ਮੁੰਬਈ: ਫਿਲਮਕਾਰ ਕਰਨ ਜੌਹਰ ਨੇ ਅੱਜ ਐਲਾਨ ਕੀਤਾ ਹੈ ਕਿ ਉਹ ਇੰਡੀਅਨ ਨੈਸ਼ਨਲ ਕਾਂਗਰਸ ਦੇ ਸਾਬਕਾ ਪ੍ਰਧਾਨ ਸੀ ਸ਼ੰਕਰਨ ਨਾਇਰ ਦੇ ਜੀਵਨ ’ਤੇ ਫਿਲਮ ਬਣਾਏਗਾ। ਇਸ ਫਿਲਮ ਦਾ ਨਾਂ ‘ਦਿ ਅਨਟੋਲਡ ਸਟੋਰੀ ਆਫ ਸੀ ਸ਼ੰਕਰਨ ਨਾਇਰ’ ਹੋਵੇਗਾ ਤੇ ਇਹ ਫਿਲਮ ਇਸ ਸਮਾਜ ਸੇਵੀ ਤੇ ਵਕੀਲ ਨਾਇਰ ਦੇ ਸੱਚੇ ਜੀਵਨ ’ਤੇ ਆਧਾਰਿਤ ਹੈ। ਕਰਨ ਨੇ ਦੱਸਿਆ ਕਿ ਉਹ ਸ਼ੰਕਰਨ ਨਾਇਰ ਦੇ ਪੜਪੋਤੇ ਰਘੂ ਪਲਾਤ ਤੇ ਉਸ ਦੀ ਪਤਨੀ ਪੁਸ਼ਪਾ ਪਲਾਤ ਦੀ ਪੁਸਤਕ ‘ਦਿ ਕੇਸ ਦੈਟ ਸ਼ੁੱਕ ਦਿ ਐਂਪਾਇਰ’ ਤੋਂ ਪ੍ਰਭਾਵਿਤ ਹੋਇਆ ਹੈ। ਇਹ ਫਿਲਮ ਜੌਹਰ ਦੀ ਡਰਾਮਾ ਪ੍ਰੋਡਕਸ਼ਨ ਸਟਿੱਲ ਐਂਡ ਸਟਿੱਲ ਮੀਡੀਆ ਕੁਲੈਕਟਿਵ ਦੇ ਸਹਿਯੋਗ ਨਾਲ ਤਿਆਰ ਕਰੇਗੀ। ਇਸ ਫਿਲਮ ਦਾ ਨਿਰਦੇਸ਼ਨ ਕਰਨ ਸਿੰਘ ਤਿਆਗੀ ਕਰਨਗੇ ਜਿਸ ਵਿਚ ਸ਼ੰਕਰਨ ਨਾਇਰ ਵੱਲੋਂ ਜਲ੍ਹਿਆਂਵਾਲਾ ਬਾਗ ਕਤਲੇਆਮ ਬਾਰੇ ਬ੍ਰਿਟਿਸ਼ ਰਾਜ ਦੇ ਝੂਠ ਦਾ ਪਰਦਾਫਾਸ਼ ਕਰਨ ਲਈ ਕਾਨੂੰਨੀ ਲੜਾਈ ਲੜੀ ਗਈ ਸੀ। 49 ਸਾਲਾ ਕਰਨ ਨੇ ਅੱਜ ਟਵਿੱਟਰ ’ਤੇ ਸ਼ੰਕਰਨ ਨਾਇਰ ਦੀ ਜੀਵਨੀ ’ਤੇ ਆਧਾਰਿਤ ਫਿਲਮ ਬਣਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਉਸ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਉਹ ਨਾਇਰ ਦੀ ਜੀਵਨੀ ਨੂੰ ਵਿਸ਼ਵ ਭਰ ਦੇ ਦਰਸ਼ਕਾਂ ਸਾਹਮਣੇ ਪੇਸ਼ ਕਰੇਗਾ। ਇਸ ਫਿਲਮ ਵਿਚ ਕੰਮ ਕਰਨ ਵਾਲੇ ਅਦਾਕਾਰਾਂ ਦਾ ਹਾਲੇ ਐਲਾਨ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਕਰਨ ਜੌਹਰ ਵਲੋਂ ਇਸ ਫਿਲਮ ਤੋਂ ਇਲਾਵਾ ‘ਸੂਰਿਆਵੰਸ਼ੀ’, ‘ਬ੍ਰਹਮਾਸਤਰ’, ਦੋਸਤਾਨਾ-2, ਮੀਨਾਕਸ਼ੀ ਸੁੰਦਰੇਸ਼ਵਰ ਫਿਲਮਾਂ ਬਣਾਈਆਂ ਜਾ ਰਹੀਆਂ ਹਨ। ਉਹ ਮਾਧੁਰੀ ਦੀਕਸ਼ਤ ਦੀ ਵੈੱਬ ਸੀਰੀਜ਼ ‘ਫਾਈਂਡਿੰਗ ਅਨਾਮਿਕਾ’ ਅਤੇ ‘ਫੈਬੂਲਸ ਲਾਈਵਜ਼ ਆਫ ਬੌਲੀਵੁੱਡ ਵਾਈਵਜ਼’ ਦਾ ਵੀ ਨਿਰਮਾਣ ਕਰ ਰਿਹਾ ਹੈ। ਇਸ ਤੋਂ ਇਲਾਵਾ ਕਰਨ ਜੌਹਰ ਸੀਰੀਅਲ ‘ਤਖਤ’ ਦਾ ਵੀ ਨਿਰਦੇਸ਼ਨ ਕਰ ਰਿਹਾ ਹੈ ਜਿਸ ਵਿਚ ਰਣਵੀਰ ਸਿੰਘ, ਆਲੀਆ ਭੱਟ, ਵਿੱਕੀ ਕੌਸ਼ਲ, ਕਰੀਨਾ ਕਪੂਰ ਖਾਨ, ਅਨਿਲ ਕਪੂਰ, ਜਾਹਨਵੀ ਕਪੂਰ ਤੇ ਭੂਮੀ ਪੇਡਨੇਕਰ ਅਦਾਕਾਰੀ ਦੇ ਜੌਹਰ ਦਿਖਾਉਣਗੀਆਂ। -ਪੀਟੀਆਈ