ਦਿੱਲੀ, 24 ਮਈ
ਦਿੱਲੀ ਹਾਈ ਕੋਰਟ ਨੇ ‘ਜ਼ੀ-5’ ਵੱਲੋਂ ਦਾਇਰ ਮੁਕੱਦਮੇ ਦੇ ਆਧਾਰ ’ਤੇ ਵ੍ਹਟਸਐਪ ਨੂੰ ਸਲਮਾਨ ਖ਼ਾਨ ਦੀ ਨਵੀਂ ਫ਼ਿਲਮ ‘ਰਾਧੇ: ਯੂਅਰ ਮੋਸਟ ਵਾਂਟੇਡ ਭਾਈ’ ਦੀਆਂ ਡੁਪਲੀਕੇਟ ਕਾਪੀਆਂ ਵੇਚਣ ਵਾਲੇ ਵਰਤੋਂਕਾਰਾਂ (ਯੂਜ਼ਰਸ) ਨੂੰ ਰੋਕਣ ਦੇ ਨਿਰਦੇਸ਼ ਦਿੱਤੇ ਹਨ। ਇਹ ਨਿਰਦੇਸ਼ ਡ੍ਰਿਸਟਰੀਬਿਊਟਰ ਵੱਲੋਂ ਲਾਏ ਕਥਿਤ ਦੋਸ਼ਾਂ ਕਿ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਪਾਇਰੇਸੀ ਰਾਹੀਂ ਫ਼ਿਲਮ ਦੀਆਂ ਡੁਪਲੀਕੇਟ ਕਾਪੀਆਂ ਸਰਕੁਲੇਟ (ਸਾਂਝੀਆਂ) ਕੀਤੀਆਂ ਜਾ ਰਹੀਆਂ ਹਨ, ਤੋਂ ਬਾਅਦ ਆਇਆ ਹੈ। ਦਿੱਲੀ ਹਾਈ ਕੋਰਟ ਨੇ ਵ੍ਹਟਸਐਪ ਨੂੰ ਨਿਰਦੇਸ਼ ਦਿੱਤੇ ਕਿ ਅਜਿਹੇ ਵਰਤੋਂਕਾਰਾਂ ਦੀਆਂ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਜਾਣ, ਜੋ ਇਸ ਪਲੈਟਫਾਰਮ ’ਤੇ ਫ਼ਿਲਮ ਦੀਆਂ ਡੁਪਲੀਕੇਟ ਕਾਪੀਆਂ ਵੇਚ ਰਹੇ ਹਨ। ਅਦਾਲਤ ਨੇ ਦੇਸ਼ ਦੇ ਮੋਹਰੀ ਟੈਲੀਕਾਮ ਅਪਰੇਟਰਾਂ ਏਅਰਟੈੱਲ, ਜੀਓ ਅਤੇ ਵੋਡਾਫੋਨ ਨੂੰ ਵੀ ਮੁਲਜ਼ਮ ਸਬਸਕ੍ਰਾਈਬਰਾਂ ਦੀ ਤਫ਼ਸੀਲ ਸਾਂਝੀ ਕਰਨ ਦੇ ਨਿਰਦੇਸ਼ ਦਿੱਤੇ ਹਨ, ਤਾਂ ਕਿ ‘ਜ਼ੀ-5’ ਵੱਲੋਂ ਉਨ੍ਹਾਂ ਖ਼ਿਲਾਫ਼ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾ ਸਕੇ।
ਦਿੱਲੀ ਹਾਈ ਕੋਰਟ ਵੱਲੋਂ ਜਾਰੀ ਹੁਕਮਾਂ ’ਚ ਦੱਸਿਆ ਗਿਆ ਕਿ, ‘ਮੁਦੱਈ ਨੇ ਦਾਇਰ ਮੁਕੱਦਮੇ ’ਚ ਕਿਹਾ ਹੈ ਕਿ ਫ਼ਿਲਮ ਦੀਆਂ ਡੁਪਲੀਕੇਟ ਕਾਪੀਆਂ, ਕਲਿੱਪਸ ਆਦਿ ਗ਼ੈਰਕਾਨੂੰਨੀ ਤਰੀਕੇ ਨਾਲ ਸੋੋਸ਼ਲ ਮੀਡੀਆ ’ਤੇ ਵਾਇਰਲ ਹੋਣ ਨਾਲ ‘ਰਾਧੇ: ਯੂਅਰ ਮੋਸਟ ਵਾਂਟੇਡ ਭਾਈ’ ਫ਼ਿਲਮ ਲਈ ਉਸ (ਮੁੱਦਈ) ਦੇ ਵਿਸ਼ੇਸ਼ ਲਾਇਸੈਂਸ ਅਤੇ ਕਾਪੀਰਾਈਟ ਅਧਿਕਾਰਾਂ ਦੀ ਉਲੰਘਣਾ ਹੋਈ ਹੈ।’ ਇਹ ਫ਼ਿਲਮ 13 ਮਈ, 2021 ਨੂੰ ਡਿਜੀਟਲ ਪਲੈਟਫਾਰਮ ‘ਜ਼ੀ-5’ ਉੱਤੇ ਦਰਸ਼ਕਾਂ ਲਈ ਅਦਾਇਗੀ ਦੇ ਆਧਾਰ ’ਤੇ ਰਿਲੀਜ਼ ਹੋਈ ਸੀ। -ਆਈਏਐੱਨਐੱਸ