ਮੁੰਬਈ, 3 ਜਨਵਰੀ
ਅਦਾਕਾਰ ਪੰਕਜ ਤ੍ਰਿਪਾਠੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ‘ਕਾਗਜ਼’ ਵਿੱਚ ਹਕੀਕਤ ਨੂੰ ਵਿਅੰਗਾਤਮਕ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਉਹ ਕਹਾਣੀ ਵਿੱਚ ਦਰਸਾਈ ਗਈ ਸਥਿਤੀ ਦੀ ਗੁੰਝਲਤਾ ਨੂੰ ਸਮਝਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਜਿਸ ਸਮਾਜ ਨੂੰ ਫਿਲਮ ਵਿੱਚ ਦਰਸਾਇਆ ਗਿਆ ਹੈ, ਉਹ ਉਸ ਦਾ ਹਿੱਸਾ ਹਨ, ਇਸੇ ਲਈ ਉਨ੍ਹਾਂ ਨੇ ਫਿਲਮ ਦੇ ਨਿਰਦੇਸ਼ਕ ਸਤੀਸ਼ ਕੌਸ਼ਿਕ ਵੱਲੋਂ ਆਈ ਪੇਸ਼ਕਸ਼ ਨੂੰ ਤੁਰੰਤ ਹਾਂ ਕਹਿ ਦਿੱਤੀ।
ਇਹ ਫਿਲਮ ਉੱਤਰ ਪ੍ਰਦੇਸ਼ ਦੇ ਇਕ ਅਜਿਹੇ ਕਿਸਾਨ ਦੇ ਦੁਆਲੇ ਘੁੰਮਦੀ ਹੈ, ਜਿਸ ਨੂੰ ਸਰਕਾਰੀ ਦਸਤਾਵੇਜ਼ਾਂ ਵਿਚ ਅਧਿਕਾਰਤ ਤੌਰ ’ਤੇ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਇਸ ਵਿਚ ਦਿਖਾਇਆ ਗਿਆ ਹੈ ਕਿ ਕਿਵੇਂ ਉਹ ਆਪਣੇ ਆਪ ਨੂੰ ਜਿਊਂਦਾ ਸਾਬਤ ਕਰਨ ਲਈ ਸੰਘਰਸ਼ ਕਰਦਾ ਹੈ ਅਤੇ ਸਿਸਟਮ ਵਿੱਚ ਹੋ ਰਹੇ ਭ੍ਰਿਸ਼ਟਾਚਾਰ ਨੂੰ ਨੰਗਾ ਕਰਦਾ ਹੈ। ਮੁੱਖ ਧਾਰਾ ਦੇ ਨਾਲ ਨਾਲ ਓਟੀਟੀ ’ਤੇ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਪੰਕਜ ਇਸ ਵਿਚਾਰ ਨਾਲ ਸਹਿਮਤ ਹਨ ਕਿ ਇੰਡਸਟਰੀ ਵਿੱਚ ਹਰ ਕਿਸਮ ਦੀਆਂ ਫਿਲਮਾਂ ਲਈ ਜਗ੍ਹਾ ਹੈ। ਉਨ੍ਹਾਂ ਕਿਹਾ, ‘‘ਸਾਡੇ ਕੋਲ ਹਰ ਕਿਸਮ ਦੀ ਫਿਲਮ ਹੋਣੀ ਚਾਹੀਦੀ ਹੈ – ਚਾਹੇ ਉਸ ਫਿਲਮ ਵਿੱਚ ਸੁਨੇਹਾ ਹੋਵੇ ਜਾਂ ਵਰਤਮਾਨ ਮਾਮਲਿਆਂ ਨੂੰ ਪੇਸ਼ ਕਰਦੀ ਹੋਵੇ ਜਾਂ ਸਮਾਜ ਨੂੰ ਸ਼ੀਸ਼ਾ ਦਿਖਾਉਂਦੀ ਹੋਵੇ ਜਾਂ ਸਿਰਫ ਤੇ ਸਿਰਫ ਮਨੋਰੰਜਨ ਵਾਲੀ ਫਿਲਮ ਹੋਵੇ। ਸਾਨੂੰ ਇਸ ਨੂੰ ਫਿਲਮ ਨਿਰਮਾਤਾਵਾਂ ’ਤੇ ਛੱਡ ਦੇਣਾ ਚਾਹੀਦਾ ਹੈ। ਮੈਨੂੰ ਨਿੱਜੀ ਤੌਰ ’ਤੇ ਇਸ ਤਰ੍ਹਾਂ ਲੱਗਦਾ ਹੈ ਕਿ ਦੋਹਾਂ ਤਰ੍ਹਾਂ ਦੀਆਂ ਫਿਲਮਾਂ ਦੀ ਮੌਜੂਦਗੀ ਮਹੱਤਵਪੂਰਨ ਹੈ।’’
ਫਿਲਮ ਦੇ ਨਿਰਮਾਤਾ ਸਲਮਾਨ ਖਾਨ ਹਨ ਅਤੇ ਇਸ ਵਿੱਚ ਪੰਕਜ ਤ੍ਰਿਪਾਠੀ ਤੋਂ ਇਲਾਵਾ ਮੋਨਲ ਗੱਜਰ, ਅਮਰ ਉਪਾਧਿਆਏ ਅਤੇ ਲੰਕੇਸ਼ ਭਾਰਦਵਾਜ ਨਜ਼ਰ ਆਉਣਗੇ। ਫਿਲਮ 7 ਜਨਵਰੀ ਨੂੰ ਓਟੀਟੀ ਪਲੇਟਫਾਰਮ ਜ਼ੀ5 ’ਤੇ ਰਿਲੀਜ਼ ਹੋਵੇਗੀ। -ਆਈਏਐੱਨਐੱਸ