ਮੁੰਬਈ: ਬੌਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਜਾਪਾਨੀ ਲੇਖਕ ਕੀਗੋ ਹਿਗਾਸ਼ਿਨੋ ਦੇ ਨਾਵਲ ‘ਦਿ ਡੀਵੋਸ਼ਨ ਆਫ ਸਸਪੈਕਟ ਐਕਸ’ ਉੱਤੇ ਬਣਨ ਵਾਲੀ ਫ਼ਿਲਮ ਰਾਹੀਂ ਡਿਜੀਟਲ ਪਲੈਟਫਾਰਮ ’ਤੇ ਪੈਰ ਧਰਨ ਜਾ ਰਹੀ ਹੈ। ਇਹ ਇਕ ਕਤਲ ਦੀ ਰਹੱਸਮਈ ਕਹਾਣੀ ਹੈ। ਫਿਲਹਾਲ ਫ਼ਿਲਮ ਦਾ ਨਾਮ ਨਹੀਂ ਰੱਖਿਆ ਗਿਆ ਪਰ ਇਸ ਦਾ ਨਿਰਦੇਸ਼ਨ ਸਾਲ 2012 ਵਿੱਚ ਆਈ ਫ਼ਿਲਮ ‘ਕਹਾਨੀ’ ਅਤੇ ਸਾਲ 2018 ’ਚ ਆਈ ਫ਼ਿਲਮ ‘ਬਦਲਾ’ ਦਾ ਨਿਰਦੇਸ਼ਕ ਸੁਜੋਏ ਘੋਸ਼ ਕਰ ਰਿਹਾ ਹੈ। ਕਰੀਨਾ ਨੇ ਆਖਿਆ, ‘‘ਮੈਂ ਇਸ ਸ਼ਾਨਦਾਰ ਪ੍ਰਾਜੈਕਟ ’ਤੇ ਕੰਮ ਸ਼ੁਰੂ ਕਰਨ ਦੀ ਉਡੀਕ ਨਹੀਂ ਕਰ ਸਕਦੀ। ਇਹ ਫ਼ਿਲਮ ਹਰ ਪੱਖੋਂ ਮੁਕੰਮਲ ਹੈ: ਫ਼ਿਲਮ ਦੀ ਕਹਾਣੀ ਸ਼ਾਨਦਾਰ, ਨਿਰਦੇਸ਼ਕ ਦੂਰਅੰਦੇਸ਼ ਅਤੇ ਫ਼ਿਲਮ ਦੀ ਟੀਮ ਵਿੱਚ ਹੁਨਰਮੰਦ ਸ਼ਖ਼ਸੀਅਤਾਂ ਸ਼ਾਮਲ ਹਨ। ਇਹ ਡਿਜੀਟਲ ਸਫ਼ਰ ਦੀ ਸ਼ੁਰੂਆਤ ਹੈ ਅਤੇ ਮੈਂ ਦੁਨੀਆ ਦੀ ਸਭ ਤੋਂ ਵੱਧ ਵਿਕਣ ਵਾਲੀ ਕਿਤਾਬ ਦੇ ਦਰਸ਼ਕਾਂ ਤੱਕ ਪਹੁੰਚਣ ਦੀ ਹੋਰ ਉਡੀਕ ਨਹੀਂ ਕਰ ਸਕਦੀ।’’ ਹਿਗਾਸ਼ਿਨੋ ਦੀ ਡਦਟੈਕਟਿਵ ਗਲੈਲੀਓ ਸੀਰੀਜ਼ ਦੇ ਤੀਜੇ ਨਾਵਲ ‘ਦਿ ਡਿਵੋਸ਼ਨ ਆਫ ਸਸਪੈਕਟ ਐਕਸ’ ਨੂੰ ਉਸ ਦੀ ਸਭ ਤੋਂ ਉਤਮ ਰਚਨਾ ਮੰਨਿਆ ਜਾਂਦਾ ਹੈ। ਇਸ ਲਿਖਤ ਨੇ ਹਿਗਾਸ਼ਿਨੋ ਨੂੰ ‘ਨਾਓਕੀ ਪੁਰਸਕਾਰ’ ਦਿਵਾਇਆ, ਜੋ ਜਾਪਾਨ ਦਾ ਵੱਡਾ ਸਾਹਿਤਕ ਸਨਮਾਨ ਹੈ। ਇਸ ਨਾਵਲ ਨੇ ਵੱਕਾਰੀ ‘ਹੋਨਕਾਕੂ ਮਿਸਟਰੀ’ ਪੁਰਸਕਾਰ ਵੀ ਜਿੱਤਿਆ ਹੈ। ਫ਼ਿਲਮ ਬਾਰੇ ਗੱਲ ਕਰਦਿਆਂ ਘੋਸ਼ ਨੇ ਕਿਹਾ, ‘‘ਡੀਵੋਸ਼ਨ’ ਸ਼ਾਇਦ ਸਭ ਤੋਂ ਵਧੀਆ ਪ੍ਰੇਮ ਕਹਾਣੀ ਹੈ, ਜੋ ਮੈਂ ਪੜ੍ਹੀ ਹੈ। ਇਸ ਨਾਵਲ ’ਤੇ ਫ਼ਿਲਮ ਬਣਨਾ ਬਹੁਤ ਮਾਣ ਵਾਲੀ ਗੱਲ ਹੈ। ਹੋਰ ਤਾਂ ਹੋਰ ਮੈਨੂੰ ਇਸ ਫ਼ਿਲਮ ’ਚ ਕਰੀਨਾ, ਜੈਦੀਪ ਅਤੇ ਵਿਜੈ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਇਸ ਤੋਂ ਵੱਧ ਭਲਾ ਬੰਦਾ ਹੋਰ ਕੀ ਮੰਗ ਸਕਦਾ ਹੈ?’’ -ਆਈਏਐੱਨਐੱਸ