ਨਵੀਂ ਦਿੱਲੀ: ਬੌਲੀਵੁਡ ਫਿਲਮ ਨਿਰਮਾਤਾ ਕਬੀਰ ਖ਼ਾਨ ਨੇ ਭਾਰਤ ਦੇ ਉੱਘੇ ਪੈਰਾ-ਓਲੰਪਿਕ ਅਥਲੀਟ ਮੁਰਲੀਕਾਂਤ ਪੇਟਕਰ ਦੀ ਜੀਵਨੀ ’ਤੇ ਆਧਾਰਿਤ ਫਿਲਮ ‘ਚੰਦੂ ਚੈਂਪੀਅਨ’ ਲਈ ਕਾਫ਼ੀ ਉਤਸ਼ਾਹਿਤ ਹਨ ਜੋ 14 ਜੂਨ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਵਿੱਚ ਮੁਰਲੀਕਾਂਤ ਦਾ ਕਿਰਦਾਰ ਕਾਰਤਿਕ ਆਰੀਅਨ ਨੇ ਨਿਭਾਇਆ ਹੈ। ਫਿਲਮਸਾਜ਼ ਕਬੀਰ ਖ਼ਾਨ ਨੇ ਖੁਲਾਸਾ ਕੀਤਾ ਕਿ ਇਸ ਫਿਲਮ ਵਿੱਚ ਅਥਲੀਟ ਬਣਨ ਲਈ ਕਾਰਤਿਕ ਆਰੀਅਨ ਨੇ ਬਹੁਤ ਮਿਹਨਤ ਕੀਤੀ। ਇਸ ਫਿਲਮ ਦੀ ਸ਼ੂਟਿੰਗ ਕਰਨ ਤੋਂ ਪਹਿਲਾਂ ਕਬੀਰ ਖ਼ਾਨ ਨੇ ਕਾਰਤਿਕ ਨਾਲ ਗੱਲ ਕੀਤੀ ਸੀ ਕਿ ਜੇ ਉਸ ਨੇ ਆਪਣੀਆਂ ਆਦਤਾਂ ਤੇ ਰੋਜ਼ਾਨਾ ਜੀਵਨ ਜਿਉਣ ਦਾ ਢੰਗ ਨਹੀਂ ਬਦਲਿਆ ਤਾਂ ਇਸ ਫਿਲਮ ਨੂੰ ਕਰਨ ਦਾ ਕੋਈ ਫਾਇਦਾ ਨਹੀਂ ਪਰ ਕਾਰਤਿਕ ਨੇ ਉਸ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਇਸ ਫਿਲਮ ਲਈ ਸਖ਼ਤ ਮਿਹਨਤ ਕਰੇਗਾ। ਕਬੀਰ ਖ਼ਾਨ ਨੇ ਫਿਲਮ ’83 ਤੇ ‘ਬਜਰੰਗੀ ਭਾਈਜਾਨ’ ਦਾ ਨਿਰਦੇਸ਼ਨ ਕੀਤਾ ਹੈ। ਫਿਲਮ ‘ਚੰਦੂ ਚੈਂਪੀਅਨ’ ਭਾਰਤ ਦੇ ਪਹਿਲੇ ਪੈਰਾ-ਓਲੰਪਿਕ ਸੋਨ ਤਗ਼ਮਾ ਜੇਤੂ ਮੁਰਲੀਕਾਂਤ ਪੇਟਕਰ ਦੇ ਜੀਵਨ ’ਤੇ ਆਧਾਰਿਤ ਹੈ। ਕਬੀਰ ਖ਼ਾਨ ਨੇਕਿਹਾ, ‘ਜਦੋਂ ਮੈਂ ‘ਚੰਦੂ ਚੈਂਪੀਅਨ’ ਦੀ ਕਹਾਣੀ ਲਿਖ ਰਿਹਾ ਸਾਂ… ਸਪੱਸ਼ਟ ਤੌਰ ’ਤੇ ਤੁਹਾਡੇ ਦਿਮਾਗ ਵਿੱਚ ਇੱਕ ਚਿੱਤਰ ਆਉਂਦਾ ਹੈ ਕਿ ਇਸ ਫਿਲਮ ਦੇ ਮੁੱਖ ਕਿਰਦਾਰ ਦੀ ਉਮਰ, ਸ਼ਖਸੀਅਤ ਤੇ ਰਵੱਈਆ ਕੀ ਹੋਵੇਗਾ। ਇਸ ਤੋਂ ਅਗਲਾ ਕਦਮ ਇਹ ਪਛਾਣਨਾ ਹੁੰਦਾ ਹੈ ਕਿ ਕਿਹੜਾ ਅਦਾਕਾਰ ਇਨ੍ਹਾਂ ਸਾਰੀਆਂ ਵਿਸ਼ੇਸ਼ਤਾਵਾਂ ਨੂੰ ਵਧੀਆ ਢੰਗ ਨਾਲ ਪੇਸ਼ ਕਰ ਸਕਦਾ ਹੈ, ਮੈਂ ਇਹ ਸਾਰੀਆਂ ਖੂਬੀਆਂ ਕਾਰਤਿਕ ਆਰੀਅਨ ਵਿੱਚ ਮਹਿਸੂਸ ਕੀਤੀਆਂ। ਫਿਲਮ ਤੋਂ ਬਾਅਦ ਅੱਜ ਕਾਰਤਿਕ ਨੇ ਆਪਣੀ ਜੀਵਨ ਸ਼ੈਲੀ ਬਦਲ ਦਿੱਤੀ ਹੈ। -ਆਈਏਐੱਨਐੱਸ