ਡਾ. ਕਰਮਜੀਤ ਸਿੰਘ ਧਾਲੀਵਾਲ*
ਮਨੁੱਖ ਦੀ ਜਗਿਆਸਾ ਨੇ ਸਦੀਆਂ ਤੋਂ ਮਨੁੱਖੀ ਅੱਖ ਅਤੇ ਬੁੱਧੀ ਨੂੰ ਬ੍ਰਹਿਮੰਡ ਨੂੰ ਜਾਨਣ ਦੇ ਆਹਰੇ ਲਾ ਰੱਖਿਆ ਹੈ। 17ਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਹੋਈ ਦੂਰਬੀਨ ਦੀ ਖੋਜ ਨੇ ਚੰਦ ਤਾਰਿਆਂ ਦੀ ਨਿਰਖ-ਪਰਖ ਦੇ ਕੰਮ ਨੂੰ ਥੋੜ੍ਹਾ ਸੁਖਾਲਾ ਬਣਾ ਦਿੱਤਾ। ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਸੋਵੀਅਤ ਯੂਨੀਅਨ ਅਤੇ ਅਮਰੀਕਾ ਵਿਚਾਲੇ ਲੱਗੀ ਸਪੇਸ ਦੌੜ ਨੇ ਮਨੁੱਖ ਦੀ ਉਡਾਰੀ ਪੁਲਾੜ ਵੱਲ ਲਗਵਾਈ। 12 ਅਪਰੈਲ 1961 ਵਾਲੇ ਦਿਨ ਸੋਵੀਅਤ ਏਅਰ ਫੋਰਸ ਦੇ ਪਾਇਲਟ ਯੂਰੀ ਗਾਗਰਿਨ ਨੇ ਪ੍ਰਿਥਵੀ ਦੁਆਲੇ ਪੁਲਾੜ ਵਿਚ ਪਹਿਲਾ ਚੱਕਰ ਲਗਾਇਆ। ਉਸ ਤੋਂ ਪਿੱਛੋਂ ਹੁਣ ਤਕ ਪੌਣੇ ਛੇ ਸੌ ਦੇ ਕਰੀਬ ਮਨੁੱਖ ਪੁਲਾੜ ਯਾਤਰਾ ਕਰ ਚੁੱਕੇ ਹਨ। ਹੁਣ ਤਕ ਅਮਰੀਕਾ ਦੇ 12 ਪੁਲਾੜ ਯਾਤਰੀ ਚੰਨ ਦੀ ਸੈਰ ਵੀ ਕਰ ਚੁੱਕੇ ਹਨ। ਸੂਰਜੀ ਪਰਿਵਾਰ ਅਤੇ ਇਸ ਤੋਂ ਬਾਹਰ ਝਾਤਾਂ ਮਾਰਨ ਅਤੇ ਬ੍ਰਹਿਮੰਡ ਉਤਪਤੀ ਦੇ ਭੇਤਾਂ ਨੂੰ ਜਾਣਨ ਵਾਸਤੇ ਹੱਬਲ ਵਰਗੀਆਂ ਅਨੇਕਾਂ ਦੂਰਬੀਨਾਂ ਪੁਲਾੜ ਵਿਚ ਭੇਜੀਆਂ ਗਈਆਂ ਹਨ। ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਦੁਆਰਾ ਵੁਏਜ਼ਰ ਪ੍ਰੋਗਰਾਮ ਅਧੀਨ 1977 ਵਿਚ ਲਾਂਚ ਕੀਤੀ ਵੁਏਜ਼ਰ-1 ਨਾਂ ਦੀ ਰੋਬੋਟਿਕ ਪ੍ਰੋਬ ਸੂਰਜ ਪਰਿਵਾਰ ਦੇ ਗ੍ਰਹਿਆਂ ਦੇ ਕੋਲ ਦੀ ਗੁਜ਼ਰਦਿਆਂ ਵਡਮੁੱਲੀ ਜਾਣਕਾਰੀ ਪ੍ਰਦਾਨ ਕਰਦਿਆਂ ਸੂਰਜੀ ਪਰਿਵਾਰ ਤੋਂ ਬਾਹਰ ਵੱਖ-ਵੱਖ ਤਾਰਿਆਂ ਨੂੰ ਖੋਜਣ ਤੁਰੀ ਪ੍ਰਿਥਵੀ ਤੋਂ 13.8 ਅਰਬ ਮੀਲ ਦੂਰ ਪੁੱਜ ਗਈ ਹੈ, ਇਹ ਮਨੁੱਖ ਵੱਲੋਂ ਤਿਆਰ ਕੀਤੀ ਪ੍ਰਿਥਵੀ ਤੋਂ ਇੰਨੀ ਦੂਰ ਪੁਲਾੜ ਵਿਚ ਪਹੁੰਚਣ ਵਾਲੀ ਪਹਿਲੀ ਸ਼ੈੈਅ ਹੈ। ਅਜੋਕੇ ਮਨੁੱਖ ਦੀ ਵਪਾਰਕ ਪ੍ਰਵਿਰਤੀ ਚੰਨ ਅਤੇ ਖਗੋਲੀ ਪਿੰਡਾਂ (ਅਸਟਰੋਇਡ) ਦੀ ਖੁਦਾਈ ਕਰਨ ਨੂੰ ਤਾਂਘ ਰਹੀ ਹੈ, ਅਗਲੇ ਦਹਾਕੇ ਦੌਰਾਨ ਮਨੁੱਖ ਮੰਗਲ ਗ੍ਰਹਿ ’ਤੇ ਪੈਰ ਧਰਨ ਦੀਆਂ ਤਰਕੀਬਾਂ ਬਣਾ ਰਿਹਾ ਹੈ। ਦੂਸਰੇ ਗ੍ਰਹਿਆਂ ਵੱਲ ਪਰਵਾਸ ਦੇ ਸੁਪਨੇ ਸਾਕਾਰ ਕਰਨ ਲਈ ਪੁਲਾੜ ਦੇ ਲਮੇਰੇ ਪੰਧ ਦੇ ਸਫ਼ਰ ਦੌਰਾਨ ਮਨੁੱਖ ਨੂੰ ਦਰਪੇਸ਼ ਚੁਣੌਤੀਆਂ ਨੂੰ ਜਾਣਨ ਅਤੇ ਉਨ੍ਹਾਂ ਦੇ ਹੱਲ ਕੱਢਣ ਲਈ ਹੁਣ ਤਕ ਦਰਜਨ ਦੇ ਲਗਭਗ ਸਪੇਸ ਸਟੇਸ਼ਨ ਸਥਾਪਿਤ ਕਰਕੇ, ਉਨ੍ਹਾਂ ਸਪੇਸ ਸਟੇਸ਼ਨਾਂ ਉੱਪਰ ਸੈਂਕੜੇ ਪੁਲਾੜ ਯਾਤਰੀ ਸਮੇਂ-ਸਮੇਂ ’ਤੇ ਕੁਝ ਸਮੇਂ ਦਾ ਵਸੇਬਾ ਕਰਕੇ ਮਨੁੱਖੀ ਸਰੀਰ ’ਤੇ ਪੈਣ ਵਾਲੇ ਪ੍ਰਭਾਵਾਂ ਦੇ ਨਾਲ-ਨਾਲ ਵਿਗਿਆਨ ਅਤੇ ਤਕਨੀਕ ਨੂੰ ਵਿਕਸਤ ਕਰਨ ਲਈ ਅਨੇਕਾਂ ਤਜਰਬੇ ਕਰ ਚੁੱਕੇ ਹਨ ਅਤੇ ਲਗਾਤਾਰ ਕਰ ਰਹੇ ਹਨ।
ਸਪੇਸ ਸਟੇਸ਼ਨ ਉਹ ਬਣਾਵਟੀ ਉਪਗ੍ਰਹਿ ਹੁੰਦਾ ਹੈ, ਜੋ ਪ੍ਰਿਥਵੀ ਦੁਆਲੇ ਲੰਬੇ ਸਮੇਂ ਤਕ ਗ੍ਰਹਿ ਪੰਧ ’ਤੇ ਚੱਕਰ ਲਗਾਉਂਦਾ ਰਹਿੰਦਾ ਹੈ ਅਤੇ ਜਿਸ ’ਤੇ ਮਨੁੱਖੀ ਯਾਤਰੂ ਦਲ ਮੌਜੂਦ ਰਹਿੰਦਾ ਹੈ। ਸਮੇਂ-ਸਮੇਂ ’ਤੇ ਮਾਲ ਵਾਹਕ ਅਤੇ ਕਰਮੀ ਦਲ ਲੈ ਕੇ ਆਉਣ ਵਾਲੇ ਸਪੇਸ ਕਰਾਫਟ ਇੱਥੇ ਆ ਕੇ ਲੱਗਦੇ ਰਹਿੰਦੇ ਹਨ। ਮੌਜੂਦਾ ਸਮੇਂ ਕੰਮ ਕਰ ਰਿਹਾ ਅੰਤਰ ਰਾਸ਼ਟਰੀ ਸਪੇਸ ਸਟੇਸ਼ਨ ਅਮਰੀਕਾ, ਰੂਸ, ਜਪਾਨ, ਯੂਰੋਪ ਅਤੇ ਕੈਨੇਡਾ ਦੀਆਂ ਪੁਲਾੜ ਏਜੰਸੀਆਂ ਦਾ ਸਾਝਾਂ ਪ੍ਰਾਜੈਕਟ ਹੈ। ਇਹ ਸਪੇਸ ਸਟੇਸ਼ਨ 20 ਨਵੰਬਰ 1998 ਨੂੰ ਲਾਂਚ ਕੀਤਾ ਗਿਆ ਸੀ, 2 ਨਵੰਬਰ 2000 ਨੂੰ ਪਹਿਲਾ ਚਾਲਕ ਦਲ ਇੱਥੇ ਪਹੁੰਚਿਆ ਸੀ। ਉਸ ਤੋਂ ਬਾਅਦ ਲਗਾਤਾਰ ਪਿਛਲੇ 2 ਦਹਾਕਿਆਂ ਤੋਂ ਇੱਥੇ ਪੁਲਾੜ ਯਾਤਰੀ ਹਮੇਸ਼ਾਂ ਮੌਜੂਦ ਰਹਿੰਦੇ ਹਨ, ਹੁਣ ਤਕ ਇਸ ਪੁਲਾੜ ਸਟੇਸ਼ਨ ’ਤੇ 19 ਵੱਖ-ਵੱਖ ਦੇਸ਼ਾਂ ਦੇ 241 ਪੁਲਾੜ ਯਾਤਰੀ ਜਾ ਚੁੱਕੇ ਹਨ। ਇਕ ਸਮੇਂ ਇੱਥੇ ਵੱਧ ਤੋਂ ਵੱਧ 6 ਯਾਤਰੀ ਠਹਿਰ ਸਕਦੇ ਹਨ। ਲਗਭਗ 4.20 ਲੱਖ ਕਿਲੋਗ੍ਰਾਮ ਭਾਰਾ 73 ਮੀਟਰ ਲੰਬਾਈ ਅਤੇ 109 ਮੀਟਰ ਚੌੜਾਈ ਵਾਲਾ ਇਹ ਸਟੇਸ਼ਨ ਧਰਤੀ ਤੋਂ ਲਗਭਗ 400 ਕਿਲੋਮੀਟਰ ਦੀ ਉੱਚਾਈ ’ਤੇ 7.66 ਕਿਲੋਮੀਟਰ ਪ੍ਰਤੀ ਸਕਿੰਟ ਦੀ ਗਤੀ ਨਾਲ ਪ੍ਰਿਥਵੀ ਦੁਆਲੇ ਗ੍ਰਹਿ ਪੰਧ ’ਤੇ ਘੁੰਮਦਿਆਂ ਲਗਭਗ 90 ਮਿੰਟ ਵਿਚ ਇਕ ਚੱਕਰ ਪੂਰਾ ਕਰ ਲੈਂਦਾ ਹੈ। ਇਸ ਤਰ੍ਹਾਂ ਇੱਥੇ ਰਹਿੰਦੇ ਪੁਲਾੜ ਯਾਤਰੀ ਹਰ ਰੋਜ਼ 16 ਵਾਰੀ ਸੂਰਜ ਚੜ੍ਹਦਾ ਅਤੇ ਛੁਪਦਾ ਵੇਖਦੇ ਹਨ।
ਅਸੀਂ ਭਲੀਭਾਂਤ ਜਾਣਦੇ ਹਾਂ ਕਿ ਗੁਰੂਤਾ ਆਕਰਸ਼ਣ ਬਲ ਕਰਕੇ ਹਰੇਕ ਵਸਤੂ ਦੂਸਰੀ ਵਸਤੂ ਨੂੰ ਆਪਣੇ ਵੱਲ ਖਿੱਚਦੀ ਹੈ। ਪੁਲਾੜ ਵਿਚ ਵੀ ਹਰ ਥਾਂ ’ਤੇ ਗੁਰੂਤਾ ਬਲ ਮੌਜੂਦ ਹੁੰਦਾ ਹੈ, ਜਿਸ ਦੀ ਮਾਤਰਾ ਗ੍ਰਹਿਆਂ ਤਾਰਿਆਂ ਤੋਂ ਦੂਰੀ ਵਧਣ ਨਾਲ ਘਟਦੀ ਜਾਂਦੀ ਹੈ। ਗੁਰੂਤਾ ਬਲ ਕਰਕੇ ਹੀ ਚੰਦਰਮਾ ਪ੍ਰਿਥਵੀ ਦੁਆਲੇ ਘੁੰਮ ਰਿਹਾ ਹੈ ਅਤੇ ਪ੍ਰਿਥਵੀ ਸੂਰਜ ਦੁਆਲੇ ਚੱਕਰ ਲਗਾ ਰਹੀ ਹੈ। ਸਾਡੀ ਆਕਾਸ਼ ਗੰਗਾ ਵਿਚ ਸੂਰਜ ਆਪਣੇ ਸਥਾਨ ’ਤੇ ਗੁਰੂਤਾ ਬਲ ਕਰਕੇ ਹੀ ਰਹਿੰਦਾ ਹੈ। ਪ੍ਰਿਥਵੀ ਤੋਂ ਲਗਭਗ 400 ਕਿਲੋਮੀਟਰ ਦੀ ਉੱਚਾਈ ’ਤੇ ਜਿੱਥੇ ਸਪੇਸ ਸਟੇਸ਼ਨ ਗ੍ਰਹਿ ਪੰਧ ’ਤੇ ਘੁੰਮ ਰਿਹਾ ਹੈ, ਪ੍ਰਿਥਵੀ ਦਾ ਗੁਰੂਤਾ ਆਕਰਸ਼ਣ ਬਲ ਧਰਤੀ ’ਤੇ ਮੌਜੂਦ ਗੁਰੂਤਾ ਆਕਰਸ਼ਣ ਬਲ ਦਾ 90 ਪ੍ਰਤੀਸ਼ਤ ਹੈ। ਭਾਵ ਜੇ ਕੋਈ 100 ਕਿਲੋਗ੍ਰਾਮ ਵਜ਼ਨ ਵਾਲਾ ਮਨੁੱਖ ਪੌੜੀ ਲਾ ਕੇ ਸਪੇਸ ਸਟੇਸ਼ਨ ਕੋਲ ਪੁੱਜ ਜਾਵੇ ਤਾਂ ਪੌੜੀ ਦੇ ਆਖਰੀ ਡੰਡੇ ’ਤੇ ਪੁੱਜ ਕੇ ਉਸ ਦਾ ਵਜ਼ਨ 90 ਕਿਲੋਗ੍ਰਾਮ ਰਹਿ ਜਾਵੇਗਾ। ਪ੍ਰਿਥਵੀ ਦਾ ਗੁਰੂਤਾ ਆਕਰਸ਼ਣ ਬਲ ਸਪੇਸ ਸਟੇਸ਼ਨ ਨੂੰ ਵੀ ਆਪਣੇ ਵੱਲ ਖਿੱਚ ਰਿਹਾ ਹੈ, ਜਿਸ ਦੇ ਸਿੱਟੇ ਵਜੋਂ ਇਹ ਲਗਾਤਾਰ ਪ੍ਰਿਥਵੀ ਦੀ ਸਤਹਿ ਵੱਲ ਡਿੱਗ ਰਿਹਾ ਹੈ, ਪਰ ਕਿਉਂਕਿ ਇਹ ਬਹੁਤ ਹੀ ਤੇਜ਼ ਗਤੀ ਨਾਲ ਘੁੰਮ ਰਿਹਾ ਹੈ, ਇਸ ਕਰਕੇ ਇਸ ਦੇ ਪੰਧ ਦਾ ਵਕਰ ਪ੍ਰਿਥਵੀ ਦੇ ਵਕਰ ਨਾਲ ਮੇਲ ਖਾਣ ਕਰਕੇ, ਇਹ ਪ੍ਰਿਥਵੀ ਦੀ ਸਤਹਿ ਉੱਪਰ ਆ ਕੇ ਟਕਰਾਉਂਦਾ ਨਹੀਂ। ਬਲਕਿ ਪ੍ਰਿਥਵੀ ਦੁਆਲੇ ਗ੍ਰਹਿ ਪੰਧ ’ਤੇ ਲਗਾਤਾਰ ਘੁੰਮਦਾ ਰਹਿੰਦਾ ਹੈ। ਪੁਲਾੜ ਵਿਚ ਖਲਾਅ ਹੋਣ ਕਰਕੇ, ਗੁਰੂਤਾ ਖਿੱਚ ਦੇ ਪ੍ਰਭਾਵ ਅਧੀਨ ਵੱਖ-ਵੱਖ ਵਜ਼ਨ ਵਾਲੀਆਂ ਵਸਤਾਂ ਇਕੋ ਗਤੀ ਨਾਲ ਡਿੱਗਦੀਆਂ ਹਨ, ਜਿਸ ਨੂੰ ਵਿਗਿਆਨੀ ਫਰੀਫਾਲ ਕਹਿੰਦੇ ਹਨ। ਉਦਾਹਰਣ ਦੇ ਤੌਰ ’ਤੇ ਜੇਕਰ ਪੁਲਾੜ ਯਾਤਰੀ ਸਪੇਸ ਸਟੇਸ਼ਨ ਉੱਪਰ ਇਕ ਸੇਬ ਸੁੱਟਦਾ ਹੈ, ਭਾਵੇਂ ਸੇਬ ਡਿੱਗ ਰਿਹਾ ਹੁੰਦਾ ਹੈ, ਪਰ ਇੰਝ ਲੱਗਦਾ ਹੈ ਜਿਵੇਂ ਇਹ ਡਿੱਗ ਨਹੀਂ ਰਿਹਾ, ਕਿਉਂਕਿ ਸੇਬ, ਪੁਲਾੜ ਯਾਤਰੀ ਅਤੇ ਸਪੇਸ ਸਟੇਸ਼ਨ ਸਾਰੇ ਇਕੱਠੇ ਇਕੋ ਗਤੀ ਨਾਲ ਡਿੱਗ ਰਹੇ ਹੁੰਦੇ ਹਨ। ਇਸ ਕਰਕੇ ਪੁਲਾੜ ਯਾਤਰੀ ਅਤੇ ਵਸਤਾਂ ਪੁਲਾੜ ਸਟੇਸ਼ਨ ਅੰਦਰ ਤੈਰਦੀਆਂ ਮਹਿਸੂਸ ਹੁੰਦੀਆਂ ਹਨ। ਇਸ ਤਰ੍ਹਾਂ ਦੀ ਸਥਿਤੀ ਨੂੰ ਮਾਈਕਰੋ ਗਰੈਵਿਟੀ ਕਹਿੰਦੇ ਹਨ, ਜਿਸ ਵਿਚ ਮਨੁੱਖ ਅਤੇ ਵਸਤਾਂ ਭਾਰਹੀਣ ਲੱਗਦੇ ਹਨ। ਜਿਸ ਕਰਕੇ ਪੁਲਾੜ ਯਾਤਰੀ ਸਟੇਸ਼ਨ ਦੇ ਅੰਦਰ ਅਤੇ ਸਟੇਸ਼ਨ ਦੇ ਬਾਹਰ ਸਪੇਸ ਵਾਕ ਦੌਰਾਨ ਤੈਰਦੇ ਹਨ। ਪੁਲਾੜ ਯਾਤਰੀ ਸੈਂਕੜੇ ਕਿਲੋਗ੍ਰਾਮ ਭਾਰੇ ਯੰਤਰਾਂ ਨੂੰ ਸਪੇਸ ਸਟੇਸ਼ਨ ’ਤੇ ਉਂਗਲਾਂ ਨਾਲ ਸਹਿਜੇ ਹੀ ਇੱਧਰ ਉੱਧਰ ਧੱਕ ਦਿੰਦੇ ਹਨ।
ਲੰਬੇ ਸਮੇਂ ਤਕ ਭਾਰਹੀਣਤਾ ਵਾਲੀ ਸਥਿਤੀ ਵਿਚ ਰਹਿਣ ਕਰਕੇ ਸਰੀਰ ਦੇ ਪੱਠੇ ਅਤੇ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ, ਗੁਰਦਿਆਂ ਦੀ ਪੱਥਰੀ, ਹੱਡੀਆਂ ਦੇ ਟੁੱਟਣ, ਅਨੀਮੀਆ ਆਦਿ ਦੇ ਖ਼ਤਰੇ ਵਧ ਜਾਂਦੇ ਹਨ। ਸਰੀਰ ਦੇ ਹੇਠਲੇ ਹਿੱਸਿਆਂ ਉੱਪਰ ਦਬਾਓ ਬਲ ਘਟਣ ਕਰਕੇ ਤਰਲ ਪਦਾਰਥ ਸਿਰ ਅਤੇ ਸਰੀਰ ਦੇ ਉੱਪਰਲੇ ਹਿੱਸੇ ਵੱਲ ਖਿਸਕ ਜਾਂਦੇ ਹਨ, ਜਿਸ ਕਰਕੇ ਪਿੱਠ ਦਰਦ, ਸਿਰ ਦਰਦ ਦੇ ਨਾਲ-ਨਾਲ ਕੰਨਾਂ ਦੇ ਅੰਦਰ ਤਰਲ ਦਬਾਓ ਵਧਣ ਕਰਕੇ ਤਕਲੀਫ਼ ਹੁੰਦੀ ਹੈ, ਚਿਹਰਾ ਅਤੇ ਸਿਰ ਸੁੱਜੇ-ਸੁੱਜੇ ਲੱਗਦੇ ਹਨ। ਹੇਠਾਂ ਵੱਲ ਨੁੂੰ ਦਬਾਓ ਬਲ ਘਟਣ ਕਰਕੇ ਸਰੀਰ ਦੀ ਲੰਬਾਈ ਵਧ ਜਾਂਦੀ ਹੈ। ਦਿਲ ਦੀ ਧੜਕਣ ਅਤੇ ਸਾਹ ਦਰ ਧੀਮੀ ਹੋ ਜਾਂਦੀ ਹੈ। ਮਾਈਕਰੋ ਗਰੈਵਿਟੀ ਮਨੁੱਖੀ ਸਰੀਰ ਦਾ ਸੰਤੁਲਨ, ਦ੍ਰਿਸ਼ਟੀ ਸਥਿਰਤਾ ਅਤੇ ਸਰੀਰਿਕ ਸਥਿਤੀ ਨੂੰ ਸਥਾਨ ਅਤੇ ਦਿਸ਼ਾ ਅਨੁਸਾਰ ਸਮਝਣ ਵਾਲੀ ਦਿਮਾਗ਼ੀ ਸੰਵੇਦਨਾ ਨੂੰ ਵੀ ਪ੍ਰਭਾਵਿਤ ਕਰਦੀ ਹੈ। ਇਨ੍ਹਾਂ ਖ਼ਤਰਿਆਂ ਦੇ ਹੱਲ ਲਈ ਕਸਰਤ ਦੀ ਮਹੱਤਤਾ ਅਤੇ ਮੈਡੀਕਲ ਤਕਨੀਕਾਂ ਦੇ ਵਿਕਾਸ ਵਾਸਤੇ ਅਨੇਕਾਂ ਤਜਰਬੇ ਹੋ ਰਹੇ ਹਨ।
ਮਾਈਕਰੋ ਗਰੈਵਿਟੀ ਵਿਚ ਅਨੇਕਾਂ ਭੌਤਿਕ, ਰਸਾਇਣਕ ਅਤੇ ਜੈਵਿਕ ਵਰਤਾਰਿਆਂ ਦੇ ਪ੍ਰਿਥਵੀ ਨਾਲੋਂ ਵੱਖਰੇ ਰੂਪ ਦੇਖੇ ਜਾ ਸਕਦੇ ਹਨ। ਪ੍ਰਿਥਵੀ ਉੱਪਰ ਬਾਲੀ ਅੱਗ ਦੀ ਲਾਟ ਵਿਚ ਗਰਮ ਗੈਸਾਂ ਉੱਪਰ ਵੱਲ ਉੱਠਦੀਆਂ ਹਨ, ਜਦੋਂਕਿ ਗੁਰੂਤਾ ਆਕਰਸ਼ਣ ਬਲ ਠੰਢੀਆਂ ਸੰਘਣੀਆਂ ਗੈਸਾਂ ਨੂੰ ਲਾਟ ਦੇ ਤਲ ਵੱਲ ਖਿੱਚਦਾ ਹੈ, ਜਿਸ ਕਰਕੇ ਲਾਟ ਦਾ ਆਕਾਰ ਅਤੇ ਝਿਲਮਿਲਾਹਟ ਪੈਦਾ ਹੁੰਦੀ ਹੈ, ਪਰ ਸਪੇਸ ਸਟੇਸ਼ਨ ਉੱਪਰ ਗੈਸਾਂ ਦਾ ਇਸ ਤਰ੍ਹਾਂ ਵਹਾਅ ਨਹੀਂ ਹੁੰਦਾ, ਜਿਸ ਕਰਕੇ ਅੱਗ ਦੀ ਲਾਟ ਗੋਲਾਕਾਰ ਹੁੰਦੀ ਹੈ। ਦਵਾਈਆਂ ਵਿਚ ਵਰਤੋਂ ਲਈ ਸਪੇਸ ਸਟੇਸ਼ਨ ’ਤੇ ਵੱਡ-ਆਕਾਰੀ ਨਿਯਮਤ ਕ੍ਰਿਸਟਿਲ ਤਿਆਰ ਕਰਨ ਦੀਆਂ ਸੰਭਾਵਨਾਵਾਂ ’ਤੇ ਕੰਮ ਕੀਤਾ ਜਾ ਰਿਹਾ ਹੈ। ਇੱਥੇ ਲਾਂਚ ਕੀਤੀ ਬਾਇਓਫੈਬਰੀਕੇਸ਼ਨ ਸੁਵਿਧਾ ਰਾਹੀਂ ਅੰਗਾਂ ਨਾਲ ਮੇਲ ਖਾਂਦੇ ਟਿਸ਼ੂਆਂ ਨੂੰ ਤਿਆਰ ਕਰਨ ਦੀਆਂ ਸੰਭਾਵਨਾਵਾਂ ਨੂੰ ਤਲਾਸ਼ਿਆ ਜਾ ਰਿਹਾ ਹੈ।
ਸਪੇਸ ਸਟੇਸ਼ਨ ਉੱਪਰ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਜੀਵ ਵਿਗਿਆਨ, ਬਨਸਪਤੀ ਵਿਗਿਆਨ ਅਤੇ ਡਾਰਕ ਮੈਟਰ ਨਾਲ ਸਬੰਧਿਤ ਅਨੇਕਾਂ ਤਜਰਬੇ ਕੀਤੇ ਜਾ ਰਹੇ ਹਨ, ਜਿਹੜੇ ਪ੍ਰਿਥਵੀ ਉੱਪਰ ਕੀਤੇ ਜਾਣੇ ਬਹੁਤ ਮੁਸ਼ਕਲ ਜਾਂ ਅਸੰਭਵ ਹਨ। ਭਵਿੱਖ ਦੇ ਪੁਲਾੜ ਯਾਤਰੂਆਂ ਲਈ ਮੈਡੀਕਲ ਤਕਨੀਕਾਂ ਦੇ ਵਿਕਾਸ ਅਤੇ ਪੁਲਾੜ ਵਿਚ ਤਾਜ਼ੇ ਖਾਧ ਪਦਾਰਥ ਉਗਾਉਣ ਦੀਆਂ ਸੰਭਾਵਨਾਵਾਂ ਨੂੰ ਤਲਾਸ਼ਿਆ ਜਾ ਰਿਹਾ ਹੈ। ਜੋ ਕੱਲ੍ਹ ਦੇ ਵਿਗਿਆਨ ਅਤੇ ਤਕਨੀਕੀ ਵਿਕਾਸ ਲਈ ਅਤਿ ਲਾਹੇਵੰਦ ਸਾਬਤ ਹੋਣਗੇ।
*ਸਹਾਇਕ ਪ੍ਰੋਫੈਸਰ, ਭੌਤਿਕ ਵਿਗਿਆਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 94640-77434