ਮੁੰਬਈ: ਆਪਣੀ ਪਹਿਲੀ ਫ਼ਿਲਮ ‘ਟਾਈਮ ਟੂ ਡਾਂਸ’ ਨਾਲ ਬੌਲੀਵੁੱਡ ਵਿੱਚ ਪੈਰ ਧਰਨ ਵਾਲੀ ਅਦਾਕਾਰਾ ਇਸਾਬੈੱਲ ਕੈਫ ਦਾ ਕਹਿਣਾ ਹੈ ਕਿ ਉਸ ਦੀ ਭੈਣ ਕੈਟਰੀਨਾ ਕੈਫ ਨੇ ਉਸ ਨੂੰ ਸਖ਼ਤ ਮਿਹਨਤ ਕਰਨ ਅਤੇ ਕੰਮ ’ਤੇ ਧਿਆਨ ਕੇਂਦਰਿਤ ਕਰਨ ਦੀ ਸਲਾਹ ਦਿੱਤੀ ਹੈ। ਇਸਾਬੈੱਲ ਨੇ ਆਖਿਆ,‘‘ਕੈਟਰੀਨਾ ਕੈਫ ਦੀ ਫ਼ਿਲਮ ‘ਸਿੰਘ ਇਜ਼ ਕਿੰਗ, ਪਾਰਟਨਰ ਤੇ ਏਕ ਥਾ ਟਾਈਗਰ’ ਦੇ ਸੈੱਟ ’ਤੇ ਜਾ ਕੇ ਮੈਨੂੰ ਸਮਝ ਆਈ ਕਿ ਹਿੰਦੀ ਫ਼ਿਲਮ ਜਗਤ ਕਿਵੇਂ ਕੰਮ ਕਰਦਾ ਹੈ।’’ ਖ਼ਬਰ ਏਜੰਸੀ ਪੀਟੀਆਈ ਨਾਲ ਗੱਲਬਾਤ ਕਰਦਿਆਂ ਅਦਾਕਾਰਾ ਨੇ ਕਿਹਾ,‘‘ਕੈਟਰੀਨਾ ਹਮੇਸ਼ਾ ਮੇਰਾ ਆਸਰਾ ਬਣੀ। ਉਸ ਨੇ ਹਮੇਸ਼ਾਂ ਮੈਨੂੰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਹੈ ਅਤੇ ਉਸ ਨੇ ਮੈਨੂੰ ਅਜਿਹਾ ਕੋਈ ਵੀ ਕੰਮ ਕਰਨ ਤੋਂ ਵਰਜਿਆ ਹੈ, ਜਿਸ ਨਾਲ ਮੇਰਾ ਧਿਆਨ ਕੰਮ ਤੋਂ ਭਟਕੇ।
ਮੇਰਾ ਇੱਛਾ ਸੀ ਕਿ ਮੈਂ ਫ਼ਿਲਮ ਜਗਤ ਵਿੱਚ ਪੈਰ ਧਰਾਂ ਪਰ ਮੈਂ ਆਪਣੀ ਸਕੂਲ ਅਤੇ ਕਾਲਜ ਤੋਂ ਪੜ੍ਹਾਈ ਮੁਕੰਮਲ ਕਰਨ ਮਗਰੋਂ ਹੀ ਅਦਾਕਾਰੀ ਵਿੱਚ ਆਈ। ਮੈਂ ਇਕ ਫ਼ਿਲਮ ਵਾਸਤੇ ਆਡੀਸ਼ਨ ਦਿੱਤਾ ਅਤੇ ਪ੍ਰੋਡਿਊਸਰ ਨੂੰ ਪਸੰਦ ਆਉਣ ਮਗਰੋਂ ਮੇਰੀ ਚੋਣ ਹੋ ਗਈ।’’ ਉਸ ਨੇ ਆਖਿਆ ਕਿ ਫ਼ਿਲਮਾਂ ਵਿੱਚ ਆਉਣ ਤੋਂ ਪਹਿਲਾਂ ਉਸ ਨੇ ਯੂਐੱਸ ਵਿਚ ਫਿਲਮੀ ਸੈੱਟ ’ਤੇ ਜੂਨੀਅਰ ਸਹਾਇਕ ਨਿਰਦੇਸ਼ਕ ਵਜੋਂ ਕੀਤਾ ਹੈ। ਫਿਰ ਉਹ ਅਮਰੀਕਾ ਦੇ ਡਰਾਮਾ ਸਕੂਲ ਵਿਚੋਂ ਆਪਣੀ ਪੜ੍ਹਾਈ ਮੁਕੰਮਲ ਕਰਕੇ ਭਾਰਤ ਆ ਗਈ। ਕੈਮਰੇ ਨਾਲ ਕੰਮ ਕਰਕੇ ਉਸ ਨੂੰ ਇਹ ਸਮਝ ਵੀ ਆਈ ਕਿ ਫ਼ਿਲਮ ਕਿਵੇਂ ਬਣਦੀ ਹੈ। ਅਦਾਕਾਰਾ ਮੌਜੂਦਾ ਸਮੇਂ ਆਪਣੀ ਫ਼ਿਲਮ ‘ਸਵਾਗਤਮ ਖੁਸ਼ਆਮਦੀਦ’ ਲਈ ਆਗਰਾ ਵਿੱਚ ਸ਼ੂਟਿੰਗ ਕਰ ਰਹੀ ਹੈ। ਇਸ ਫ਼ਿਲਮ ਵਿੱਚ ਫ਼ਿਲਮ ‘ਫ਼ੁਕਰੇ’ ਦੇ ਸਟਾਰ ਪੁਲਕਿਤ ਸਮਰਾਟ ਵੀ ਨਜ਼ਰ ਆਉਣਗੇ। -ਪੀਟੀਆਈ