ਮੁੰਬਈ, 21 ਮਾਰਚ
ਅਦਾਕਾਰਾ ਜਾਹਨਵੀ ਕਪੂਰ ਨੇ ਅੱਜ ਇੱਥੇ ਦੱਸਿਆ ਕਿ ਉਸ ਨੇ ਆਪਣੀ ਆਉਣ ਵਾਲੀ ਫਿਲਮ ‘ਗੁੱਡ ਲੱਕ ਜੈਰੀ’ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਇਸ ਫਿਲਮ ਨੂੰ ਪੰਕਜ ਮੱਤਾ ਨੇ ਲਿਖਿਆ ਹੈ ਅਤੇ ਸਿਧਾਰਥ ਸੇਨਗੁਪਤਾ ਇਸ ਦੇ ਨਿਰਦੇਸ਼ਕ ਹਨ। ਇਹ ਫਿਲਮ 2018 ਵਿੱਚ ਤਾਮਿਲ ’ਚ ਆਈ ਬਲੈਕ-ਕਾਮੇਡੀ ਫਿਲਮ ‘ਕੋਲਾਮਾਵੂ ਕੋਕੀਲਾ’ ਉੱਤੇ ਆਧਾਰਤ ਹੈ, ਜਿਸ ਵਿੱਚ ਨੈਨਤਾਰਾ ਨੇ ਮੁੱਖ ਭੂਮਿਕਾ ਨਿਭਾਈ ਸੀ। ਅੱਜ ਇੱਥੇ ਸੋਸ਼ਲ ਮੀਡੀਆ ’ਤੇ ਫਿਲਮ ਦੀ ਸ਼ੂਟਿੰਗ ਮੁਕੰਮਲ ਹੋਣ ਦਾ ਐਲਾਨ ਕਰਦਿਆਂ ਜਾਹਨਵੀ ਨੇ ਆਪਣੇ ਜਜ਼ਬਾਤ ਸਾਂਝੇ ਕੀਤੇ। 24 ਸਾਲਾ ਅਦਾਕਾਰਾ ਨੇ ਕਿਹਾ ਕਿ ਉਸ ਨੂੰ ਫਿਲਮ ਦੇ ਸੈੱਟ ’ਤੇ ਕਾਫ਼ੀ ਕੁੱਝ ਸਿੱਖਣ ਨੂੰ ਮਿਲਿਆ। ਉਸ ਨੇ ਲਿਖਿਆ, ‘‘ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਸ਼ੂਟਿੰਗ ਖ਼ਤਮ ਹੋ ਗਈ। ਸ਼ੂਟਿੰਗ ਦੌਰਾਨ ਬਹੁਤ ਕੁਝ ਵਾਪਰਿਆ, ਬਦਲਿਆ, ਵਿਕਸਤ ਹੋਇਆ, ਸਿੱਖਿਆ ਅਤੇ ਬਹੁਤ ਕੁਝ ਤੋਂ ਅਣਜਾਣ ਵੀ ਰਹੇ। ਪਰ ਸੈੱਟ ’ਤੇ ਜਾ ਕੇ ਮੈਂ ਸਭ ਦੇ ਚਿਹਰੇ ਦੇਖਣ, ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨ ਤੇ ਉਨ੍ਹਾਂ ਨਾਲ ਮਸਤੀ ਕਰਨ ਲਈ ਉਤਸ਼ਾਹਿਤ ਹੁੰਦੀ।’ ਅਦਾਕਾਰਾ ਨੇ ਆਪਣੀ ਇਸ ਕੈਪਸ਼ਨ ਨਾਲ ਫਿਲਮ ਦੇ ਸੈੱਟ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਜਾਹਨਵੀ ਨੇ ਫਿਲਮ ‘ਗੁੱਡ ਲੱਕ ਜੈਰੀ’ ਦੀ ਸ਼ੂਟਿੰਗ ਇਸ ਸਾਲ ਜਨਵਰੀ ਵਿੱਚ ਸ਼ੁਰੂ ਕੀਤੀ ਸੀ। ਇਸੇ ਮਹੀਨੇ ਪੰਜਾਬ ਦੇ ਪਟਿਆਲਾ ਅਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਵਿੱਚ ਕਿਸਾਨ ਅੰਦੋਲਨ ਕਾਰਨ ਦੋ ਵਾਰ ਸ਼ੂਟਿੰਗ ਰੋਕਣੀ ਪਈ ਸੀ। ਅਦਾਕਾਰਾ ਨੇ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਸੀ। ਇਸ ਫਿਲਮ ਵਿੱਚ ਅਦਾਕਾਰ ਦੀਪਕ ਡੋਬਰਿਆਲ, ਮੀਤਾ ਵਸ਼ਿਸ਼ਟ, ਨੀਰਜ ਸੂਦ ਅਤੇ ਸੁਸ਼ਾਂਤ ਸਿੰਘ ਨੇ ਵੀ ਕੰਮ ਕੀਤਾ ਹੈ। ਜਾਹਨਵੀ ਦੀ ਰਾਜਕੁਮਾਰ ਰਾਓ ਨਾਲ ਫਿਲਮ ‘ਰੂਹੀ’ ਹਾਲ ਹੀ ਵਿੱਚ ਰਿਲੀਜ਼ ਹੋਈ ਹੈ। ਉਹ ਕਰਨ ਜੌਹਰ ਦੀ ਫਿਲਮ ‘ਦੋਸਤਾਨਾ-2’ ਵਿੱਚ ਵੀ ਦਿਖਾਈ ਦੇਵੇਗੀ। -ਪੀਟੀਆਈ