ਮੇਜਰ ਸਿੰਘ ਜਖੇਪਲ
ਪੰਜਾਬੀ ਗਾਇਕੀ ਵਿੱਚ ਹਰਿਆਣਾ ਦੇ ਜ਼ਿਲ੍ਹਾ ਹਿਸਾਰ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਨੇ ਦੋਗਾਣਾ ਗਾਇਕੀ ਵਿੱਚ ਸੁਰੀਲੀਆਂ ਤੇ ਖੂਬਸੂਰਤ ਗਾਇਕਾਵਾਂ ਪੈਦਾ ਕੀਤੀਆਂ ਹਨ। ਜਿਨ੍ਹਾਂ ਵਿੱਚ ਸੁਖਵੰਤ ਸੁੱਖੀ, ਕੁਲਦੀਪ ਕੌਰ (ਦੋਵੇਂ ਭੈਣਾਂ), ਪਰਮਿੰਦਰ ਸੰਧੂ ਤੇ ਸੁਚੇਤ ਬਾਲਾ ਦਾ ਨਾਂ ਆਪ ਮੁਹਾਰੇ ਬੁੱਲ੍ਹਾਂ ’ਤੇ ਆ ਜਾਂਦਾ ਹੈ। ਤਿੰਨ ਦਹਾਕੇ ਪਹਿਲਾਂ ਇਨ੍ਹਾਂ ਗਾਇਕਾਵਾਂ ਦੀ ਆਵਾਜ਼ ਦਾ ਜਾਦੂ ਸਰੋੋਤਿਆਂ ਦੇ ਸਿਰ ਚੜ੍ਹਕੇ ਬੋਲਦਾ ਰਿਹਾ ਹੈ। ਇਨ੍ਹਾਂ ਗਾਇਕਾਵਾਂ ਵਿੱਚੋਂ ਕੁਲਦੀਪ ਕੌਰ ਦੇ ਸੰਗੀਤਕ ਸਫ਼ਰ ਬਾਰੇ ਗੱਲ ਕਰਦੇ ਹਾਂ, ਜਿਸ ਨੇ ਅਨੇਕ ਚਰਚਿਤ ਗੀਤ ਪੰਜਾਬੀ ਸੰਗੀਤ ਜਗਤ ਦੀ ਝੋਲੀ ਪਾਏ ਹਨ। ਉਹ ਅੱਜ ਵੀ ਲੋਕ ਦਿਲਾਂ ’ਤੇ ਰਾਜ ਕਰ ਰਹੀ ਹੈ।
ਹਰਿਆਣਾ ਵਿੱਚ ਜ਼ਿਲ੍ਹਾ ਹਿਸਾਰ ਦੇ ਪਿੰਡ ਬਬੜਾਨ ਵਿੱਚ ਕੁਲਦੀਪ ਕੌਰ ਦਾ ਜਨਮ 1960 ਨੂੰ ਪਿਤਾ ਗੁਰਨਾਮ ਸਿੰਘ ਤੇ ਮਾਤਾ ਗਿਆਨ ਕੌਰ ਦੇ ਘਰ ਹੋਇਆ। ਕੁਲਦੀਪ ਕੌਰ ਦਾ ਵਿਆਹ ਗਾਇਕ ਮਰਹੂਮ ਰਾਜਿੰਦਰ ਸਿੰਘ ਉਰਫ ਪਿੱਪਲ ਨਾਲ ਹੋਇਆ ਸੀ ਜੋ ਅਖਾੜਿਆਂ ਸਮੇਂ ਉਸ ਦੇ ਨਾਲ ਜਾਇਆ ਕਰਦਾ ਸੀ। ਕੁਲਦੀਪ ਕੌਰ ਦਾ ਸਹੁਰਾ ਪਿੰਡ ਪਾਕਾ ਜ਼ਿਲ੍ਹਾ ਮੁਕਤਸਰ ਵਿੱਚ ਹੈ।
ਕੁਲਦੀਪ ਕੌਰ ਨੇ ਪਟਿਆਲਾ ਘਰਾਣੇ ਦੇ ਜਨਾਬ ਬਾਕਰ ਹੁਸੈਨ ਨੂੰ ਉਸਤਾਦ ਧਾਰ ਕੇ ਗਾਇਕੀ ਦੇ ਗੁਰ ਸਿੱਖੇ। ਉਸ ਦੇ ਗੀਤਾਂ ਦੀ ਪਹਿਲੀ ਰਿਕਾਰਡਿੰਗ ਪੰਦਰਾਂ ਕੁ ਸਾਲ ਦੀ ਉਮਰ ਵਿੱਚ 1975 ਵਿੱਚ ਕਰਨੈਲ ਗਿੱਲ ਨਾਲ ਚਾਰ ਗੀਤਾਂ ਤੋਂ ਸ਼ੁਰੂ ਹੋਈ ਤੇ ਫਿਰ ਪੰਜ ਸਾਲਾਂ ਦੇ ਵਕਫ਼ੇ ਪਿੱਛੋਂ 1980 ਵਿੱਚ ਕਰਨੈਲ ਗਿੱਲ ਨਾਲ ਚਾਰ ਗੀਤ ਰਿਕਾਰਡ ਹੋਏ। ਇਹ ਗੀਤ ਸਨ- ‘ਗੱਲ ਸੁਣ ਬਿਸ਼ਨ ਕੁਰੇ ਭਰਜਾਈਏ’, ‘ਤੂੰ ਮੋਹ ਲਈ ਕੁੜੀ ਕੁਆਰੀ ਵੇ’, ‘ਮੈਨੂੰ ਤੂੰ ਪੱਟਿਆ-ਤੈਨੂੰ ਮੈਂ ਪੱਟਿਆ’, ‘ਗਲ਼ ਸੋਨੇ ਦੀ ਜੰਜ਼ੀਰੀ ਹੱਥੀਂ ਮੁੰਦੀਆਂ’ ਆਦਿ ਸਨ।
ਇਨ੍ਹਾਂ ਗੀਤਾਂ ਨੇ ਚਾਰੇ ਪਾਸੇ ਧੰੁਮਾਂ ਪਾ ਦਿੱਤੀਆਂ ਤੇ ਕੁਲਦੀਪ ਕੌਰ ਦਾ ਨਾਂ ਨਾਮਵਰ ਗਾਇਕਾਵਾਂ ਦੀ ਕਤਾਰ ਵਿੱਚ ਸ਼ਾਮਲ ਹੋ ਗਿਆ। ਕੁਲਦੀਪ ਕੌਰ ਦੇ ਦੀਦਾਰ ਸੰਧੂ ਨਾਲ ਗਾਏ ਦੋਗਾਣੇ ਵੀ ਸੁਪਰ-ਡੁਪਰ ਹਿੱਟ ਹੋਏ ਤੇ ਇਸ ਜੋੜੀ ਨੇ ਪੰਜਾਬ ਦੇ ਪਿੰਡਾਂ ਵਿੱਚ ਸੈਂਕੜੇ ਅਖਾੜੇ ਲਾ ਕੇ ਲੋਕਾਂ ਦਾ ਮਨੋਰੰਜਨ ਕੀਤਾ। ਦੀਦਾਰ ਸੰਧੂ ਨਾਲ ‘ਘੱਗਰੇ ਦੀ ਲੌਣ ਭਿੱਜ ਗਈ’, ‘ਖੁਸ਼ ਕਰਦੂੰ’, ‘ਲੱਗੀਆਂ ਤੋੜ ਨਾ ਚੜ੍ਹੀਆਂ’, ‘ਅੱਖ ਮੇਰੇ ਵਿੱਚ ਰੱਖਦਾ’, ‘ਅੱਖ ਦੇ ਇਸ਼ਾਰੇ ਉੱਤੇ ਹਾਂ ਕਰ ਗਈ’ ਤੇ ‘ਲਿਆ ਭਾਬੀ ਤੇਰਾ ਮਾਲ ਚਾਰ ਦਿਆਂ’ ਗੀਤਾਂ ਵਿੱਚ ਕੁਲਦੀਪ ਕੌਰ ਦੀ ਸੁਰੀਲੀ ਆਵਾਜ਼ ਸਰੋਤਿਆਂ ਦੇ ਦਿਲਾਂ ’ਤੇ ਜਾਦੂ ਕਰਦੀ ਰਹੀ।
ਫਿਰ ਉਸ ਦਾ ਸੁਰਿੰਦਰ ਛਿੰਦਾ ਨਾਲ ਸੈੱਟ ਬਣ ਜਾਣ ’ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਬਣ ਗਈ। ਛਿੰਦੇ ਕੋਲ ਅਖਾੜੇ ਪਹਿਲਾਂ ਹੀ ਵਧੇਰੇ ਸਨ, ਪਰ ਕੁਲਦੀਪ ਕੌਰ ਦੇ ਆ ਜਾਣ ਕਰਕੇ ਕਤਾਰ ਹੋਰ ਲੰਬੀ ਹੋ ਗਈ। ਇਸ ਜੋੜੀ ਦੇ ਨਵੇਂ ਆਏ ਐੱਲ.ਪੀ. ‘ਘੁੰਡ ਚੱਕ ਮਾਰਦੇ ਸਲੂਟ ਗੋਰੀਏ’ ਨੇ ਚਾਰੇ ਪਾਸੇ ਧੂਮ ਮਚਾ ਦਿੱਤੀ। ਉਸ ਦੇ ਛਿੰਦੇ ਨਾਲ ਹੋਰ ਵੀ ਬਹੁਤ ਸਾਰੇ ਗੀਤ ਰਿਕਾਰਡ ਹੋਏ, ਜੋ ਖੂਬ ਚੱਲੇ। ਇਸ ਸਮੇਂ ਦੌਰਾਨ ਕੁਲਦੀਪ ਕੌਰ ਦੀ ਮੰਗ ਐਨੀ ਜ਼ਿਆਦਾ ਵਧ ਗਈ ਸੀ ਕਿ ਹਰ ਕਲਾਕਾਰ ਉਸ ਨਾਲ ਰਿਕਾਰਡਿੰਗ ਕਰਵਾਉਣ ਲਈ ਕਾਹਲਾ ਸੀ ਤੇ ਪ੍ਰੋਗਰਾਮਾਂ ਵਿੱਚ ਵੀ ਕੁਲਦੀਪ ਕੌਰ ਦੀ ਪੂਰੀ ਮੰਗ ਸੀ।
ਜਦੋਂ ਕੁਲਦੀਪ ਮਾਣਕ ਨਾਲ ਸੈੱਟ ਬਣਿਆ ਤਾਂ ‘ਹਾਣਦਾ ਮੁੰਡਾ ਨੀਂ ਮੇਰਾ ਦਿਲ ਮੰਗਦਾ’, ‘ਯਾਰ ਦਾ ਚੌਥਾ ਗੇੜਾ’, ‘ਲੱਗੀਆਂ ਦਾ ਕਰਜ਼ ਉਤਾਰੂੰਗੀ’, ‘ਮਾਂ ਜਾਗਦੀ ਖੰਘੂਰੇ ਬਾਪੂ ਮਾਰੇ’, ‘ਸਾਹਿਬਾਂ ਜੱਟੀਏ ਭੁੱਲ ਜਾਈਂ ਨਾ’ ਰਿਕਾਰਡ ਕਰਵਾਏ ਤਾਂ ਇਨ੍ਹਾਂ ਗੀਤਾਂ ਨੇ ਵੀ ਪੂਰਾ ਭੜਥੂ ਪਾਇਆ। ਕੁਲਦੀਪ ਕੌਰ ਨੇ ਸਭ ਤੋਂ ਵੱਧ ਅਖਾੜੇ ਕੁਲਦੀਪ ਮਾਣਕ ਨਾਲ ਲਗਾਏ ਹਨ। ਉਸ ਦੀ ਸੁਰੀਲੀ ਆਵਾਜ਼ ਤੇ ਸਟੇਜੀ ਅਦਾਵਾਂ ਸੁਣਨ ਤੇ ਵੇਖਣ ਲਈ ਲੋਕ ਟਰੈਕਟਰਾਂ ਉੱਪਰ ਦੂਰੋਂ-ਦੂਰੋ ਆਉਂਦੇ ਸਨ।
ਉਸ ਦੇ ਕਰਤਾਰ ਰਮਲੇ ਨਾਲ ਰਿਕਾਰਡ ਹੋਏ ਗੀਤਾਂ ਵਿੱਚ ‘ਸੂਈ ਦੇ ਨਖਾਰੇ ਥਾਣੀ ਕੱਢਤਾ, ਰੱਬ ਨ੍ਹੀਂ ਚੇਤੇ ਆਉਂਦਾ’ ਤੇ ‘ਬੀਬੀ ਅੰਨ੍ਹੇ ਬਾਰੇ ਤੇਰੀ ਕੀ ਸਲਾਹ’ ਆਦਿ ਸ਼ਾਮਲ ਹਨ। ਜਸਵੰਤ ਸੰਦੀਲੇ ਨਾਲ ਵੀ ਕੁਲਦੀਪ ਕੌਰ ਦੇ 8-9 ਗੀਤ ਰਿਕਾਰਡ ਹੋਏ ਹਨ, ਜਿਨ੍ਹਾਂ ਵਿੱਚ ‘ਤੇਰਾ ਛੱਡਤਾ ਸ਼ਹਿਰ ਲੁਧਿਆਣਾ’, ‘ਅਸੀਂ ਦੋਵੇਂ ਸਾਢੂ-ਸਾਢੂ’, ‘ਮੈਂ ਨ੍ਹੀਂ ਬਚਦਾ ਤੇਰੇ ਬਿਨਾਂ’ ਤੇ ਕਈ ਹੋਰ ਗੀਤ ਚਰਨਜੀਤ ਆਹੂਜਾ ਦੇ ਸੰਗੀਤ ਵਿੱਚ ਰਿਕਾਰਡ ਹੋਏ ਹਨ।
ਕੁਲਦੀਪ ਕੌਰ ਦੇ ਗਾਏ ਸੋਲੋ ਗੀਤਾਂ ਦੀਆਂ ਕੈਸੇਟਾਂ ਵੀ ਮਾਰਕੀਟ ਵਿੱਚ ਆਈਆਂ ਹਨ, ਜਿਨ੍ਹਾਂ ਵਿੱਚ ‘ਮੋਰਨੀ ਜੱਟੀ’, ‘ਸੋਨੇ ਵਰਗੀ ਨਾਰ’, ‘ਦੇਸੀ ਮੇਮ’, ‘ਪਹਿਰਾ ਭਾਬੀਆਂ ਨੇ ਲਾਇਆ’ ਤੇ ‘ਗੱਭਰੂ ਨਾਲ ਅੱਖ ਲੜ ਗਈ’ ਦੇ ਨਾਂ ਸ਼ਾਮਲ ਹਨ। ਉਹ ਸਨੇਹ ਲਤਾ, ਜਗਮੋਹਣ ਕੌਰ ਅਤੇ ਕੇ.ਦੀਪ ਦੇ ਗੀਤਾਂ ਨੂੰ ਸੁਣਨਾ ਪਸੰਦ ਕਰਦੀ ਹੈ ਤੇ ਇਨ੍ਹਾਂ ਦੀ ਗਾਇਕੀ ਤੋਂ ਪ੍ਰਭਾਵਿਤ ਵੀ ਹੈ। ਉਸ ਨੇ ਆਪਣੇ ਬੇਟੇ ਅਮਨਿੰਦਰ ਪਾਲ ਸਿੰਘ ਉਰਫ ਮੁੱਖੀ ਸਿੱਧੂ ਨਾਲ ਇੱਕ ਗੀਤ ‘ਦੱਸ ਸੋਹਣਿਆਂ ਵੇ ਰਹਿਣਾ ਕਿੰਨਾ ਚਿਰ ਦੂਰ’ ਗਾਇਆ ਹੈ। ਗਾਇਕ ਮੇਘਾ ਮਾਣਕ ਨਾਲ ਵੀ ਉਸ ਦਾ ਇੱਕ ਗੀਤ ਜਲਦੀ ਆ ਰਿਹਾ ਹੈ।
ਸੰਪਰਕ: 94631-28483