ਮੁੰਬਈ: ਅਦਾਕਾਰ ਪੰਕਜ ਤ੍ਰਿਪਾਠੀ ਫਿਲਮ ‘ਕੜਕ ਸਿੰਘ’ ਵਿੱਚ ਇੱਕ ਅਜਿਹਾ ਕਿਰਦਾਰ ਨਿਭਾਅ ਰਿਹਾ ਹੈ, ਜੋ ਆਪਣੀ ਯਾਦਦਾਸ਼ਤ ਗਵਾ ਚੁੱਕਿਆ ਹੈ। ਅਦਾਕਾਰ ਦਾ ਕਹਿਣਾ ਹੈ ਕਿ ਇਹ ਫਿਲਮ ਉਸ ਲਈ ਇੱਕ ‘ਵਿਸ਼ੇਸ਼ ਪ੍ਰਾਜੈਕਟ’ ਹੈ। ਕੌਮੀ ਐਵਾਰਡ ਜੇਤੂ ਨਿਰਦੇਸ਼ਕ ਅਨਿਰੁੱਧ ਰੌਏ ਚੌਧਰੀ ਵੱਲੋਂ ਨਿਰਦੇਸ਼ਿਤ ਇਸ ਫਿਲਮ ਵਿੱਚ ਪੰਕਜ ਤ੍ਰਿਪਾਠੀ ਏਕੇ ਸ੍ਰੀਵਾਸਤਵ ਦਾ ਕਿਰਦਾਰ ਨਿਭਾਅ ਰਿਹਾ ਹੈ, ਜੋ ਕਈ ਝੂਠੀਆਂ ਕਹਾਣੀਆਂ ਵਿੱਚ ਉਲਝਿਆ ਹੋਇਆ ਹੈ ਤੇ ਆਪਣੀ ਯਾਦਦਾਸ਼ਤ ਵਾਪਸ ਲਿਆਉਣ ਦਾ ਯਤਨ ਕਰਦਾ ਹੈ। ਫਿਲਮ ਦਾ ਟ੍ਰੇਲਰ ਅੰਤਰਰਾਸ਼ਟਰੀ ਭਾਰਤੀ ਫਿਲਮ ਫੈਸਟੀਵਲ (ਆਈਐਫਐਫਆਈ) ਵੱਲੋਂ ਲਾਂਚ ਕੀਤਾ ਗਿਆ ਅਤੇ ‘ਗਾਲਾ ਪ੍ਰੀਮੀਅਰ’ ਤਹਿਤ ਫਿਲਮ ਦਾ ਵਿਸ਼ਵ ਪ੍ਰੀਮੀਅਰ ਵੀ ਕੀਤਾ ਗਿਆ। ਅਦਾਕਾਰ ਨੇ ਕਿਹਾ, ‘ਪ੍ਰੀਮੀਅਰ ਮੌਕੇ ਮੈਂ ਸਾਰੀ ਫਿਲਮ ਸ਼ੁਰੂ ਤੋਂ ਅੰਤ ਤੱਕ ਵੇਖੀ ਤੇ ਮੈਂ ਆਪਣੇ ਹੰਝੂ ਨਹੀਂ ਸੀ ਰੋਕ ਸਕਿਆ। ਫਿਲਮ ਨੂੰ ਦਰਸ਼ਕਾਂ ਨੇ ਖੜ੍ਹੇ ਹੋ ਕੇ ਸਨਮਾਨ ਦਿੱਤਾ ਤੇ ਮੇਰੇ ਲਈ ਇਹ ਪਲ ਬਹੁਤ ਹੀ ਮਹੱਤਵਪੂਰਨ ਸਨ।’ ਇਸ ਫਿਲਮ ਵਿੱਚ ਪੰਕਜ ਤੋਂ ਇਲਾਵਾ ਸੰਜਨਾ ਸਾਂਘੀ, ਪ੍ਰਿਥਵੀ ਤਿਰੂਵੋਤੂ, ਜਯਾ ਅਹਿਸਾਨ, ਪਰੇਸ਼ ਪਾਹੂਜਾ ਤੇ ਵਰੁਨ ਬੁੱਧਾਦੇਵ ਵੀ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। -ਆਈਏਐੱਨਐੱਸ