ਮੁੰਬਈ: ਬੌਲੀਵੁੱਡ ਸਟਾਰ ਕਾਜੋਲ ਅਤੇ ਡਿਜ਼ਨੀ ਪਲੱਸ ਹੌਟਸਟਾਰ ਨੇ ਵੈੱਬ ਸੀਰੀਜ਼ ਲਈ ਹੱਥ ਮਿਲਾਇਆ ਹੈ। ਇਹ ਐਲਾਨ ਅੱਜ ਇੱਥੇ ਓਟੀਟੀ ਪਲੈਟਫਾਰਮ ਦੇ ਪ੍ਰਬੰਧਕਾਂ ਨੇ ਕੀਤਾ। ਅਦਾਕਾਰਾ ਨੇ ਸਾਲ 2021 ਵਿੱਚ ਨੈੱਟਫਿਲਕਿਸ ਫਿਲਮ ‘ਤ੍ਰਿਭੰਗਾ’ ਨਾਲ ਡਿਜੀਟਲ ਦੁਨੀਆ ਵਿੱਚ ਕਦਮ ਰੱਖਿਆ ਸੀ। ਹੌਟਸਟਾਰ ਵੱਲੋਂ ਸਾਂਝੇ ਕੀਤੇ ਗਏ ਇੱਕ ਬਿਆਨ ਵਿੱਚ ਕਾਜੋਲ ਨੇ ਕਿਹਾ ਕਿ ਇੱਕ ਨਵੇਂ ਫਾਰਮੈਟ ਦੀ ਪੜਚੋਲ ਕਰਨਾ ਹਮੇਸ਼ਾ ਇੱਕ ਚੁਣੌਤੀ ਭਰਿਆ ਹੁੰਦਾ ਹੈ ਪਰ ਇਹ ਇੱਕ ‘ਬਹੁਤ ਵਧੀਆ ਚੀਜ਼ ਹੈ ਕਿਉਂਕਿ ਮੈਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਸੰਦ ਹੈ।’’ ਉਸ ਨੇ ਕਿਹਾ, ‘‘ਡਿਜੀਟਲ ਸੀਰੀਜ਼ ਦੀ ਸ਼ੌਕੀਨ ਹੋਣ ਦੇ ਨਾਤੇ, ਵਿਸ਼ਾ ਹਮੇਸ਼ਾ ਦਿਲਚਸਪ ਰਿਹਾ ਹੈ, ਅਤੇ ‘ਆਰੀਆ’ ਤੇ ‘ਰੁਦਰਾ’ ਵਰਗੇ ਸ਼ਾਨਦਾਰ ਸ਼ੋਅ ਦੇਖਣ ਮਗਰੋਂ ਮੈਂ ਜਾਣਦੀ ਸੀ ਕਿ ਸੀਰੀਜ਼ ਦਾ ਸਫ਼ਰ ਸ਼ੁਰੂ ਕਰਨ ਲਈ ਡਿਜ਼ਨੀ ਪਲੱਸ ਹੌਟਸਟਾਰ ਵਰਗਾ ਕੋਈ ਹੋਰ ਪਲੈਟਫਾਰਮ ਨਹੀਂ ਹੈ।’’ ਡਿਜ਼ਨੀ ਪਲੱਸ ਹੌਟਸਟਾਰ ਦੇ ਵਿਸ਼ਾ ਅਤੇ ਐੱਚਐੱਸਐੱਮ ਐਂਟਰਟੇਨਮੈਂਟਨੈੱਟਵਰਕ, ਡਿਜ਼ਨੀ ਸਟਾਰ ਦੇ ਮੁਖੀ ਗੌਰਵ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਬਹੁਤ ਖੁਸ਼ ਹੈ ਕਿ ਕਾਜੋਲ ਨੇ ਉਨ੍ਹਾਂ ਨਾਲ ਹੱਥ ਮਿਲਾਇਆ ਹੈ। ਹਾਲਾਂਕਿ ਹੌਟਸਟਾਰ ਦੇ ਪ੍ਰਬੰਧਕਾਂ ਨੇ ਇਸ ਪ੍ਰਾਜੈਕਟ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਕਾਜੋਲ ਨੇ ਇੱਕ ਪੱਤਰਕਾਰ ਮਿਲਣੀ ਦੌਰਾਨ ਵੈੱਬ ਸੀਰੀਜ਼ ਦੀ ਦੁਨੀਆ ਵਿੱਚ ਆਪਣੀ ਨਵੀਂ ਸ਼ੁਰੂਆਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ਼ੋਅ ਦਾ ਕੰਮ ਜਲਦੀ ਹੀ ਸ਼ੁਰੂ ਹੋਵੇਗਾ। ਉਸ ਨੇ ਕਿਹਾ, ‘‘ਮੈਂ ਜਲਦੀ ਹੀ ਓਟੀਟੀ ਸ਼ੋਅ ਸ਼ੁਰੂ ਕਰ ਰਹੀ ਹਾਂ। ਇਹ ਇੱਕ ਔਰਤ ਅਤੇ ਉਸ ਦੇ ਸਫ਼ਰ ਦੀ ਕਹਾਣੀ ਹੈ।’’ -ਪੀਟੀਆਈ