ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 19 ਅਕਤੂਬਰ
ਪਿੰਡ ਮਾਂਗਟਕੇਰ ਦੇ ਵਸਨੀਕ ਨਿਰਮਲ ਸਿੰਘ ਦੀ ਪਤਨੀ ਰਮਨਦੀਪ ਕੌਰ ਕਰੀਬ ਢਾਈ ਸਾਲ ਪਹਿਲਾਂ ਲਾਪਤਾ ਹੋ ਗਈ ਸੀ, ਜਿਸ ਨੂੰ ਹੁਣ ਸਥਾਨਕ ਪੁਲੀਸ ਨੇ ਲੱਭ ਲਿਆ ਹੈ। ਰਮਨਦੀਪ ਨਾਲ ਨੇੜਲੇ ਪਿੰਡ ਦੇ ਡਾਕਟਰ ਨੂੰ ਵੀ ਕਾਬੂ ਕੀਤਾ ਗਿਆ ਹੈ। ਪੁਲੀਸ ਅਨੁਸਾਰ ਰਮਨਦੀਪ ਆਪਣੇ ਸਹੁਰੇ ਜਾਂ ਪੇਕੇ ਘਰ ਜਾਣ ਦੀ ਥਾਂ ਡਾਕਟਰ ਦੋਸਤ ਨਾਲ ਰਹਿਣ ਦੀ ਮੰਗ ਕੀਤੀ ਹੈ, ਜਦਕਿ ਉਸ ਦੇ ਸਹੁਰਾ ਪਰਿਵਾਰ ਵੱਲੋਂ ਮਾਨਸਿਕ, ਆਰਥਿਕ ਤੇ ਸਮਾਜਿਕ ਪੱਧਰ ’ਤੇ ਹੋਏ ਸ਼ੋਸ਼ਣ ਲਈ ਦੋਵਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਨਿਰਮਲ ਨੇ ਦੱਸਿਆ ਕਿ ਰਮਨਦੀਪ ਨਾਲ 14 ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ ਤੇ ਉਨ੍ਹਾਂ ਦੇ ਘਰ ਇੱਕ ਧੀ ਸੁਖਮਨਦੀਪ ਕੌਰ ਤੇ ਪੁੱਤਰ ਜਰਮਨਜੀਤ ਸਿੰਘ ਨੇ ਜਨਮ ਲਿਆ ਸੀ। ਸੁਖਮਨਦੀਪ ਨੂੰ 2018 ਵਿੱਚ ਕੈਂਸਰ ਦੀ ਸ਼ਿਕਾਇਤ ਆਈ, ਜਿਸ ਦਾ ਇਲਾਜ ਸਾਦਿਕ ਦੇ ਡਾਕਟਰ ਸੂਬਾ ਸਿੰਘ ਕੋਲ ਚੱਲ ਰਿਹਾ ਸੀ। ਉਸ ਦੀ ਧੀ ਨਾ ਬਚ ਸਕੀ, ਪਰ ਰਮਨਦੀਪ ਤੇ ਡਾ. ਸੂਬਾ ਸਿੰਘ ਵਿੱਚ ਨੇੜਤਾ ਬਣ ਗਈ, ਜਿਸ ਮਗਰੋਂ 22 ਮਈ 2020 ਨੂੰ ਰਮਨਦੀਪ ਘਰੋਂ ਕਿਤੇ ਚਲੀ ਗਈ। ਇਸ ਮਗਰੋਂ ਰਮਨਦੀਪ ਦੇ ਪੇਕਾ ਪਰਿਵਾਰ ਨੇ ਨਿਰਮਲ ਸਿੰਘ, ਉਸ ਦੇ ਪਿਤਾ ਕੁਲਦੀਪ ਸਿੰਘ ਤੇ ਮਾਤਾ ਹਰਵਿੰਦਰ ਕੌਰ ’ਤੇ ਰਮਨਦੀਪ ਦਾ ਕਤਲ ਕਰਨ ਦੇ ਦੋਸ਼ ਲਗਾਏ। ਇਸ ਕੇਸ ਦੀ ਜਾਂਚ ‘ਸਿਟ’ ਵੱਲੋਂ ਕੀਤੀ ਗਈ ਤੇ 13 ਅਕਤੂਬਰ 2021 ਨੂੰ ਇਸ ਕੇਸ ਵਿੱਚ ਕੁਝ ਹੋਰ ਧਾਰਾਵਾਂ ਜੋੜੀਆਂ ਗਈਆਂ। ਲੰਬਾ ਸਮਾਂ ਰਮਨਦੀਪ ਦੀ ਭਾਲ ਕਰਨ ਮਗਰੋਂ ਹੁਣ ਉਹ ਤੇ ਸੂਬਾ ਸਿੰਘ ਪੁਲੀਸ ਹੱਥ ਲੱਗੇ ਹਨ। ਥਾਣਾ ਸਦਰ ਦੇ ਮੁਖੀ ਜਗਸੀਰ ਸਿੰਘ ਨੇ ਦੱਸਿਆ ਕਿ ਰਮਨਦੀਪ ਵੱਲੋਂ ਅਦਾਲਤ ’ਚ ਸੂਬਾ ਸਿੰਘ ਨਾਲ ਰਹਿਣ ਦੀ ਇੱਛਾ ਜਤਾਈ ਗਈ ਹੈ, ਜਿਸ ਦੇ ਆਧਾਰ ’ਤੇ ਪੁਲੀਸ ਬਣਦੀ ਕਾਰਵਾਈ ਕਰ ਰਹੀ ਹੈ। ਹਾਲਾਂਕਿ ਇਸ ਸਬੰਧੀ ਐੱਸਐੱਸਪੀ ਡਾ. ਸਚਿਨ ਗੁਪਤਾ ਨੇ ਦੱਸਿਆ ਕਿ ਰਮਨਦੀਪ ਨੂੰ ਬੰਦੀ ਬਣਾ ਲਿਆ ਗਿਆ ਸੀ, ਜਿਸ ਨੂੰ ਭਾਲ ਕੇ ਹੁਣ ਵਾਰਸਾਂ ਹਵਾਲੇ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਐੱਸਪੀ (ਡੀ), ਡੀਐੱਸਪੀ ਤੇ ਐੱਸਐੱਚਓ ਸਦਰ ਮੁਕਤਸਰ ’ਤੇ ਅਧਾਰਿਤ ਸਿਟ ਵੱਲੋਂ ਕੀਤੀ ਗਈ ਜਾਂਚ ਅਨੁਸਾਰ ਸੂਬਾ ਸਿੰਘ ਵਾਸੀ ਮਮਦੋਟ ਉਤਾੜ (ਫਿਰੋਜ਼ਪੁਰ) ਨੇ ਰਮਨਦੀਪ ਨੂੰ ਬੰਦੀ ਬਣਾਇਆ ਹੋਇਆ ਸੀ।