ਮੁੰਬਈ: ਬੌਲੀਵੁੱਡ ਅਦਾਕਾਰ ਤੇ ਫ਼ਿਲਮ ਨਿਰਮਾਤਾ ਜੌਹਨ ਅਬਰਾਹਮ ਹਾਲ ਹੀ ਵਿੱਚ ‘ਮਰਸੀ ਫਾਰ ਐਨੀਮਲਜ਼’ ਨਾਂ ਦੀ ਸੰਸਥਾ ਵੱਲੋਂ ਚਲਾਈ ਜਾ ਰਹੀ ‘ਬੀ ਨਾਈਸ’ ਮੁਹਿੰਮ ਤਹਿਤ ਇੱਕ ਵਿਗਿਆਪਨ ਵਿੱਚ ਕੰਮ ਕਰਦਾ ਨਜ਼ਰ ਆਇਆ ਹੈ। ਇਸ ਵਿਗਿਆਪਨ ਦੀ ਟੈਗਲਾਈਨ ਹੈ, ‘ਉਸ ਸੰਸਾਰ ਵਿੱਚ ਜਿੱਥੇ ਤੁਸੀਂ ਕੁਝ ਵੀ ਬਣ ਸਕਦੇ ਹੋਵੋ, ਚੰਗੇ ਜ਼ਰੂਰ ਬਣੋ। ਜਾਨਵਰ ਇੱਜ਼ਤ, ਆਜ਼ਾਦੀ ਤੇ ਸਾਡੇ ਪਿਆਰ ਦੇ ਹੱਕਦਾਰ ਹਨ।’ ਅਦਾਕਾਰ ਨੇ ਕਿਹਾ, ‘ਇਸ ਮੁਹਿੰਮ ਰਾਹੀਂ ਮੈਂ ਇਹ ਸੰਦੇਸ਼ ਦੇੇਣਾ ਚਾਹੁੰਦਾ ਹਾਂ ਕਿ ਕੋਈ ਵੀ ਇਨਸਾਨ ਜਾਨਵਰਾਂ ਦੀ ਘੱਟ ਤੋਂ ਘੱਟ ਮਦਦ ਕਰਨ ਲਈ ਉਨ੍ਹਾਂ ਨਾਲ ਚੰਗਾ ਵਿਹਾਰ ਜ਼ਰੂਰ ਕਰ ਸਕਦਾ ਹੈ। ਮੈਂ ਹਮੇਸ਼ਾ ਹੀ ਲੋੜਵੰਦ ਜਾਨਵਰਾਂ ਦੀ ਮਦਦ ਕੀਤੀ ਹੈ ਤੇ ਅੱਗੇ ਵੀ ਕਰਦਾ ਰਹਾਂਗਾ।’ ਹਾਲ ਹੀ ਵਿੱਚ ਅਦਾਕਾਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਜਾਨਵਰਾਂ ’ਤੇ ਹੋਣ ਵਾਲੇ ਅੱਤਿਆਚਾਰਾਂ ਖ਼ਿਲਾਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਇੱਕ ਪਟੀਸ਼ਨ ਵਿੱਚ ਹਸਤਾਖਰ ਕਰਨ ਲਈ ਵੀ ਪ੍ਰੇਰਿਆ। ਸੰਸਥਾ ‘ਮਰਸੀ ਫਾਰ ਐਨੀਮਲਜ਼’ ਦੇ ਸੀਈਓ ਨਿਕੁੰਜ ਸ਼ਰਮਾ ਨੇ ਕਿਹਾ, ਜਾਨਵਰਾਂ ਦੀ ਸੁਰੱਖਿਆ ਪ੍ਰਤੀ ਸਖ਼ਤ ਕਾਨੂੰਨ ਬਣਾਉਣ ਲਈ ਜੌਹਨ ਵੱਲੋਂ ਆਪਣੇ ਪ੍ਰਸ਼ੰਸਕਾਂ ਤੱਕ ਕੀਤੀ ਗਈ ਪਹੁੰਚ ਦਰਸਾਉਂਦੀ ਹੈ ਕਿ ਉਹ ਜਾਨਵਰਾਂ ਦੇ ਹੱਕਾਂ ਪ੍ਰਤੀ ਸੰਵੇਦਨਸ਼ੀਲ ਹੈ। ਜੌਹਨ ਲੋੜਵੰਦ ਜਾਨਵਰਾਂ ਦੀ ਮਦਦ ਲਈ ਖੁੱਲ੍ਹ ਕੇ ਅੱਗੇ ਆਇਆ ਹੈ।’ -ਆਈਏਐੱਨਐੱਸ