ਮੁੰਬਈ: ਬੌਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਨੇ ਆਖਿਆ ਕਿ ਉਹ ਵਹਿਮਾਂ-ਭਰਮਾਂ ਵਿੱਚ ਭਰੋਸਾ ਰੱਖਦੀ ਹੈ ਅਤੇ ਹਰ ਖਾਸ ਮੌਕੇ ਉਹ ਤਿਰੂਪਤੀ ਮੰਦਰ ਜਾਂਦੀ ਹੈ। ਅਦਾਕਾਰਾ ਨੇ ਇਹ ਗੱਲਾਂ ਆਪਣੇ ਪਿਤਾ ਤੇ ਫ਼ਿਲਮ ਪ੍ਰੋਡਿਊਸਰ ਬੋਨੀ ਕਪੂਰ ਨਾਲ ‘ਦਿ ਕਪਿਲ ਸ਼ਰਮਾ ਸ਼ੋਅ’ ਦੌਰਾਨ ਆਪਣੀ ਫ਼ਿਲਮ ‘ਮਿਲੀ’ ਦੀ ਪ੍ਰਮੋਸ਼ਨ ਦੌਰਾਨ ਕਹੀਆਂ। ਇਸ ਦੌਰਾਨ ਦੋਵੇਂ ਜਣਿਆਂ ਨੇ ਫ਼ਿਲਮ ਦੀ ਸ਼ੂਟਿੰਗ ਦੇ ਤਜਰਬਿਆਂ ਸਮੇਤ ਆਪਣੀ ਜ਼ਿੰਦਗੀ ਬਾਰੇ ਚਾਨਣਾ ਪਾਇਆ। ਜਾਣਕਾਰੀ ਅਨੁਸਾਰ 25 ਸਾਲਾ ਅਦਾਕਾਰ ਨੇ ਹੁਣ ਤੱਕ ਕਈ ਸਫ਼ਲ ਫਿਲਮਾਂ ਕੀਤੀਆਂ ਹਨ। ਫ਼ਿਲਮ ‘ਧਾਕੜ’ ਉਸ ਨੇ ਹਵਾਈ ਫੌਜ ਦੇ ਅਫ਼ਸਰ ਦਾ ਕਿਰਦਾਰ ਨਿਭਾਇਆ ਸੀ ਅਤੇ ਫ਼ਿਲਮ ‘ਗੁੰਜਨ ਸਕਸੇਨਾ: ਦਿ ਕਾਰਗਿਲ ਵਾਰ’ ਵਿੱਚ ਉਸ ਨੇ ਕਾਰਗਿੱਲ ਜੰਗ ਦੇ ਹੀਰੋ ਗੁੰਜਨ ਸਕਸੇਨਾ ਦੀ ਭੂਮਿਕਾ ਨਿਭਾਈ ਸੀ। ਇਸ ਤੋਂ ਬਾਅਦ ਜਾਹਨਵੀ ਨੇ ਫ਼ਿਲਮ ‘ਰੂਹੀ ਤੇ ਗੁੱਡ ਲੱਕ ਜੈਰੀ ਵਿੱਚ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਹੁਣ ਜਾਹਨਵੀ ਫ਼ਿਲਮ ‘ਮਿਲੀ’ ਵਿੱਚ ਇਕ ਫਰੀਜ਼ਰ ਵਿੱਚ ਫਸ ਜਾਂਦੀ, ਜਿਥੇ ਉਸ ਨੂੰ ਜ਼ਿੰਦਾ ਰਹਿਣ ਲਈ ਕਾਫੀ ਜੱਦੋ-ਜਹਿਦ ਕਰਨੀ ਪੈਂਦੀ ਹੈ। ਜਾਹਨਵੀ ਨੇ ਆਖਿਆ,‘‘ਮੈਂ ਅੰਧਵਿਸ਼ਵਾਸੀ ਹਾਂ। ਮੈਂ ਹਰ ਖਾਸ ਮੌਕੇ ਜਿਵੇਂ ਮਾਤਾ-ਪਿਤਾ ਦੇ ਜਨਮ ਦਿਨ ਮੌਕੇ ਤਿਰੂਪਤੀ ਮੰਦਰ ਜਾਂਦੀ ਹਾਂ ਅਤੇ ਮੈਂ ਵੀਰਵਾਰ ਨੂੰ ਆਂਡਾ-ਮੀਟ ਨਹੀਂ ਖਾਂਦੀ।’’ -ਆਈਏਐੱਨਐੱਸ