ਮੁੰਬਈ: ਅਦਾਕਾਰਾ ਕੰਗਨਾ ਰਣੌਤ ਨੇ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਆਪਣੇ ਨਵੇਂ ਆ ਰਹੇ ਸ਼ੋਅ ‘ਲੌਕ ਅੱਪ’ ਦੀ ਇੱਕ ਵੀਡੀਓ ਕਲਿੱਪ ਸਾਂਝੀ ਕੀਤੀ ਹੈ, ਜਿਸ ਵਿੱਚ ਕੰਗਨਾ ਨੇ ਸ਼ੋਅ ਦੀ ਤੀਜੀ ਉਮੀਦਵਾਰ ਵੱਲ ਇਸ਼ਾਰਾ ਕੀਤਾ ਹੈ। ਇਸ ਵੀਡੀਓ ਵਿੱਚ ਇੱਕ ਖ਼ੂਬਸੂਰਤ ਲੜਕੀ ਇੱਕ ਰੇਸਤਰਾਂ ਵਿੱਚ ਦਾਖ਼ਲ ਹੁੰਦੀ ਹੋਈ ਆਪਣੇ ਫੋਨ ਤੋਂ ਆਪਣੇ ਮਿੱਤਰ ਨੂੰ ਮੈਸੇਜ ਕਰਦੀ ਦਿਖਾਈ ਦਿੰਦੀ ਹੈ। ਜਿਵੇਂ ਹੀ ਇਹ ਲੜਕੀ ਬੈਠ ਕੇ ‘ਸਟੀਮਿੰਗ ਹੌਟ’ ਕਾਫ਼ੀ ਦਾ ਆਰਡਰ ਦਿੰਦੀ ਹੈ, ਕੰਗਨਾ ਦੇ ਬੰਦੇ ਉਸ ਨੂੰ ‘ਸਟੀਮਿੰਗ ਹੌਟ’ ਹੋਣ ਦੇ ਦੋਸ਼ ਹੇਠ ਕਾਬੂ ਕਰ ਲੈਂਦੇ ਹਨ। ਸ਼ੋਅ ਵਿੱਚ 16 ਸ਼ਖ਼ਸੀਅਤਾਂ ਨੂੰ ਕੰਗਨਾ ਦੀ ਜੇਲ੍ਹ ਵਿੱਚ ਬੰਦ ਕੀਤਾ ਜਾਵੇਗਾ। ਇਸ ਸ਼ੋਅ ਵਿੱਚ ਭਾਗ ਲੈਣ ਵਾਲਿਆਂ ਵਿੱਚ ਦਿਵਯੰਕਾ ਤ੍ਰਿਪਾਠੀ, ਮਾਨਵ ਗੋਹਿਲ, ਹਿਨਾ ਖ਼ਾਨ, ਸ਼ਵੇਤਾ ਤਿਵਾੜੀ, ਸੁਰਭੀ ਜਯੋਤੀ, ਉਰਫ਼ੀ ਜਾਵੇਦ, ਆਦਿੱਤਿਆ ਸਿੰਘ ਰਾਜਪੂਤ, ਮਲਿਕਾ ਸ਼ੇਰਾਵਤ, ਅਨੁਸ਼ਕਾ ਸੇਨ, ਅਵਨੀਤ ਕੌਰ, ਚੇਤਨ ਭਗਤ, ਹਰਸ਼ ਬੈਨੀਵਾਲ, ਸ਼ਹਿਨਾਜ਼ ਗਿੱਲ, ਵੀਰ ਦਾਸ, ਪੂਨਮ ਪਾਂਡੇ, ਨਿਸ਼ਾ ਰਾਵਲ, ਕਾਮੇਡੀਅਨ ਮੁਨੱਵਰ ਫਾਰੂਕੀ ਤੇ ਹੋਰ ਸ਼ਾਮਲ ਹਨ। ਇਹ ਸ਼ੋਅ 27 ਫਰਵਰੀ ਤੋਂ ਏਐੱਲਟੀ ਬਾਲਾਜੀ ਅਤੇ ਐੱਮਐੈੱਕਸ ਪਲੇਅਰ ’ਤੇ ਦਿਖਾਇਆ ਜਾਵੇਗਾ। -ਆਈਏਐੱਨਐੱਸ