ਚੇਨੱਈ: ਲੋਕੇਸ਼ ਕਨਕਰਾਜ ਦੇ ਨਿਰਦੇਸ਼ਨ ਹੇਠ ਬਣੀ ਅਦਾਕਾਰ ਕਮਲ ਹਾਸਨ ਦੀ ਫ਼ਿਲਮ ‘ਵਿਕਰਮ’ ਨੇ ਸਿਨੇਮਾ ਘਰਾਂ ਵਿੱਚ 75 ਦਿਨ ਪੂਰੇ ਕਰ ਲਏ ਹਨ। ਇਸ ਫਿਲਮ ਵਿੱਚ ਵਿਜੈ ਸੇਤੂਪਤੀ ਅਤੇ ਫਾਹਦ ਫਾਸਿਲ ਵੀ ਅਹਿਮ ਭੂਮਿਕਾਵਾਂ ਵਿੱਚ ਹਨ। ਫ਼ਿਲਮ ਦੇ ਨਿਰਮਾਤਾ ਕਮਲ ਹਾਸਨ ਦੇ ਪ੍ਰੋਡਕਸ਼ਨ ਹਾਊਸ ਰਾਜ ਕਮਲ ਫਿਲਮਜ਼ ਇੰਟਰਨੈਸ਼ਨਲ ਨੇ ਆਖਿਆ ਕਿ ‘ਵਿਕਰਮ’ ਨੇ ਸਿਨੇਮਾ ਵਿੱਚ 75 ਦਿਨ ਪੂਰੇ ਕਰ ਕੇ ਰਿਕਾਰਡ ਬਣਾ ਦਿੱਤਾ ਹੈ। ਫਿਲਮ ਨੇ ਤਾਮਿਲਨਾਡੂ ਦੇ ਬਾਕਸ ਆਫਿਸ ’ਤੇ ਵੀ ਕਮਾਲ ਕਰ ਦਿੱਤਾ ਹੈ। ਇਸ ਫਿਲਮ ਨੇ ਸਿਰਫ਼ 17 ਦਿਨਾਂ ਵਿੱਚ ਹੀ 155 ਕਰੋੜ ਤੋਂ ਜ਼ਿਆਦਾ ਕਮਾ ਲਏ ਸਨ। ਜੂਨ ਮਹੀਨੇ ਵਿੱਚ ਫਿਲਮ ਦੀ ਕੁੱਲ ਕਮਾਈ 400 ਕਰੋੜ ਨੂੰ ਪਾਰ ਕਰ ਗਈ ਸੀ। ਇਹ ਫ਼ਿਲਮ ਅਜੇ ਤੱਕ ਸਿਨੇਮਾ ਘਰਾਂ ਵਿੱਚ ਦਰਸ਼ਕਾਂ ਨੂੰ ਖਿੱਚ ਰਹੀ ਹੈ। ਆਨਲਾਈਨ ਪਲੈਟਫਾਰਮ ਡਿਜ਼ਨੀ ਪਲੱਸ ਹੌਟਸਟਾਰ ’ਤੇ ਅੱਠ ਜੁਲਾਈ ਨੂੰ ਰਿਲੀਜ਼ ਹੋਣ ਦੇ ਬਾਵਜੂਦ ਫ਼ਿਲਮ ਦੇਖਣ ਲਈ ਦਰਸ਼ਕ ਸਿਨੇਮਾ ਘਰਾਂ ਵਿੱਚ ਵੱਡੀ ਗਿਣਤੀ ਜਾ ਰਹੇ ਹਨ। ‘ਵਿਕਰਮ’ ਨੂੰ ਇਕੱਲੇ ਭਾਰਤ ਵਿੱਚ ਹੀ ਦਰਸ਼ਕਾਂ ਨੇ ਇੰਨਾ ਜ਼ਿਆਦਾ ਪਸੰਦ ਨਹੀਂ ਕੀਤਾ ਬਲਕਿ ਇਸ ਫਿਲਮ ਦਾ ਪ੍ਰਦਰਸ਼ਨ ਵਿਦੇਸ਼ਾਂ ਵਿੱਚ ਕਾਫ਼ੀ ਚੰਗਾ ਰਿਹਾ ਹੈ। ਲੋਕੇਸ਼ ਵੱਲੋਂ ਲਿਖੀ ਅਤੇ ਨਿਰਦੇਸ਼ਤ ਕੀਤੀ ਇਹ ਫਿਲਮ 3 ਜੂਨ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਸੀ। -ਆਈਏਐਨਐਸ