ਮੁੰਬਈ: ਬੌਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਨੇ ਆਪਣੀ ਫਿਲਮ ‘ਹੀਰੋਪੰਤੀ’ ਦੇ ਸੱਤ ਸਾਲ ਪੂਰੇ ਹੋਣ ’ਤੇ ਅੱਜ ਇੰਸਟਾਗ੍ਰਾਮ ’ਤੇ ਫਿਲਮ ਦੀ ਸ਼ੂਟਿੰਗ ਦੀਆਂ ਯਾਦਾਂ ਤਾਜ਼ਾ ਕੀਤੀਆਂ। ਇਸ ਫ਼ਿਲਮ ਦਾ ਨਿਰਦੇਸ਼ਨ ਸਬੀਰ ਖਾਨ ਨੇ ਕੀਤਾ ਸੀ ਅਤੇ ਕ੍ਰਿਤੀ ਅਤੇ ਟਾਈਗਰ ਸ਼ਰਾਫ ਦੀ ਬੌਲੀਵੁੱਡ ਵਿੱਚ ਇਹ ਪਹਿਲੀ ਫ਼ਿਲਮ ਸੀ। ਇਹ ਫਿਲਮ ਤੇਲਗੂ ਫਿਲਮ ‘ਪਰੁਗੂ’ ਦਾ ਰੀਮੇਕ ਸੀ। ਕ੍ਰਿਤੀ ਨੇ ਫਿਲਮ ਦੀ ਸ਼ੂਟਿੰਗ ਦੀਆਂ ਤਸਵੀਰਾਂ ਵਾਲੀ ਇੱਕ ਵੀਡੀਓ ਸਾਂਝੀ ਕਰਦਿਆਂ ਆਖਿਆ ਕਿ ਇਹ ਉਸ ਦੀ ਜ਼ਿੰਦਗੀ ਦਾ ਸਭ ਤੋਂ ਵਧੀਆ ਸਮਾਂ ਸੀ। ਇਹ ਵੀਡੀਓ ਉਸ ਦੇ ਆਡੀਸ਼ਨ ਵਾਲੇ ਦਿਨ ਦੀ ਤਸਵੀਰ ਨਾਲ ਸ਼ੁਰੂ ਹੁੰਦੀ ਹੈ ਅਤੇ ਫ਼ਿਲਮ ਦੀ ਸ਼ੂਟਿੰਗ ਦੇ ਆਖ਼ਰੀ ਦਿਨ ਤੱਕ ਜਾਂਦਾ ਹੈ, ਜਿਥੇ ਅਦਾਕਾਰ ਟਾਈਗਰ ਸ਼ਰਾਫ ਨੇ ਬਿਸਕੁਟਾਂ ਦਾ ਪੂਰਾ ਪੈਕੇਟ ਖਾਧਾ ਸੀ। ਕ੍ਰਿਤੀ ਨੇ ਲਿਖਿਆ, ‘ਹੀਰੋਪੰਤੀ ਦੇ ਸੱਤ ਸਾਲ, ਸਿਨੇ ਜਗਤ ਦੇ ਸੱਤ ਸਾਲ, ਮੇਰੇ ਕੰਮ ਨੂੰ ਪਿਆਰ ਕਰਨ ਦੇ ਸੱਤ ਸਾਲ। ਇਹ ਹੁਣ ਤਕ ਦਾ ਖ਼ੂਬਸੂੁਰਤ ਸਫ਼ਰ ਰਿਹਾ ਹੈ। ਮੇਰੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਪੜਾਅ। ਇਹ ਤਸਵੀਰਾਂ ਬਹੁਤ ਸਾਰੀਆਂ ਯਾਦਾਂ ਤਾਜ਼ਾ ਕਰਦੀਆਂ ਹਨ। ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਬਹੁਤ ਯਾਦ ਕਰ ਰਹੀ ਹਾਂ।’ ਦੱਸਣਯੋਗ ਹੈ ਕਿ ਕ੍ਰਿਤੀ ਜਲਦ ਹੀ ਵਰੁਣ ਧਵਨ ਨਾਲ ਫਿਲਮ ‘ਭੇੜੀਆ’ ਵਿੱਚ ਨਜ਼ਰ ਆਵੇਗੀ। ਇਸ ਫਿਲਮ ਦੇ ਨਿਰਦੇਸ਼ਕ ਅਮਰ ਕੌਸ਼ਿਕ ਹਨ ਤੇ ਇਹ ਅਗਲੇ ਸਾਲ 14 ਅਪਰੈਲ ਨੂੰ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਉਹ ਫਿਲਮ ‘ਮੀਮੀ’, ‘ਬੱਚਨ ਪਾਂਡੇ’, ‘ਗਣਪਤ’, ‘ਹਮ ਦੋ ਹਮਾਰੇ ਦੋ’ ਤੇ ‘ਆਦਿਪੁਰਸ਼’ ਵਿੱਚ ਵੀ ਨਜ਼ਰ ਆਵੇਗੀ। -ਆਈਏਐੱਨਐੱਸ