ਚੰਡੀਗੜ੍ਹ: ਬੌਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਨੇ ਮਈ ਮਹੀਨੇ ਦੀ ਸ਼ੁਰੂਆਤ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਵੀਡੀਓ ਸਾਂਝੀ ਕਰ ਕੇ ਕੀਤੀ ਹੈ। ਜਾਹਨਵੀ ਸਿਰਫ ਚੰਗੀ ਅਦਾਕਾਰਾ ਹੀ ਨਹੀਂ ਬਲਕਿ ਆਪਣੀ ਮਰਹੂਮ ਮਾਂ ਸ੍ਰੀਦੇਵੀ ਵਾਂਗ ਇੱਕ ਸਿਖਿਅਤ ਕੱਥਕ ਨ੍ਰਤਕੀ ਵੀ ਹੈ। ਉਸ ਨੇ ਆਪਣੀ ਇੱਕ ਪੁਰਾਣੀ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ 1981 ਵਿੱਚ ਆਈ ਫ਼ਿਲਮ ‘ਉਮਰਾਓ ਜਾਨ’ ਵਿੱਚ ਅਦਾਕਾਰਾ ਰੇਖਾ ’ਤੇ ਫਿਲਮਾਏ ਗੀਤ ‘ਇਨ ਆਖੋਂ ਕੀ ਮਸਤੀ ਕੇ’ ਉੱਤੇ ਨ੍ਰਿਤ ਕਰ ਰਹੀ ਹੈ। ਵੀਡੀਓ ’ਚ ਜਾਹਨਵੀ ਨੇ ਫੁੱਲਾਂ ਵਾਲਾ ਅਨਾਰਕਲੀ ਕੁੜਤਾ ਪਹਿਨਿਆ ਹੋਇਆ ਹੈ ਅਤੇ ਕੋਈ ਮੇਕਅੱਪ ਵੀ ਨਹੀਂ ਕੀਤਾ ਹੋਇਆ। ਉਹ ਫਰਸ਼ ’ਤੇ ਬੈਠੀ ਹੋਈ ਇਸ ਕਲਾਸਿਕ ਗੀਤ ’ਤੇ ਥਿਰਕ ਰਹੀ ਹੈ। ਜਾਹਨਵੀ ਨੇ ਵੀਡੀਓ ਨਾਲ ਕੈਪਸ਼ਨ ਵਿੱਚ ਲਿਖਿਆ ਹੈ, ‘‘ਦੋ ਸਾਲ ਪਹਿਲਾਂ ਮੇਰੀਆਂ ਸਭ ਤੋਂ ਪਹਿਲੀਆਂ (ਬੈਠਕੀ ਭਾਵ) ਕੋਸ਼ਿਸ਼ਾਂ ਵਿੱਚੋਂ ਇੱਕ। ਮੈਂ ਇਸ ਨੂੰ ਮਿਸ ਕਰਦੀ ਹਾਂ। ਸਭ ਨੂੰ ਕੌਮਾਂਤਰੀ ਨ੍ਰਿਤ ਦਿਵਸ ਦੀਆਂ ਮੁਬਾਰਕਾਂ! ਭਾਵੇਂ ਮੈਂ ਦੋ ਦਿਨ ਦੇਰੀ ਨਾਲ ਦੇ ਰਹੀ ਹਾਂ।’’ ਵੀਡੀਓ ’ਤੇ ਉੱਤੇ ਉਸ ਦੇ ਪ੍ਰਸ਼ੰਸਕਾਂ ਤੇ ਦੋਸਤਾਂ ਨੇ ਕੁਮੈਂਟ ਵੀ ਕੀਤੇ ਹਨ। ਡਰੈੱਸ ਡਿਜ਼ਾਈਨਰ ਮਨੀਸ਼ ਮਲਹੋਤਰਾ ਅਤੇ ਸ਼ਨਾਇਆ ਕਪੂਰ ਨੇ ਦਿਲ ਵਾਲੇ ਇਮੋਜੀ ਪੋਸਟ ਕੀਤੇ ਹਨ। ਅਦਾਕਾਰਾ ਸਾਨਿਆ ਮਲਹੋਤਰਾ ਨੇ ਇੱਕ ਇਮੋਜੀ ਨਾਲ ਕੁਮੈਂਟ ਵਿੱਚ ‘ਉਫ਼’ ਲਿਖਿਆ ਹੈ। -ਟ੍ਰਿਬਿਊਨ ਵੈੱਬ ਡੈਸਕ