ਮੁੰਬਈ, 14 ਜੂਨ
ਸੁਨੀਲ ਗਰੋਵਰ ਨੂੰ ਕਾਮੇਡੀ ਕਰਨ ਵੇਲੇ ਔਖ ਦਾ ਸਾਹਮਣਾ ਨਹੀਂ ਕਰਨਾ ਪਿਆ। ਉਹ ਆਪਣੇ ਹਾਵ ਭਾਵ ਨਾਲ ਹੀ ਦਰਸ਼ਕਾਂ ਨੂੰ ਸੌਖਿਆਂ ਹਸਾ ਦਿੰਦਾ ਹੈ। ਉਸ ਨੇ ਕਿਹਾ ਕਿ ਉਹ ਖੁਸ਼ਕਿਸਮਤ ਹੈ ਕਿ ਉਹ ਜੋ ਕਹਿੰਦਾ ਹੈ ਤਾਂ ਲੋਕ ਆਪਣੇ ਆਪ ਹੱਸ ਪੈਂਦੇ ਹਨ। ਉਸ ਨੇ ਕਿਹਾ ਅਸੀਂ ਬਹੁਤ ਸਾਰੇ ਕੰਮ ਕਰਦੇ ਹਾਂ, ਆਪ ਚੁਟਕਲੇ ਤਿਆਰ ਕਰਦੇ ਹਾਂ ਪਰ ਇਹ ਮਹੱਤਵਪੂਰਨ ਹੁੰਦਾ ਹੈ ਕਿ ਉਨ੍ਹਾਂ ਜੁਮਲਿਆਂ ਨੂੰ ਕਿਵੇਂ ਤੇ ਕਿਸ ਵੇਲੇ ਬੋਲਣਾ ਹੈ। 43 ਸਾਲਾ ਅਦਾਕਾਰ ਨੇ ਟੈਲੀਵਿਜ਼ਨ ’ਤੇ ਗੁੱਥੀ, ਡਾ. ਮਸ਼ਹੂਰ ਗੁਲਾਟੀ ਤੇ ਰਿੰਕੂ ਦੇਵੀ ਦੇ ਕਿਰਦਾਰ ਨਾਲ ਪ੍ਰਸਿੱਧੀ ਖੱਟੀ ਸੀ। ਇਸ ਤੋਂ ਇਲਾਵਾ ਉਸ ਨੇ ‘ਭਾਰਤ’, ‘ਗੱਬਰ ਇਜ਼ ਬੈਕ’, ‘ਪਟਾਖਾ’ ਤੇ ‘ਬਾਗੀ’ ਫਿਲਮਾਂ ਵਿਚ ਵੀ ਅਦਾਕਾਰੀ ਕੀਤੀ ਹੈ। ਉਸ ਨੇ ਕਿਹਾ ਕਿ ਉਹ ਆਪਣੇ ਕੰਮ ਨਾਲ ਪਿਆਰ ਕਰਦਾ ਹੈ, ਇਹ ਕੰਮ ਉਸ ’ਤੇ ਥੋਪਿਆ ਨਹੀਂ ਗਿਆ। ਉਸ ਨੇ ਕਿਹਾ ਕਿ ਉਹ ਕੁਝ ਹੋਰ ਨਹੀਂ ਕਰ ਸਕਦਾ ਤੇ ਜਦ ਤੁਹਾਨੂੰ ਪਤਾ ਹੁੰਦਾ ਹੈ ਕਿ ਇਸ ਬਗੈਰ ਤੁਹਾਡਾ ਗੁਜ਼ਾਰਾ ਵੀ ਨਹੀਂ ਤਾਂ ਤੁਹਾਨੂੰ ਉਸ ਕੰਮ ਨਾਲ ਪਿਆਰ ਹੋ ਜਾਂਦਾ ਹੈ। ਸੁਨੀਲ ਇਸ ਵੇਲੇ ਵੈਬ ਸੀਰੀਜ਼ ‘ਸਨਫਲਾਵਰ’ ਵਿਚ ਨਜ਼ਰ ਆ ਰਿਹਾ ਹੈ ਜਿਹੜੀ ਕਾਮੇਡੀ, ਹੱਤਿਆ ਤੇ ਭੇਤ ’ਤੇ ਆਧਾਰਿਤ ਹੈ। ਇਹ ਸੀਰੀਜ਼ ਮੁੰਬਈ ਦੀ ਮਿਡਲ ਕਲਾਸ ਸੁਸਾਇਟੀ ’ਤੇ ਫਿਲਮਾਈ ਗਈ ਹੈ। -ਆਈਏਐੱਨਐੱਸ