ਮੁੰਬਈ, 16 ਅਗਸਤ
ਅਦਾਕਾਰ ਕੰਗਨਾ ਰਣੌਤ ਨੇ ਇਕ ਕਵਿਤਾ ਜ਼ਰੀਏ ਫ਼ਿਲਮਸਾਜ਼ ਕਰਨ ਜੌਹਰ ਤੇ ਉਹਦੀ ਹਾਲੀਆ ਪ੍ਰੋਡਕਸ਼ਨ ਫਿਲਮ ‘ਗੁੰਜਨ ਸਕਸੈਨਾ’ ਨੂੰ ਨਿਸ਼ਾਨਾ ਬਣਾਇਆ ਹੈ। ਜੌਹਰ ਦੀ ਇਹ ਫ਼ਿਲਮ ਹਵਾਈ ਸੈਨਾ ਦੀ ਮਹਿਲਾ ਪਾਇਲਟ ਗੁੰਜਨ ਸਕਸੈਨਾ ’ਤੇ ਅਧਾਰਿਤ ਹੈ, ਜਿਸ ਨੇ ਕਾਰਗਿਲ ਜੰਗ ਵਿੱਚ ਆਪਣੀ ਬਹਾਦਰੀ ਦਾ ਲੋਹਾ ਮਨਵਾਇਆ ਸੀ। ਇਸ ਦੌਰਾਨ ਕਰਨ ਜੌਹਰ ਨੇ ਦੋ ਮਹੀਨਿਆਂ ਮਗਰੋਂ ਇੰਸਟਾਗ੍ਰਾਮ ’ਤੇ ਵਾਪਸੀ ਕੀਤੀ ਹੈ।
ਕੰਗਨਾ ਦੀ ਟੀਮ ਨੇ ਇਕ ਟਵੀਟ ਪੋਸਟ ਕਰਦਿਆਂ ਲਿਖਿਆ, ‘ਕਰਨ ਜੌਹਰ ਕੇ ਲੀਏ ਸ਼ਾਇਰੀ ਅਰਜ਼ ਹੈ…. ਹਮੇਂ ਨੈਸ਼ਨਲਿਜ਼ਮ ਕੀ ਦੁਕਾਨ ਚਲਾਨੀ ਹੈ ਪਰ ਦੇਸ਼ਭਗਤੀ ਨਹੀਂ ਦਿਖਾਨੀ ਹੈ। ਪਾਕਿਸਤਾਨ ਸੇ ਵਾਰ ਵਾਲੀ ਫਿਲਮੇਂ ਬਹੁਤ ਪੈਸਾ ਕਮਾਤੀ ਹੈਂ, ਹਮ ਭੀ ਬਨਾਏਂਗੇ ਲੇਕਿਨ ਉਸਕਾ ਵਿਲੇਨ ਭੀ ਹਿੰਦੁਸਤਾਨੀ ਹੈ। ਅਬ ਥਰਡ ਜੈਂਡਰ ਵੀ ਆ ਗਯਾ ਆਰਮੀ ਮੇਂ ਲੇਕਿਨ ਕਰਨ ਜੌਹਰ ਤੂੰ ਕਬ ਸਮਝੇਗਾ ਇਕ ਸੈਨਾਨੀ ਸਿਰਫ਼ ਸੈਨਾਨੀ ਹੈ।’ ਇਸ ਤੋਂ ਪਹਿਲਾਂ ਕੰਗਨਾ ਨੇ ਆਪਣੀ ਟੀਮ ਵੱਲੋਂ ਪੋਸਟ ਟਵੀਟਾਂ ਰਾਹੀਂ ਜਾਹਨਵੀ ਕਪੂਰ ਸਟਾਰਰ ਫ਼ਿਲਮ ‘ਗੁੰਜਨ ਸਕਸੈਨਾ: ਦਿ ਕਾਰਗਿਲ ਗਰਲ’ ਨੂੰ ਭੰਡਿਆ ਸੀ। ਅਜਿਹੇ ਹੀ ਇਕ ਟਵੀਟ ’ਚ ਲਿਖਿਆ ਸੀ, ‘ਕੁੱਲ ਮਿਲਾ ਕੇ ‘ਗੁੰਜਨ ਸਕਸੈਨਾ’ ਇਕ ਮਾਮੂਲੀ ਫ਼ਿਲਮ ਹੈ, ਜਿਸ ਵਿੱਚ ਇਕ ਸਿਪਾਹੀ ਦੀ ਜ਼ਿੰਦਗੀ ਦਾ ਮੂਲ ਸਾਰ ਗਾਇਬ ਹੈ।’ ਉਧਰ ਫ਼ਿਲਮਸਾਜ਼ ਕਰਨ ਜੌਹਰ ਨੇ ਦੋ ਮਹੀਨਿਆਂ ਦੇ ਵਕਫ਼ੇ ਮਗਰੋਂ ਇੰਸਟਾਗ੍ਰਾਮ ’ਤੇ ਵਾਪਸੀ ਕੀਤੀ ਹੈ। ਅਦਾਕਾਰ ਸੁਸ਼ਾਂਤ ਸਿੰਘ ਦੀ ਮੌਤ ਮਗਰੋਂ ਹੋਈ ਨੁਕਤਾਚੀਨੀ ਕਰਕੇ ਕਰਨ ਨੇ ਸੋਸ਼ਲ ਮੀਡੀਆ ਨਾਲੋਂ ਦੂਰੀ ਬਣਾ ਲਈ ਸੀ। ਫ਼ਿਲਮਸਾਜ਼ ਨੇ ਆਜ਼ਾਦੀ ਦਿਹਾੜੇ ਦੀ ਇਕ ਪੋਸਟ ਨਾਲ ਵਾਪਸੀ ਕੀਤੀ ਹੈ। -ਆਈਏਐੱਨਐੱਸ