ਮੁੰਬਈ: ਬੌਲੀਵੁਡ ਅਦਾਕਾਰਾ ਕਰੀਨਾ ਕਪੂਰ ਖਾਨ ਨਵੇਂ ਸਾਲ ਦੇ ਜਸ਼ਨ ਮਨਾਉਣ ਲਈ ਸਵਿਟਜ਼ਰਲੈਂਡ ਗਈ ਹੋਈ ਹੈ। ਉਸ ਨੇ ਆਪਣੇ ਪਤੀ ਸੈਫ ਅਲੀ ਖਾਨ ਤੇ ਬੱਚਿਆਂ ਨਾਲ ਖਾਸ ਅੰਦਾਜ਼ ਵਿਚ ਨਵਾਂ ਸਾਲ ਮਨਾਇਆ ਹੈ। ਉਸ ਨੇ ਸੈਫ ਨਾਲ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ ਜਿਸ ਵਿਚ ਕਰੀਨਾ ਨੇ ਰੰਗਦਾਰ ਨਾਈਟ ਸੂਟ ਤੇ ਸੈਫ ਨੇ ਸਫੈਦ ਰੰਗ ਦਾ ਕੋਟ ਪੈਂਟ ਪਾਇਆ ਹੋਇਆ ਹੈ ਤੇ ਦੋਵੇਂ ਜਣੇ ਵਾਈਨ ਦੇ ਗਲਾਸ ਫੜੇ ਨਜ਼ਰ ਆ ਰਹੇ ਹਨ। ਜਬ ਵੁਈ ਮੈੱਟ ਦੀ ਅਦਾਕਾਰ ਨੇ ਜਿਵੇਂ ਹੀ ਨਵਾਂ ਸਾਲ ਮਨਾਉਂਦਿਆਂ ਦੀ ਪੋਸਟ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਤਾਂ ਪ੍ਰਸੰਸਕਾਂ ਨੇ ਵੀ ਉਨ੍ਹਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ। ਕਰੀਨਾ ਨੇ ਇਸ ਪੋਸਟ ਦੀ ਕੈਪਸ਼ਨ ਵਿਚ ਲਿਖਿਆ,‘ਇਹ ਹੁਣ ਤਕ ਦੀ ਸਭ ਤੋਂ ਵਧੀਆ ਰਾਤ, ਸਾਲ 2024 ਖੁਸ਼ੀਆਂ ਤੇ ਸ਼ਾਂਤੀ ਨਾਲ ਭਰਿਆ ਹੋਵੇ, ਤੁਹਾਨੂੰ ਨਵੇਂ ਸਾਲ ਦੀਆਂ ਮੁਬਾਰਕਾਂ।’ ਇਸ ਤਸਵੀਰ ਨੂੰ ਆਲੀਆ ਭੱਟ ਤੇ ਹੋਰ ਕਈ ਅਦਾਕਾਰਾਂ ਨੇ ਲਾਈਕ ਕੀਤਾ ਹੈ ਜਦਕਿ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਦਿਲ ਦੀ ਇਮੋਜੀ ਨਾਲ ਪਿਆਰ ਜਤਾਇਆ ਹੈ। ਜ਼ਿਕਰਯੋਗ ਹੈ ਕਿ ਕਰੀਨਾ ਇਸ ਵੇਲੇ ਬਰਫ ਨਾਲ ਲੱਦੇ ਸਵਿਟਜ਼ਰਲੈਂਡ ਵਿਚ ਪਤੀ ਸੈਫ ਤੇ ਬੱਚਿਆਂ ਤੈਮੂਰ ਤੇ ਜੇਹ ਨਾਲ ਛੁੱਟੀਆਂ ਮਨਾ ਰਹੀ ਹੈ ਤੇ ਉਹ ਇਨ੍ਹਾਂ ਦਿਨਾਂ ਦੀਆਂ ਕਈ ਤਸਵੀਰਾਂ ਲਗਾਤਾਰ ਇੰਸਟਾਗ੍ਰਾਮ ’ਤੇ ਅਪਲੋਡ ਕਰ ਰਹੀ ਹੈ। ਦੂਜੇ ਪਾਸੇ ਵਰਕ ਫਰੰਟ ’ਤੇ ਕਰੀਨਾ ‘ਦਿ ਕਰਿਊ’ ਤੇ ‘ਸਿੰਘਮ ਅਗੇਨ’ ’ਚ ਨਜ਼ਰ ਆਵੇਗੀ। -ਆਈਏਐੱਨਐੱਸ