ਮੁੰਬਈ: ਅਦਾਕਾਰਾ ਕ੍ਰਿਤੀ ਸੈਨਨ ਨੇ ਅੱਜ ਦੱਸਿਆ ਕਿ ਉਸ ਨੇ ਯੂ.ਕੇ. ਵਿੱਚ ਆਪਣੀ ਅਗਲੀ ਫਿਲਮ ‘ਗਨਪਤ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ‘ਕੁਈਨ’ ਅਤੇ ‘ਸੁਪਰ 30’ ਵਰਗੀਆਂ ਮਸ਼ਹੂਰ ਫ਼ਿਲਮਾਂ ਲਈ ਜਾਣੇ ਜਾਂਦੇ ਫਿਲਮ ਨਿਰਮਾਤਾ ਵਿਕਾਸ ਬਹਿਲ ਦੇ ਨਿਰਦੇਸ਼ਨ ਹੇਠ ਬਣ ਰਹੀ ਇਸ ਫਿਲਮ ਵਿੱਚ ਅਦਾਕਾਰ ਟਾਈਗਰ ਸ਼ਰਾਫ ਵੀ ਅਹਿਮ ਭੂਮਿਕਾ ਨਿਭਾਵੇਗਾ। ਸੈਨਨ ਨੇ ਅੱਜ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਫਿਲਮ ਦੇ ਇੱਕ ਸੀਨ ਦੀ 41 ਸੈਕਿੰਡ ਦੀ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਮੋਟਰਸਾਈਕਲ ਚਲਾਉਂਦੀ ਦਿਖਾਈ ਦੇ ਰਹੀ ਹੈ। ਉਸ ਨੇ ਕੈਪਸ਼ਨ ਵਿੱਚ ਲਿਖਿਆ, ‘‘ਸ਼ੂਟਿੰਗ ਦਾ ਕੰਮ ਸ਼ੁਰੂ… ਯੂ.ਕੇ. ਵਿੱਚ ਜੱਸੀ ਵਜੋਂ ਆਪਣੇ #ਗਣਪਤ ਦੇ ਸਫ਼ਰ ਨੂੰ ਐਕਸ਼ਨ ਭਰਪੂਰ ਅਤੇ ਬਹੁਤ ਹੀ ਮਜ਼ੇਦਾਰ ਢੰਗ ਨਾਲ ਸ਼ੁਰੂ ਕਰਨ ਲਈ ਬਹੁਤ ਖੁਸ਼ ਹਾਂ।’’ ਕਰੋਨਾ ਮਹਾਮਾਰੀ ਤੋਂ ਬਾਅਦ ‘ਗਣਪਤ’ ਜ਼ਰੀਏ ਸੈਨਨ ‘ਹੀਰੋਪੰਤੀ’ ਦੇ ਸਹਿ-ਅਦਾਕਾਰ ਟਾਈਗਰ ਸ਼ਰਾਫ ਨਾਲ ਮੁੜ ਤੋਂ ਕੰਮ ਕਰਨ ਜਾ ਰਹੀ ਹੈ, ਜਿਸ ਨੇ ਪਿਛਲੇ ਹਫ਼ਤੇ ਨਵੀਂ ਫਿਲਮ ਲਈ ਸ਼ੂਟਿੰਗ ਸ਼ੁਰੂ ਕੀਤੀ ਸੀ। ਬਹਿਲ, ਵਾਸੂ ਭਗਨਾਨੀ, ਦੀਪਸ਼ਿਖਾ ਦੇਸਮੁੱਖ ਅਤੇ ਜੈਕੀ ਭਗਨਾਨੀ ਵੱਲੋਂ ਪ੍ਰੋਡਿਊਸ ਕੀਤੀ ਜਾ ਰਹੀ ਇਹ ਫਿਲਮ ਅਗਲੇ ਸਾਲ 23 ਦਸੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। -ਪੀਟੀਆਈ