ਮੁੰਬਈ: ਫਿਲਮਸਾਜ਼ ਕਰਨ ਜੌਹਰ ਨੇ ਆਪਣੇ ਪ੍ਰੋਡਕਸ਼ਨ ਹਾਊਸ ਹੋਮ ਪ੍ਰੋਡਕਸ਼ਨ ਵੱਲੋਂ ਫ਼ਿਲਮ ‘ਕੱਲ੍ਹ ਹੋ ਨਾ ਹੋ’ ਦੇ ਮੁੜ ਰਿਲੀਜ਼ ਹੋਣ ਸਬੰਧੀ ਪੋਸਟਰ ਸਾਂਝਾ ਕੀਤਾ ਹੈ। ਅੱਜ ਕਰਨ ਜੌਹਰ ਨੇ ਇੰਸਟਾਗ੍ਰਾਮ ’ਤੇ ਪੋਸਟਰ ਸਾਂਝਾ ਕਰਦਿਆਂ 21 ਸਾਲਾਂ ਬਾਅਦ ਲੋਕਾਂ ਵੱਲੋਂ ਫ਼ਿਲਮ ਵਿੱਚ ਦਿਖਾਈ ਦਿਲਚਸਪੀ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ, ‘‘21 ਸਾਲਾਂ ਬਾਅਦ ਵੀ ਸਾਡੀ ਫ਼ਿਲਮ ਦੇ ਫੁੱਲ ਸ਼ੋਅ ਦੇਖ ਕੇ ਬਹੁਤ ਖ਼ੁਸ਼ੀ ਹੋ ਰਹੀ ਹੈ। ਸਿਨੇਮਾਂ ਘਰਾਂ ਵਿੱਚ ਦਰਸ਼ਕਾਂ ਨੂੰ ਨੱਚਦੇ ਅਤੇ ਫ਼ਿਲਮ ਦੇ ਡਾਇਲਾਗ ਦੁਹਰਾਉਂਦੇ ਦੇਖਣਾ ਬਹੁਤ ਖ਼ੁਸ਼ੀ ਭਰਿਆ ਹੁੰਦਾ ਹੈ। ‘ਕੱਲ੍ਹ ਹੋ ਨਾ ਹੋ’ ਨੂੰ ਹਿੰਦੀ ਸਿਨੇਮਾ ਵਿੱਚ ਮੀਲ ਪੱਥਰ ਮੰਨਿਆ ਜਾਂਦਾ ਹੈ। ਫ਼ਿਲਮ ਨੂੰ ਇਸ ਦੇ ਸੰਗੀਤ, ਸ਼ੈਲੀ, ਬਿਰਤਾਂਤ ਅਤੇ ਪਾਤਰਾਂ ਦੀ ਗਤੀਸ਼ੀਲਤਾ ਕਾਰਨ ਸਿਨੇਮਾ ਦਾ ਅਹਿਮ ਹਿੱਸਾ ਕਿਹਾ ਜਾ ਸਕਦਾ ਹੈ। ਦਿਲਚਸਪ ਗੱਲ ਇਹ ਹੈ ਕਿ ਨੈਨਾ ਦੀ ਭੂਮਿਕਾ ਲਈ ਪ੍ਰੀਤੀ ਜ਼ਿੰਟਾ ਪਹਿਲੀ ਪਸੰਦ ਨਹੀਂ ਸੀ। ਅਸਲ ਵਿੱਚ ਕਰਨ ਜੌਹਰ ਫ਼ਿਲਮ ਲਈ ਕਰੀਨਾ ਕਪੂਰ ਖਾਨ ਕੋਲ ਗਏ ਸਨ, ਜਿਸ ਨੇ ਕੁਨਾਲ ਕਪੂਰ ਵੱਲੋਂ ਨਿਰਦੇਸ਼ਤ ‘ਮੁਝਸੇ ਦੋਸਤੀ ਕਰੋਗੇ’ ਦੇ ਰੂਪ ਵਿੱਚ ਇੱਕ ਵੱਡੀ ਫਲਾਪ ਫ਼ਿਲਮ ਦਿੱਤੀ ਸੀ। ਕਰਨ ਦੀ ਪੁਸਤਕ ‘ਐਨ ਅਨਸੂਟੇਬਲ ਬੁਆਏ’ ਅਨੁਸਾਰ ਕਰਨ ਨੇ ਆਪਣੇ ਪਿਤਾ ਯਸ਼ ਜੌਹਰ ਨੂੰ ਖ਼ਾਸ ਤੌਰ ’ਤੇ ਸਾਰੀ ਗੱਲਬਾਤ ਤੋਂ ਪਰ੍ਹੇ ਰਹਿਣ ਲਈ ਕਿਹਾ ਸੀ ਤਾਂ ਜੋ ਉਹ ਕਰੀਨਾ ਕਪੂਰ ਨੂੰ ਕਿਫ਼ਾਇਤੀ ਬਜਟ ’ਤੇ ਮਨਾ ਸਕੇ। ਇਹ ਚਰਚਾ ਪੈਸਿਆਂ ਦੇ ਆਲੇ-ਦੁਆਲੇ ਬਿਨਾਂ ਕਿਸੇ ਸਿੱਟੇ ’ਤੇ ਪੁੱਜਿਆਂ ਖ਼ਤਮ ਹੋ ਗਈ ਅਤੇ ਕਰਨ ਨੇ ਪ੍ਰੀਤੀ ਜ਼ਿੰਟਾ ਨੂੰ ਫ਼ਿਲਮ ਦੀ ਪੇਸ਼ਕਸ਼ ਕਰ ਦਿੱਤੀ। -ਆਈਏਐੱਨਐੱਸ