ਮੁੰਬਈ: ਬੌਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੇ ਸੋਸ਼ਲ ਮੀਡੀਆ ’ਤੇ ਆਪਣੀ ਤਸਵੀਰ ਸਾਂਝੀ ਕਰਦਿਆਂ ਤੁਰਕੀ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਅਦਾਕਾਰਾ ਤੁਰਕੀ ਵਿੱਚ ਫਿਲਮ ‘ਟਾਈਗਰ 3’ ਦੀ ਸ਼ੂਟਿੰਗ ਕਰ ਰਹੀ ਹੈ। ਕੈਟਰੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਵਿੱਚ ਉਸ ਨੇ ਜਾਮਨੀ ਰੰਗ ਦੀ ਪੀਲੇ ਫੁੱਲਾਂ ਦੇ ਪ੍ਰਿੰਟ ਵਾਲੀ ਡਰੈੱਸ ਪਾਈ ਹੋਈ ਹੈ। ਕੈਟਰੀਨਾ ਨੇ ਤਸਵੀਰਾਂ ਦੇ ਥੱਲੇ ਕੈਪਸ਼ਨ ਵਿੱਚ ਤੁਰਕੀ ਦੇ ਕੌਮੀ ਝੰਡੇ ਦੀ ਇਮੋਜ਼ੀ ਨਾਲ ਲਿਖਿਆ ਹੈ, ‘‘ਤੇਰੇ ਕੋਲ ਮੇਰਾ ਦਿਲ ਹੈ।’’ ਕੈਟਰੀਨਾ ਹਾਲ ਹੀ ਵਿੱਚ ਤੁਰਕੀ ਦੇ ਸੱਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਮਹਿਮਤ ਨੂਰੀ ਅਰਸੋਏ ਨੂੰ ਮਿਲੀ ਸੀ। ਫਿਲਮ ‘ਟਾਈਗਰ 3’ ਦੇ ਨਿਰਦੇਸ਼ਕ ਮਨੀਸ਼ ਸ਼ਰਮਾ ਹਨ। ਇਸ ਤੋਂ ਪਹਿਲਾਂ ਇਸ ਫਿਲਮ ਦੀ ਸ਼ੂਟਿੰਗ ਦਾ ਕੰਮ ਕਰੋਨਾ ਮਹਾਮਾਰੀ ਕਾਰਨ ਅੱਗੇ ਪਾ ਦਿੱਤਾ ਗਿਆ ਸੀ। ਇਹ 2012 ਵਿੱਚ ਕਬੀਰ ਖ਼ਾਨ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਏਕ ਥਾ ਟਾਈਗਰ’ ਦਾ ਤੀਜਾ ਭਾਗ ਹੈ। ਦੂਜਾ ਭਾਗ ‘ਟਾਈਗਰ ਜ਼ਿੰਦਾ ਹੈ’ 2017 ਵਿੱਚ ਰਿਲੀਜ਼ ਹੋਇਆ ਸੀ, ਜਿਸ ਦੇ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਸਨ। -ਆਈਏਐੱਨਐੱਸ