ ਬੁੱਧ ਬਣਨ ਲਈ ਸਿਧਾਰਥ ਨੂੰ 6 ਸਾਲ ਜੰਗਲਾਂ ਦੇ ਕੰਡੇ ਮਿੱਧਣੇ ਪਏ ਤੇ ਸੱਤਵੇਂ ਸਾਲ ਉਸ ਨੂੰ ਇੱਕ ਵੱਡੇ ਪਿੱਪਲ ਦੇ ਰੁੱਖ ਹੇਠ ਗਿਆਨ ਪ੍ਰਾਪਤ ਹੋ ਗਿਆ ਤੇ ਉਹ ਬੁੱਧ ਬਣ ਗਿਆ। ਇਸ ਰੌਸ਼ਨੀ ਨਾਲ ਜੋ ਬੁੱਧ ਨੇ ਪ੍ਰਾਪਤੀ ਕੀਤੀ, ਉਸ ਨਾਲ ਸਾਰਾ ਜੰਗਲ ਵੀ ਹਰਾ-ਭਰਾ ਹੋ ਗਿਆ।
ਗਿਆਨ ਵੀ ਇੱਕ ਰੌਸ਼ਨੀ ਤੇ ਸ਼ਕਤੀ ਹੈ। ਜੋ ਇਨਸਾਨ ਨੂੰ ਇੱਕ ਸ਼ਕਤੀਸ਼ਾਲੀ ਇਨਸਾਨ ਬਣਾ ਦਿੰਦਾ ਹੈ। ਇੱਕ ਨਿਰਬਲ ਤੇ ਕਮਜ਼ੋਰ ਇਨਸਾਨ ਵਿੱਚ ਸ਼ਕਤੀ ਭਰ ਦਿੰਦਾ ਹੈ। ਜਿਸ ਇਨਸਾਨ ਵਿੱਚ ਅੰਦਰਲੀ ਰੌਸ਼ਨੀ ਨਹੀਂ ਹੈ ਉਹ ਇੱਕ ਬੁਝੇ ਹੋਏ ਚਿਰਾਗ ਦੇ ਸਮਾਨ ਹੈ। ਅੰਦਰਲੀ ਪ੍ਰੇਰਨਾ ਸ਼ਕਤੀ ਨਾਲ ਹੀ ਇੱਕ ਗ਼ਰੀਬ ਪਰਿਵਾਰ ਦਾ ਬੱਚਾ ਇੱਕ ਦਿਨ ਡਾ. ਏ. ਪੀ. ਜੇ. ਅਬਦੁੱਲ ਕਲਾਮ ਬਣ ਗਿਆ, ਜਿਸ ਨੇ ਰਾਸ਼ਟਰਪਤੀ ਦੀ ਕੁਰਸੀ ’ਤੇ ਬੈਠ ਕੇ ਜਸ ਖੱਟਿਆ ਤੇ ਆਪਣਾ ਨਾਂ ਰੌਸ਼ਨ ਕੀਤਾ।
ਜ਼ਰੂਰੀ ਨਹੀਂ ਕਿ ਹਰ ਇਨਸਾਨ ਅਮੀਰ ਪਰਿਵਾਰ ਵਿੱਚ ਹੀ ਪੈਦਾ ਹੋਇਆ ਹੋਵੇ, ਸਗੋਂ ਕਈ ਵਾਰ ਕਈ ਬੱਚੇ ਗ਼ਰੀਬ ਪਰਿਵਾਰ ਵਿੱਚ ਪੈਦਾ ਹੋ ਕੇ ਵੀ ਜਸ ਖੱਟਦੇ ਹਨ। ਇੱਕ ਦਿਨ ਦੁਨੀਆ ਵਿੱਚ ਆਪਣਾ ਨਾਂ ਰੌਸ਼ਨ ਕਰਦੇ ਹਨ। ਕਈ ਬੱਚੇ ਲਾਇਕ ਬਣ ਕੇ ਆਪਣੇ ਘਰ ਦੇ ਹਨੇਰ ਨੂੰ ਦੂਰ ਕਰ ਦਿੰਦੇ ਹਨ ਤੇ ਪਰਿਵਾਰ ਦਾ ਚਿਰਾਗ ਬਣ ਕੇ ਹਰ ਪਾਸੇ ਰੌਸ਼ਨੀ ਵੰਡਦੇ ਹਨ। ਪਰ ਕਈ ਅਜਿਹੇ ਵੀ ਹੁੰਦੇ ਹਨ ਜੋ ਇੱਕ ਘਰ ਦੇ ਬਲਦੇ ਦੀਵੇ ਨੂੰ ਬੁਝਾ ਕੇ ਘਰ ਵਿੱਚ ਹਨੇਰ ਕਰ ਦਿੰਦੇ ਹਨ। ਮਾਂ-ਬਾਪ ਦੀਆਂ ਕਮਾਈਆਂ ਖੁਸ਼ੀਆਂ ਤੇ ਮਿਹਨਤਾਂ ਨੂੰ ਵੀ ਲਾਂਬੂ ਲਾ ਦਿੰਦੇ ਹਨ। ਅਜਿਹਾ ਕਰਕੇ ਉਹ ਆਪਣੀ ਜ਼ਿੰਦਗੀ ਬਰਬਾਦ ਕਰ ਦਿੰਦੇ ਹਨ। ਆਪਣੇ ਮਾਂ-ਬਾਪ ਨੂੰ ਪਰੇਸ਼ਾਨੀਆਂ ਵਿੱਚ ਪਾਈ ਰੱਖਦੇ ਹਨ।
ਲਾਇਕ ਤੇ ਸਫਲ ਇਨਸਾਨ ਚਿਰਾਗ ਬਣ ਕੇ ਹਰ ਪਾਸੇ ਰੌਸ਼ਨੀ ਵੰਡਦੇ ਹਨ। ਇੱਕ ਚਿਰਾਗ ਹੀ ਇਨਸਾਨ ਨੂੰ ਸਾਰੀ ਉਮਰ ਸ਼ਕਤੀ ਨਾਲ ਭਰੀ ਰੱਖਦਾ ਹੈ। ਬਲਦਾ ਚਿਰਾਗ ਇਨਸਾਨ ਨੂੰ ਵੱਡੇ ਕੰਮ ਕਰਨ ਦੀ ਪ੍ਰੇਰਨਾ ਦਿੰਦਾ ਹੈ। ਜਿੰਨਾ ਚਿਰ ਇਨਸਾਨ ਆਪਣੇ ਆਪ ਦਾ ਨਿਰੀਖਣ ਨਹੀਂ ਕਰਦਾ, ਉਹ ਆਪਣੀਆਂ ਅੰਦਰਲੀਆਂ ਸ਼ਕਤੀਆਂ ਨੂੰ ਕਿਵੇਂ ਜਾਣ ਸਕਦਾ ਹੈ। ਇਕੱਲਤਾ ਵਿੱਚ ਬੈਠ ਕੇ ਅੰਤਰ-ਧਿਆਨ ਹੋ ਕੇ, ਇਨਸਾਨ ਇਹ ਜਾਣ ਸਕਦਾ ਹੈ ਕਿ ਉਸ ਵਿੱਚ ਕਮੀਆਂ ਕਿੱਥੇ ਹਨ? ਕਿਵੇਂ ਉਹ ਕਮੀਆਂ ਤੇ ਘਾਟਾਂ ਨੂੰ ਪੂਰਾ ਕਰ ਸਕਦਾ ਹੈ?
ਜਿਵੇਂ ਕੁਦਰਤ ਵਿੱਚ ਤਬਦੀਲੀਆਂ ਵਾਪਰਦੀਆਂ ਹਨ ਇਵੇਂ ਹੀ ਇਨਸਾਨ ਵੀ ਬਦਲ ਸਕਦਾ ਹੈ। ਇੱਕ ਭੈੜਾ ਇਨਸਾਨ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਕੇ ਇੱਕ ਚੰਗਾ ਤੇ ਸ਼ਕਤੀਸ਼ਾਲੀ ਇਨਸਾਨ ਵੀ ਬਣ ਸਕਦਾ ਹੈ। ਇਨਸਾਨ ਨੂੰ ਹਰ ਦਿਨ ਆਪਣੇ ਕੀਤੇ ਕੰਮਾਂ ਦਾ ਲੇਖਾ-ਜੋਖਾ ਜ਼ਰੂਰ ਕਰਨਾ ਚਾਹੀਦਾ ਹੈ। ਇੱਕ ਚੰਗਾ, ਸਫਲ ਤੇ ਇਮਾਨਦਾਰ ਇਨਸਾਨ ਬਣ ਕੇ ਆਪਣੀ ਜ਼ਿੰਦਗੀ ਨੂੰ ਸੁਖਾਵੀਂ ਬਣਾਉਣ ਦੇ ਯਤਨ ਕਰਨੇ ਚਾਹੀਦੇ ਹਨ। ਤਦ ਹੀ ਇਨਸਾਨ ਅਖੀਰਲੀ ਉਮਰ ਨਿਸ਼ਚਿੰਤ ਹੋ ਕੇ ਪ੍ਰਸੰਨਤਾ ਨਾਲ ਜੀ ਸਕਦਾ ਹੈ। ਹਾਸੇ, ਖੁਸ਼ੀ, ਖੇੜੇ ਤਦ ਹੀ ਪ੍ਰਾਪਤ ਕੀਤੇ ਜਾ ਸਕਦੇ ਹਨ ਜੇ ਅਸੀਂ ਆਪਣੀ ਜ਼ਿੰਦਗੀ ਨੂੰ ਮਿਹਨਤਾਂ ਕਰਕੇ ਸਫਲ ਬਣਾਈਏ ਤੇ ਜੱਸ ਖੱਟ ਸਕੀਏ।
ਸੰਪਰਕ: 97818-85861