ਮੁੰਬਈ: ਬੌਲੀਵੁੱਡ ਅਦਾਕਾਰਾ ਕ੍ਰਿਸ਼ਮਾ ਕਪੂਰ ਨੇ ਆਪਣੀ ਭੈਣ ਕਰੀਨਾ ਕਪੂਰ ਨਾਲ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ। ਉਸ ਨੇ ਲਿਖਿਆ ਹੈ ਕਿ ਦੋਵਾਂ ਭੈਣਾਂ ਨੇ ਚੰਗੇ ਅਤੇ ਮਾੜੇ ਸਮੇਂ ਵਿੱਚ ਇੱਕ-ਦੂਜੇ ਦਾ ਸਾਥ ਦਿੱਤਾ ਹੈ। ਕ੍ਰਿਸ਼ਮਾ ਵੱਲੋਂ ਸਾਂਝੀ ਕੀਤੀ ਗਈ ਤਸਵੀਰ ਵਿੱਚ ਦੋਵੇਂ ਭੈਣਾਂ ਖ਼ੁਸ਼ ਨਜ਼ਰ ਆ ਰਹੀਆਂ ਹਨ। ਇਸ ਵਿੱਚ ਕ੍ਰਿਸ਼ਮਾ ਇੱਕ ਡਾਇਰੀ ਵਿੱਚ ਕੁਝ ਲਿਖਦੀ ਦਿਖਾਈ ਦੇ ਰਹੀ ਹੈ ਜਦੋਂਕਿ ਕਰੀਨਾ ਉਸ ਕੋਲ ਖੜ੍ਹੀ ਮੁਸਕੁਰਾ ਰਹੀ ਹੈ। ਇਸ ਨਾਲ ਕ੍ਰਿਸ਼ਮਾ ਨੇ ਲਿਖਿਆ ਹੈ ਕਿ ਉਹ ਦੋਵੇਂ ਹਮੇਸ਼ਾਂ ਇੱਕ ਦੂਜੇ ਨਾਲ ਖੜ੍ਹੀਆਂ ਹਨ। ਦੋਵੇਂ ਭੈਣਾਂ ਨੇ ਬੌਲੀਵੁੱਡ ਵਿੱਚ ਆਪਣੇ ਕੰਮ ਨਾਲ ਚੰਗੀ ਪਛਾਣ ਬਣਾਈ ਹੈ ਅਤੇ ਦੋਵਾਂ ਨੇ ਇੱਕ- ਦੂਜੇ ਦੀ ਮਦਦ ਵੀ ਕੀਤੀ ਹੈ। ਕ੍ਰਿਸ਼ਮਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1991 ਵਿੱਚ ਫਿਲਮ ‘ਪ੍ਰੇਮ ਕੈਦੀ’ ਨਾਲ ਕੀਤੀ ਸੀ। ਉਸ ਨੇ ‘ਜਿਗਰ’, ‘ਅਨਾੜੀ’ ਅਤੇ ‘ਕੁਲੀ ਨੰਬਰ 1’ ਆਦਿ ਫਿਲਮਾਂ ਨਾਲ ਆਪਣੀ ਪਛਾਣ ਬਣਾ ਲਈ ਸੀ। ਕ੍ਰਿਸ਼ਮਾ ਨੂੰ ਫਿਲਮ ‘ਫਿਜ਼ਾ’ ਲਈ ਬਿਹਤਰੀਨ ਅਦਾਕਾਰਾ ਦਾ ਐਵਾਰਡ ਵੀ ਮਿਲਿਆ ਸੀ। ਦੂਜੇ ਪਾਸੇ, ਕਰੀਨਾ ਨੇ ਆਪਣਾ ਫਿਲਮੀ ਕਰੀਅਰ ਕਾਫ਼ੀ ਦੇਰ ਬਾਅਦ ਸਾਲ 2000 ਵਿੱਚ ਫਿਲਮ ‘ਰਿਫਿਊਜ਼ੀ’ ਨਾਲ ਸ਼ੁਰੂ ਕੀਤਾ ਸੀ। ਉਪਰੰਤ ਉਸ ਨੇ ਇੱਕ ਤੋਂ ਬਾਅਦ ਇੱਕ ਹਿੱਟ ਫਿਲਮਾਂ ਦਿੱਤੀਆਂ। ਉਸ ਨੇ ‘ਅਸ਼ੋਕਾ’, ‘ਕਭੀ ਖ਼ੁਸ਼ੀ ਕਭੀ ਗ਼ਮ’, ‘ਚਮੇਲੀ’, ‘ਜਬ ਵੀ ਮੈੱਟ’, ‘3 ਇਡੀਅਟਸ’ ਅਤੇ ‘ਲਾਲ ਸਿੰਘ ਚੱਢਾ’ ਸਣੇ ਕਈ ਹੋਰ ਫਿਲਮਾਂ ਕੀਤੀਆਂ ਹਨ। -ਆਈਏਐੱਨਐੱਸ