ਮੁੰਬਈ: ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਇੱਥੇ ਅੱਜ ਬਾਂਦਰਾ ਪੁਲੀਸ ਥਾਣੇ ’ਚ ਯਸ਼ ਰਾਜ ਫਿਲਮਜ਼ ਦੀ ਕਾਸਟਿੰਗ ਡਾਇਰੈਕਟਰ ਸ਼ਾਨੂ ਸ਼ਰਮਾ ਤੋਂ ਪੁੱਛਗਿਛ ਕੀਤੀ ਗਈ। ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ 14 ਜੂਨ ਨੂੰ ਬਾਂਦਰਾ ਸਥਿਤ ਆਪਣੇ ਘਰ ਵਿੱਚ ਮ੍ਰਿਤ ਪਾਏ ਗਏ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਮਾਨਸਿਕ ਤਣਾਅ ਲਈ ਪੇਸ਼ੇਵਰ ਵਿਰੋਧ ਤਾਂ ਜ਼ਿੰਮੇਵਾਰ ਨਹੀਂ ਸੀ। ਡਿਪਟੀ ਕਮਿਸ਼ਨਰ ਪੁਲੀਸ (ਜ਼ੋਨ-9) ਅਭਿਸ਼ੇਕ ਤ੍ਰਿਮੁਖੇ ਨੇ ਕਿਹਾ ਕਿ ਪੁਲੀਸ ਵੱਲੋਂ ਸੱਦੇ ਜਾਣ ’ਤੇ ਯਸ਼ ਰਾਜ ਫਿਲਮਜ਼ ਦੀ ਕਾਸਟਿੰਗ ਡਾਇਰੈਕਟਰ ਦੁਪਹਿਰ ਵੇਲੇ ਥਾਣੇ ਪਹੁੰਚੀ, ਜਿੱਥੇ ਉਸ ਕੋਲੋਂ ਪੁੱਛਗਿਛ ਕੀਤੀ ਗਈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਕੁਝ ਹੋਰ ਨਿਰਮਾਤਾ ਹਾਊਸ ਦੇ ਨੁਮਾਇੰਦਿਆਂ ਨੂੰ ਵੀ ਅਗਲੇ ਕੁੱਝ ਦਿਨਾਂ ਵਿੱਚ ਪੁੱਛਗਿਛ ਲਈ ਸੱਦਿਆ ਜਾਵੇਗਾ।
-ਪੀਟੀਆਈ