ਹੈਦਰਾਬਾਦ: ਬੌਲੀਵੁੱਡ ਫ਼ਿਲਮਸਾਜ਼ ਕਰਨ ਜੌਹਰ ਨੇ ਪੈਨ-ਇੰਡੀਅਨ ਫ਼ਿਲਮਾਂ ਬਾਰੇ ਗੱਲਬਾਤ ਕਰਦਿਆਂ ਦੱਖਣੀ ਭਾਰਤ ਦੇ ਸਿਨੇਮਾ ਜਗਤ, ਖਾਸ ਕਰਕੇ ਤੇਲਗੂ ਫ਼ਿਲਮਾਂ ਦੀ ਤਾਰੀਫ਼ ਕੀਤੀ। ਉਸ ਨੇ ਆਖਿਆ ਕਿ ਹਾਲ ਵਿੱਚ ਜਿੰਨਾ ਕਾਰੋਬਾਰ ਤੇਲਗੂ ਫ਼ਿਲਮਾਂ ਨੇ ਕੀਤਾ ਹੈ ਓਨਾ ਹਿੰਦੀ ਫਿਲਮਾਂ ਨਹੀਂ ਕਰ ਸਕੀਆਂ। ਉਸ ਨੇ ਤੇਲਗੂ ਫ਼ਿਲਮਾਂ ਦੇ ਵਪਾਰਕ ਪੱਖ ਬਾਰੇ ਚਾਨਣਾ ਪਾਉਂਦਿਆਂ ਅੱਲੂ ਅਰਜੁਨ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ ‘ਪੁਸ਼ਪਾ’ ਦੀ ਉਦਾਹਰਣ ਵੀ ਦਿੱਤੀ।
ਕਰਨ ਨੇ ਕਿਹਾ, ‘‘ਅੱਲੂ ਅਰਜੁਨ ਦੀ ਫ਼ਿਲਮ ‘ਪੁਸ਼ਪਾ’ ਬਿਨਾਂ ਕਿਸੇ ਪ੍ਰਮੋਸ਼ਨ ਦੇ, ਸਿਰਫ ਕੁਝ ਪੋਸਟਰਾਂ ਅਤੇ ਟ੍ਰੇਲਰ ਨਾਲ ਰਿਲੀਜ਼ ਕੀਤੀ ਗਈ ਸੀ। ਭਾਵੇਂ ਅੱਲੂ ਅਰਜੁਨ ਨੂੰ ਉੱਤਰੀ ਭਾਰਤ ਵਿੱਚ ਨਹੀਂ ਜਾਣਿਆ ਜਾਂਦਾ ਹੈ ਪਰ ਉਸਦੀ ਫਿਲਮ ਨੇ ਬਾਕਸ-ਆਫਿਸ ’ਤੇ ਬਹੁਤ ਕਮਾਈ ਕੀਤੀ ਹੈ, ਹੁਣ ਇਸ ਨੂੰ ‘ਪੈਨ-ਇੰਡੀਆ ਕ੍ਰੇਜ਼’ ਕਿਹਾ ਜਾਂਦਾ ਹੈ’’। ਕਰਨ ਨੇ ਕਿਹਾ ਕਿ ‘ਪੈਨ-ਇੰਡੀਅਨ ਫ਼ਿਲਮ’ ਦੀ ਪੂਰੀ ਪਰਿਭਾਸ਼ਾ ਐੱਸਐੱਸ ਰਾਜਾਮੌਲੀ ਦੀ ‘ਬਾਹੂਬਲੀ’ ਨਾਲ ਸ਼ੁਰੂ ਹੋਈ ਸੀ। ਉਨ੍ਹਾਂ ਕਿਹਾ ਕਿ ‘ਬਾਹੂਬਲੀ 1’ ਨੇ 112 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ, ਜਦੋਂ ਕਿ ਰਾਜਾਮੌਲੀ ਦੀ ਪਿਛਲੀ ਹਿੰਦੀ ਫਿਲਮ ‘ਮੱਖੀ’ ਨੇ ਸਿਰਫ਼ ਇਕ ਕਰੋੜ ਰੁਪਏ ਕਮਾਏ ਸਨ। -ਆਈਏਐੱਨਐੱਸ