ਮੁੰਬਈ, 17 ਮਾਰਚ
ਅਦਾਕਾਰਾ ਜੈਕਲੀਨ ਨੇ ਹਾਲ ਹੀ ਵਿੱਚ ਜੈਸਲਮੇਰ ਵਿੱਚ ਆਪਣੀ ਫਿਲਮ ‘ਬੱਚਨ ਪਾਂਡੇ’ ਦੀ ਸ਼ੂਟਿੰਗ ਮੁਕੰਮਲ ਕੀਤੀ ਹੈ। ਇਸ ਫਿਲਮ ਵਿਚਲੇ ਕਿਰਦਾਰ ਲਈ ਜੈਕਲੀਨ ਨੂੰ ਰੱਸੀ ’ਤੇ ਤੁਰਨ ਦੀ ਕਲਾ ਸਿੱਖਣੀ ਪਈ। ਇੱਕ ਪਤਲੀ ਤਾਰ ਜਾਂ ਰੱਸੀ ’ਤੇ ਤੁਰਨਾ ਇੱਕ ਹੁਨਰ ਹੈ ਅਤੇ ਬਹੁਤ ਸਾਰੇ ਦੇਸ਼ਾਂ ਵਿੱਚ ਸਥਾਨਕ ਲੋਕਾਂ ਵੱਲੋਂ ਇਸ ਕਲਾ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ। ਜੈਕਲੀਨ ਕਰੀਬ ਤਿੰਨ ਹਫ਼ਤੇ ਜੈਸਲਮੇਰ ਰਹੀ ਅਤੇ ਉੱਥੇ ਉਸ ਨੇ ਰੱਸੀ ’ਤੇ ਤੁਰਨ ਦੀ ਇਹ ਕਲਾ ਕਰੀਬ ਇੱਕ ਹਫ਼ਤੇ ਵਿੱਚ ਹੀ ਸਿੱਖ ਲਈ। ਕਰੀਬੀ ਸੂਤਰਾਂ ਨੇ ਦੱਸਿਆ, ‘‘ਇਹ ਸਿੱਖਣਾ ਇੱਕ ਮੁਸ਼ਕਲ ਕਲਾ ਹੈ, ਜਿੱਥੇ ਕਿਸੇ ਨੂੰ ਰੱਸੀ ’ਤੇ ਤੁਰਨ ਲਈ ਸਰੀਰ ਦਾ ਸਹੀ ਸੰਤੁਲਨ ਬਣਾ ਕੇ ਰੱਖਣ ਦੀ ਲੋੜ ਹੁੰਦੀ ਹੈ, ਜੋ ਜ਼ਮੀਨ ਤੋਂ ਤਕਰੀਬਨ ਅੱਠ ਤੋਂ 10 ਫੁੱਟ ਦੀ ਉਚਾਈ ’ਤੇ ਬੰਨ੍ਹੀ ਹੋਈ ਹੋਵੇ। ਜੈਕਲੀਨ ਨੇ ਇਹ ਕਲਾ ਆਸਾਨੀ ਨਾਲ ਸਿੱਖੀ।’’ ਸੂੁਤਰਾਂ ਨੇ ਅੱਗੇ ਦੱਸਿਆ ਕਿ ਇਸ ਤੋਂ ਪਹਿਲਾਂ ਅਦਾਕਾਰਾ ਆਪਣੇ ਪੱਧਰ ’ਤੇ ਪੋਲ ਡਾਂਸ ਅਤੇ ਏਰੀਅਲ ਯੋਗਾ ਵੀ ਸਿੱਖ ਚੁੱਕੀ ਹੈ, ਜਿਸ ਨੇ ਉਸ ਨੂੰ ਇਸ ਕਲਾ ਲਈ ਸੰਤੁਲਨ ਬਣਾ ਕੇ ਰੱਖਣ ਵਿੱਚ ਮਦਦ ਕੀਤੀ। ਸੂਤਰਾਂ ਨੇ ਦਾਅਵਾ ਕੀਤਾ, ‘‘ਉਸ ਨੇ ਕਈ ਹੈਰਾਨੀਜਨਕ ਸ਼ਾਟ ਦਿੱਤੇ ਅਤੇ ਇਹ ਕਲਾ ਸ਼ਾਨਦਾਰ ਤਰੀਕੇ ਨਾਲ ਸਿੱਖ ਕੇ ਸਭ ਦੀ ਬੋਲਤੀ ਬੰਦ ਕੀਤੀ।’’ ਇਸ ਫਿਲਮ ਵਿੱਚ ਜੈਕਲੀਨ ਅਤੇ ਫਿਲਮ ਨਿਰਮਾਤਾ ਸਾਜਿਦ ਨਾਡੀਆਡਵਾਲਾ ਅੱਠਵੀਂ ਵਾਰ ਇਕੱਠਿਆਂ ਕੰਮ ਕਰ ਰਹੇ ਹਨ। ਇਹ ਜੋੜੀ ਅੱਗੇ ‘ਕਿੱਕ-2’ ਵਿੱਚ ਵੀ ਕੰਮ ਕਰੇਗੀ। ਫਰਹਦ ਸਾਮਜੀ ਦੇ ਨਿਰਦੇਸ਼ਨ ਹੇਠ ਬਣ ਰਹੀ ਫਿਲਮ ‘ਬੱਚਨ ਪਾਂਡੇ’ ਵਿੱਚ ਅਦਾਕਾਰ ਅਕਸ਼ੈ ਕੁਮਾਰ, ਕ੍ਰਿਤੀ ਸੈਨਨ ਵੀ ਕੰਮ ਕਰ ਰਹੇ ਹਨ। ਇਹ ਐਕਸ਼ਨ ਕਾਮੇਡੀ ਅਗਲੇ ਸਾਲ 26 ਜਨਵਰੀ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ।
-ਆਈਏਐੱਨਐੱਸ