ਸ਼ਮਸ਼ੇਰ ਸਿੰਘ ਸੋਹੀ
ਭਾਵੇਂ ਵਰਿੰਦਰ ਨੂੰ ਸਾਥੋਂ ਵਿੱਛੜਿਆਂ 32 ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ, ਪਰ ਹਾਲੇ ਵੀ ਉਸ ਦੀ ਯਾਦ ਪੰਜਾਬੀਆਂ ਦੇ ਚੇਤਿਆਂ ’ਚੋਂ ਵਿਸਰੀ ਨਹੀਂ ਹੈ। ਪੰਜਾਬੀ ਫ਼ਿਲਮਾਂ ਵਿਚ ਅਦਾਕਾਰ ਵਰਿੰਦਰ, ਕਾਮੇਡੀ ਵਿਚ ਮਿਹਰ ਮਿੱਤਲ, ਦੋਗਾਣਾ ਗਾਇਕੀ ਵਿਚ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਤੇ ਢਾਡੀਆਂ ਤੇ ਕਵੀਸ਼ਰਾਂ ਵਿਚ ਅਮਰ ਸਿੰਘ ਸ਼ੌਂਕੀ ਤੇ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਤੇ ਹਿੰਦੀ ਗੀਤਾਂ ਵਿਚ ਲਤਾ ਮੰਗੇਸ਼ਕਰ ਤੇ ਮੁਹੰਮਦ ਰਫ਼ੀ ਦਾ ਬਦਲ ਫੇਰ ਇਸ ਦੁਨੀਆ ’ਤੇ ਕਦੇ ਨਹੀਂ ਆਵੇਗਾ।
ਗੱਲ ਕਰਦੇ ਹਾਂ ਚੜ੍ਹਦੇ ਪੰਜਾਬ ਦੀਆਂ ਪੰਜਾਬੀ ਫ਼ਿਲਮਾਂ ਦੇ ਸੁਪਰਸਟਾਰ ਅਦਾਕਾਰ ਵਰਿੰਦਰ (ਉਰਫ਼ ਭਾਸ਼ੀ) ਦੀ ਜਿਸ ਨੇ ਪੰਜਾਬੀ ਸਿਨਮਾ ਨੂੰ ਵਿਸ਼ਵ ਪੱਧਰ ’ਤੇ ਲੈ ਕੇ ਜਾਣ ਲਈ ਪੂਰੀ ਵਾਹ ਲਾ ਦਿੱਤੀ ਸੀ। ਉਸ ਦਾ ਜਨਮ 16 ਅਗਸਤ, 1948 ਨੂੰ ਜ਼ਿਲ੍ਹਾ ਕਪੂਰਥਲਾ ਦੇ ਸਨਅਤੀ ਸ਼ਹਿਰ ਫਗਵਾੜਾ ਵਿਖੇ ਇਕ ਪੇਂਡੂ ਪਿਛੋਕੜ ਰੱਖਦੇ ਜ਼ਿਮੀਂਦਾਰਾ ਪਰਿਵਾਰ ਵਿਚ ਹੋਇਆ। ਵਰਿੰਦਰ ਦੇ ਪਿਤਾ ਹਕੀਮ ਗੁਰਦਾਸ ਰਾਮ ਆਰੀਆ ਲਹਿਰ ਨਾਲ ਜੁੜੇ ਹੋਏ ਸਨ ਤੇ ਫਗਵਾੜਾ ਦੇ ਆਰੀਆ ਸਕੂਲ ਦੇ ਸੰਸਥਾਪਕ ਵੀ ਸਨ ਜਿਸ ਕਰਕੇ ਵਰਿੰਦਰ ਨੇ ਮੁੱਢਲੀ ਪੜ੍ਹਾਈ ਇਸੇ ਸਕੂਲ ਤੋਂ ਹੀ ਪੂਰੀ ਕੀਤੀ ਤੇ ਫਿਰ ਰਾਮਗੜ੍ਹੀਆ ਕਾਲਜ ਫਗਵਾੜਾ ਵਿਚ ਦਾਖਲਾ ਲੈ ਲਿਆ। ਉਸ ਨੇ ਸ਼ੂਰੂਆਤੀ ਦਿਨਾਂ ’ਚ ਜੇ. ਸੀ. ਟੀ. ਮਿੱਲ ਫਗਵਾੜਾ ਵਿਖੇ ਨੌਕਰੀ ਵੀ ਕੀਤੀ। ਵਰਿੰਦਰ, ਧਰਮਿੰਦਰ ਦੀ ਭੂਆ ਦਾ ਮੁੰਡਾ ਸੀ ਜਿਸ ਕਰਕੇ ਫ਼ਿਲਮਾਂ ’ਚ ਜਾਣ ਲਈ ਉਸ ਨੂੰ ਬਹੁਤੀ ਮੁਸ਼ਕਿਲ ਪੇਸ਼ ਨਹੀਂ ਆਈ। ਬਹੁਤ ਛੋਟੀ ਉਮਰ ਵਿਚ ਹੀ ਵਰਿੰਦਰ ਦਾ ਵਿਆਹ ਪਿੰਡ ਮਾਲ੍ਹਾ (ਨੇੜੇ ਗੁਰਾਇਆ) ਦੀ ਪਰਮਿੰਦਰ ਕੌਰ (ਉਰਫ਼ ਪੰਮੀ) ਨਾਲ ਹੋਇਆ।
ਸੰਗਾਊ ਸੁਭਾਅ ਵਾਲੇ ਵਰਿੰਦਰ ਨੇ ਪਹਿਲਾਂ ਹਿੰਦੀ ਫ਼ਿਲਮਾਂ ’ਚ ਰੋਲ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਸੰਨ 1975 ’ਚ ਉਹ ਪੰਜਾਬੀ ਫ਼ਿਲਮਾਂ ਵੱਲ ਆ ਗਿਆ। ਬਤੌਰ ਹੀਰੋ ਵਰਿੰਦਰ ਦੀ ਪਲੇਠੀ ਪੰਜਾਬੀ ਫ਼ਿਲਮ ‘ਤੇਰੀ ਮੇਰੀ ਇਕ ਜਿੰਦੜੀ’ ਸੀ। ਇਸ ਤੋਂ ਬਾਅਦ ਉਸ ਨੇ ਫ਼ਿਲਮਾਂ ਦੀ ਪਟਕਥਾ ਲਿਖੀ ਤੇ ਕਈ ਫ਼ਿਲਮਾਂ ਵਿਚ ਨਿਰਮਾਤਾ-ਨਿਰਦੇਸ਼ਨ ਦਾ ਕੰਮ ਆਪ ਕੀਤਾ। ਇਕ ਲੇਖਕ, ਅਦਾਕਾਰ, ਨਿਰਮਾਤਾ-ਨਿਰਦੇਸ਼ਕ ਦੇ ਤੌਰ ’ਤੇ ਵਰਿੰਦਰ ਨੇ ‘ਯਾਰੀ ਜੱਟ ਦੀ’, ‘ਲੰਬੜਦਾਰਨੀ’, ‘ਜਿੰਦੜੀ ਯਾਰ ਦੀ’, ‘ਸੰਤੋ-ਬੰਤੋ’, ‘ਤੇਰੀ ਮੇਰੀ ਇਕ ਜਿੰਦੜੀ’, ‘ਜੱਟ ਤੇ ਜ਼ਮੀਨ’, ‘ਪਟੋਲਾ’, ‘ਨਿੰਮੋ’, ‘ਜੱਟ ਸੂਰਮੇ’, ‘ਸਰਪੰਚ’, ‘ਰਾਂਝਣ ਮੇਰਾ ਯਾਰ’, ‘ਦੁਸ਼ਮਣੀ ਦੀ ਅੱਗ’, ‘ਬਟਵਾਰਾ’, ‘ਲਾਜੋ’ ਤੇ ‘ਬਲਬੀਰੋ ਭਾਬੀ’ ਵਿਚ ਕੰਮ ਕੀਤਾ। ਉਸ ਦੀਆਂ ‘ਧਰਮਜੀਤ’, ‘ਟਾਕਰਾ’, ‘ਕੁਆਰਾ ਮਾਮਾ’, ‘ਖੇਲ ਮੁਕੱਦਰ ਕਾ’, ‘ਸਰਦਾਰਾ-ਕਰਤਾਰਾ’, ‘ਜਿਗਰੀ ਯਾਰ’, ‘ਗੁੱਡੋ’, ‘ਰਾਣੋ’, ‘ਵੈਰੀ ਜੱਟ’, ‘ਗਿੱਧਾ’, ‘ਸੈਦਾਂ ਜੋਗਣ’, ‘ਸਵਾ ਲਾਖ ਸੇ ਏਕ ਲੜਾਊਂ’ ਫ਼ਿਲਮਾਂ ਵੀ ਉਸ ਸਮੇਂ ਬਹੁਤ ਹਿੱਟ ਹੋਈਆਂ। ਵਰਿੰਦਰ ਨੇ ਬਹੁਤ ਸਾਰੀਆਂ ਹੀਰੋਇਨਾਂ ਨਾਲ ਫ਼ਿਲਮਾਂ ਵਿਚ ਕੰਮ ਕੀਤਾ, ਪਰ ਪ੍ਰੀਤੀ ਸਪਰੂ ਨਾਲ ਉਸ ਦੀ ਜੋੜੀ ਬਹੁਤ ਜ਼ਿਆਦਾ ਮਕਬੂਲ ਹੋਈ। ਉਸ ਨੇ ਪੰਜਾਬੀ ਫ਼ਿਲਮਾਂ ’ਚ ਪੰਜਾਬੀਆਂ ਦਾ ਸੁਭਾਅ, ਉਨ੍ਹਾਂ ਦਾ ਰਹਿਣ-ਸਹਿਣ ਤੇ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕੀਤਾ। ਉਸ ਵੱਲੋਂ ਪੰਜਾਬੀ ਫ਼ਿਲਮਾਂ ਵਿਚ ਜੱਗਾ, ਕਰਮੂ, ਕਰਤਾਰਾ, ਮੋਹਣਾ, ਜੀਤ, ਧਰਮਾ, ਸੁੱਚਾ, ਜੀਤਾ ਤੇ ਕਰਮਾ ਦੇ ਨਿਭਾਏ ਕਿਰਦਾਰ ਅੱਜ ਵੀ ਲੋਕਾਂ ਨੂੰ ਨਹੀਂ ਭੁੱਲੇ।
ਉਸ ਨੇ ਪੰਜਾਬੀ ਫ਼ਿਲਮਾਂ ਵਿਚ ਪੰਜਾਬ ਦੇ ਮਸ਼ਹੂਰ ਲੋਕ-ਗਾਇਕਾਂ ਨੂੰ ਪਰਦੇ ’ਤੇ ਪੇਸ਼ ਕੀਤਾ। ਅਮਰ ਸਿੰਘ ਚਮਕੀਲਾ ਦਾ ਉਹ ਗੂੜ੍ਹਾ ਮਿੱਤਰ ਸੀ। ਪੰਜਾਬੀ ਫ਼ਿਲਮ ‘ਪਟੋਲਾ’ ਚਮਕੀਲਾ ਤੇ ਅਮਰਜੋਤ ਦੇ ਸਟੇਜੀ ਅਖਾੜੇ ਕਰਕੇ ਹੀ ਮਸ਼ਹੂਰ ਹੋਈ। ਉਹ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ’ਚ ਚਮਕੀਲੇ ਨੂੰ ਬਤੌਰ ਹੀਰੋ ਪੇਸ਼ ਕਰਨਾ ਚਾਹੁੰਦਾ ਸੀ। ਉਸ ਦੀ ਖ਼ੂਬੀ ਇਹ ਸੀ ਕਿ ਉਹ ਫ਼ਿਲਮ ਵਿਚਲੇ ਗੀਤ ਕਿਸ ਗਾਇਕ ਜਾਂ ਗਾਇਕਾ ਕੋਲੋਂ ਗਵਾਉਣੇ ਹਨ, ਫ਼ਿਲਮ ਦੀ ਕਹਾਣੀ, ਸੰਗੀਤ, ਲੁਕੇਸ਼ਨ, ਇੰਟਰਵਲ ਤੋਂ ਬਾਅਦ ਕਿਹੜਾ ਸੀਨ ਆਵੇ, ਫ਼ਿਲਮ ਵਿਚਲੀ ਕਾਮੇਡੀ ਤੇ ਡਾਇਲਾਗ ਦਾ ਉਹ ਖ਼ਾਸ ਖਿਆਲ ਰੱਖਦਾ ਸੀ।
ਕੱਦ ਦਾ ਛੋਟਾ ਹੋਣਾ, ਪਰ ਕੰਮ ਪ੍ਰਤੀ ਇਮਾਨਦਾਰ ਹੋਣਾ, ਅਣਥੱਕ ਮਿਹਨਤ ਨਾਲ ਫ਼ਿਲਮਾਂ ਦਾ ਨਿਰਮਾਣ ਕਰਨਾ, ਫ਼ਿਲਮ ’ਚ ਗੀਤਾਂ ਦਾ ਵਧੀਆ ਸੰਗੀਤ, ਵਿਦੇਸ਼ ਵਿਚ ਸ਼ੂਟਿੰਗ, ਫ਼ਿਲਮ ’ਚ ਪੰਜਾਬੀ ਲੋਕ ਗਾਇਕਾਂ ਨੂੰ ਪੇਸ਼ ਕਰਨਾ, ਪੰਜਾਬੀਆਂ ਦੀ ਨਬਜ਼ ਸਮਝ ਕੇ ਫ਼ਿਲਮ ਦੀ ਕਹਾਣੀ ਬਣਾਉਣੀ ਹੀ ਇਕ ਵੱਡਾ ਕਾਰਨ ਸੀ ਜਿਸ ਕਰਕੇ ਲੋਕ ਵਰਿੰਦਰ ਦੀ ਫ਼ਿਲਮ ਦੇਖਣ ਲਈ ਸਿਨਮਾ ਘਰਾਂ ਵੱਲ ਵਹੀਰਾਂ ਘੱਤੀ ਆਉਂਦੇ ਸਨ। ਉਸ ਨੇ ਆਪਣੀਆਂ ਫ਼ਿਲਮਾਂ ’ਚ ਵੱਖ-ਵੱਖ ਵਿਸ਼ਿਆਂ ਨੂੰ ਦਿਖਾਇਆ ਤੇ ਸਾਡੇ ਨੱਚਦੇ ਗਾਉਂਦੇ ਪੰਜਾਬ ਦੀ ਝਲਕ ਪੇਸ਼ ਕੀਤੀ। ਅੱਜ ਦੀ ਨੌਜਵਾਨ ਪੀੜ੍ਹੀ ਜੇਕਰ ਤਿੰਨ ਦਹਾਕੇ ਪਹਿਲਾਂ ਦਾ ਪੰਜਾਬ ਦੇਖਣਾ ਚਾਹੇ ਤਾਂ ਵਰਿੰਦਰ ਦੀਆਂ ਫ਼ਿਲਮਾਂ ਦੇਖ ਸਕਦੀ ਹੈ।
ਪੰਜਾਬੀ ਲੋਕਾਂ ਦੇ ਦਿਲਾਂ ਦੀ ਧੜਕਣ ਵਰਿੰਦਰ 6 ਦਸੰਬਰ, 1988 ਨੂੰ ਪਿੰਡ ਤਲਵੰਡੀ ਕਲਾਂ ਜ਼ਿਲ੍ਹਾ ਲੁਧਿਆਣਾ ਵਿਖੇ ਜਦੋਂ ਆਪਣੀ ਆਖ਼ਰੀ ਫ਼ਿਲਮ ‘ਜੱਟ ਤੇ ਜ਼ਮੀਨ’ ਦੀ ਸ਼ੂਟਿੰਗ ਸਮੇਂ ਅਦਾਕਾਰਾ ਮਨਪ੍ਰੀਤ ਕੌਰ ਨਾਲ ‘ਮੁੰਡਾ ਪੱਟ ਲਿਆ ਪਤਲੀ ਪਤੰਗ ਜੱਟੀ ਨੇ’ (ਹੀਰਾ ਗਰੁੱਪ ਯੂ.ਕੇ ਦਾ ਮਸ਼ਹੂਰ ਗੀਤ) ਗੀਤ ਦੇ ਫ਼ਿਲਮਾਂਕਣ ’ਚ ਮਸਰੂਫ਼ ਸੀ, ਉਦੋਂ ਅਣਪਛਾਤੇ ਵਿਅਕਤੀਆਂ ਨੇ ਬਿਨਾਂ ਕਿਸੇ ਕਾਰਨ ਹਨੇਰੇ ਦਾ ਫ਼ਾਇਦਾ ਉਠਾਉਂਦਿਆਂ ਉਸ ਉੱਤੇ ਗੋਲੀਆਂ ਚਲਾ ਕੇ ਉਸ ਨੂੰ ਸਦਾ ਲਈ ਖੋਹ ਲਿਆ। ਕੈਮਰਾਮੈਨ ਪ੍ਰੀਤਮ ਸਿੰਘ ਭੱਲਾ ਤੇ ਹੀਰੋਇਨ ਦੇ ਵੀ ਗੋਲੀਆਂ ਲੱਗੀਆਂ ਤੇ ਉਹ ਬਚ ਗਏ, ਪਰ ਜ਼ਿਆਦਾ ਗੋਲੀਆਂ ਲੱਗਣ ਕਰਕੇ ਵਰਿੰਦਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਕੋ ਸਾਲ ਵਿਚ ਇਹ ਦੂਜਾ ਮੌਕਾ ਸੀ ਜਦੋਂ ਅਮਰਜੋਤ ਤੇ ਚਮਕੀਲੇ ਦੀ ਮੌਤ ਤੋਂ ਬਾਅਦ ਵਰਿੰਦਰ ਦੇ ਚਾਹੁਣ ਵਾਲਿਆਂ ਨੂੰ ਉਸ ਦਾ ਵਿਛੋੜਾ ਝੱਲਣਾ ਪਿਆ ਸੀ। ਪਿੰਡ ਦੇ ਲੋਕਾਂ ਦੇ ਦੱਸਣ ਮੁਤਾਬਕ ਉਸ ਠੰਢੀ ਤੇ ਹਨੇਰੀ ਰਾਤ ਸਮੇਂ ਸ਼ੂਟਿੰਗ ਵੇਖਣ ਦੂਰ-ਦੂਰ ਦੇ ਪਿੰਡਾਂ ਤੋਂ ਲੋਕ ਪਹੁੰਚੇ ਹੋਏ ਸਨ। ਜਨਰੇਟਰ ਦੀ ਆਵਾਜ਼ ’ਚ ਪਹਿਲਾਂ ਤਾਂ ਲੋਕਾਂ ਨੂੰ ਗੋਲੀਆਂ ਦੀ ਆਵਾਜ਼ ਪਟਾਕੇ ਚੱਲਣ ਦੀ ਹੀ ਲੱਗੀ, ਪਰ ਜਦੋਂ ਹੀਰੋਇਨ ਦੇ ਗੋਲੀ ਵੱਜਣ ਨਾਲ ਖੂਨ ਨਿਕਲਿਆ ਤਾਂ ਚਾਰੇ ਪਾਸੇ ਭਗਦੜ ਮਚ ਗਈ ਤੇ ਲੋਕਾਂ ਨੇ ਕੋਠਿਆਂ ਤੋਂ ਛਾਲਾਂ ਮਾਰ ਦਿੱਤੀਆਂ। ਜਿਸ ਘਰ ’ਚ ਵਰਿੰਦਰ ਦੀ ਮੌਤ ਹੋਈ ਸੀ, ਉਹ ਘਰ ਹੁਣ ਭਾਵੇਂ ਪਹਿਲਾਂ ਵਾਲਾ ਨਹੀਂ ਰਿਹਾ, ਪਰ ਜਿੱਥੇ ਗੋਲੀ ਵੱਜਣ ਤੋਂ ਬਾਅਦ ਵਰਿੰਦਰ ਡਿੱਗਾ ਸੀ ਉਹ ਜਗ੍ਹਾ ਉਸੇ ਤਰ੍ਹਾਂ ਹੈ।
ਜਦੋਂ ਵਰਿੰਦਰ ਦੀ ਮੌਤ ਹੋਈ ਉਦੋਂ ਉਹ ਕਈ ਹਿੰਦੀ ਤੇ ਪੰਜਾਬੀ ਫ਼ਿਲਮਾਂ ’ਚ ਕੰਮ ਕਰ ਰਿਹਾ ਸੀ। ਵਰਿੰਦਰ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਪੰਮੀ ਵਰਿੰਦਰ ਨੇ ਉਸ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਬਹੁਤ ਉਪਰਾਲੇ ਕੀਤੇ। ਪੰਜਾਬ ਦੇ ਨਾਮਵਰ ਗਾਇਕਾਂ ਨੂੰ ਨਾਲ ਲੈ ਕੇ ‘ਵਿਛੋੜਾ ਤੇਰਾ’ ਕੈਸੇਟ ਟੈਕਸਲਾ ਕੰਪਨੀ ਵਿਚ ਰਿਲੀਜ਼ ਕੀਤੀ ਤੇ ਵਰਿੰਦਰ ਦੀ ਯਾਦ ’ਚ ਕਈ ਸਮਾਗਮ ਵੀ ਕਰਵਾਏ। ਮੌਤ ਤੋਂ ਬਾਅਦ ਵਰਿੰਦਰ ਨੂੰ ਅਣਗੋਲਿਆ ਗਿਆ। ਲੋੜ ਤਾਂ ਇਹ ਸੀ ਕਿ ਉਸ ਦੇ ਜੀਵਨ ’ਤੇ ਇਕ ਪੰਜਾਬੀ ਫ਼ਿਲਮ ਬਣਦੀ, ਪਰ ਅਜਿਹਾ ਹੋਇਆ ਨਹੀਂ, ਜੇ ਇੰਜ ਕਹਿ ਲਓ ਕਿ ਵਰਿੰਦਰ ਨੂੰ ਭੁਲਾ ਦਿੱਤਾ ਗਿਆ ਤਾਂ ਇਹ ਝੂਠ ਨਹੀਂ। ਉਸ ਦੀ ਪਤਨੀ ਪੰਮੀ ਵਰਿੰਦਰ ਉਸ ਦੀ ਮੌਤ ਤੋਂ ਬਾਅਦ ਕਾਫ਼ੀ ਸਮਾਂ ਸਦਮੇ ’ਚ ਰਹੀ ਤੇ ਅਖੀਰ 2010 ਵਿਚ ਮੁੰਬਈ ਵਿਖੇ ਉਸ ਦੀ ਮੌਤ ਹੋ ਗਈ। ਉਸ ਦੇ ਤਿੰਨ ਬੱਚਿਆਂ ’ਚੋਂ ਹੁਣ ਰਣਦੀਪ ਆਰੀਆ (ਅਦਾਕਾਰ), ਰਮਨਦੀਪ ਆਰੀਆ ਮੁੰਬਈ ਆਪਣੇ ਪਰਿਵਾਰ ਨਾਲ ਰਹਿ ਰਹੇ ਹਨ। ਵਰਿੰਦਰ ਦੀ ਬੇਟੀ ਮੋਨਿਕਾ, ਭਰਾ ਤੇ ਭੈਣਾਂ ਅੱਜ ਇਸ ਦੁਨੀਆ ’ਚ ਨਹੀਂ ਹਨ। ਭਾਵੇਂ ਪੰਜਾਬੀ ਸਿਨਮਾ ਨੇ ਵਰਿੰਦਰ ਨੂੰ ਭੁਲਾ ਦਿੱਤਾ, ਪਰ ਉਸ ਦੇ ਚਾਹੁਣ ਵਾਲੇ ਉਸ ਨੂੰ ਰਹਿੰਦੀ ਦੁਨੀਆ ਤਕ ਅਮਰ ਰੱਖਣਗੇ।