ਮੁੰਬਈ: ਪ੍ਰਸਿੱਧ ਬੌਲੀਵੁੱਡ ਗਾਇਕ ਸੋਨੂ ਨਿਗਮ ਨੇ ਆਖਿਆ ਕਿ ਕਰੋਨਾ ਕਾਰਨ ਇਸ ਵਾਰ ਕੁੰਭ ਮੇਲਾ ਪ੍ਰਤੀਕਾਤਮਕ ਹੋਣਾ ਚਾਹੀਦਾ ਸੀ। ਗਾਇਕ ਦਾ ਮੰਨਣਾ ਹੈ ਕਿ ਕਰੋਨਾ ਮਹਾਮਾਰੀ ਕਾਰਨ ਇਕੱਠ ਦੀ ਪ੍ਰਵਾਨਗੀ ਨਹੀਂ ਸੀ ਦਿੱਤੀ ਜਾਣੀ ਚਾਹੀਦੀ। ਹਰਿਦੁਆਰ ਵਿੱਚ ਭਰ ਰਹੇ ਕੁੰਭ ਮੇਲੇ ਦੌਰਾਨ ਵੱਡੀ ਗਿਣਤੀ ਲੋਕਾਂ ਦੇ ਪਾਜ਼ੇਟਿਵ ਆਉਣ ਦੀਆਂ ਰਿਪੋਰਟਾਂ ਮਗਰੋਂ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਰੋਨਾ ਵਾਇਰਸ ਦੇ ਟਾਕਰੇ ਲਈ ਉਹ ਮੇਲਾ ‘ਪ੍ਰਤੀਕਾਤਮਕ’ ਤੌਰ ’ਤੇ ਮਨਾ ਲੈਣ। ਇਹੀ ਗੱਲਾਂ ਸੋਨੂੰ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਵੀਡੀਓ ਵਿੱਚ ਕਹੀਆਂ ਹਨ। ਸੋਨੂ ਨੇ ਆਖਿਆ,‘‘ਮੈਂ ਕਿਸੇ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦਾ ਪਰ ਹਿੰਦੂ ਪਰਿਵਾਰ ਵਿੱਚ ਜਨਮਿਆ ਹੋਣ ਕਾਰਨ ਮੈਂ ਮੰਨਦਾ ਹਾਂ ਕਿ ਕੁੰਭ ਮੇਲਾ ਨਹੀਂ ਸੀ ਭਰਨਾ ਚਾਹੀਦਾ। ਪ੍ਰਮਾਤਮਾ ਦਾ ਸ਼ੁਕਰ ਹੈ ਲੋਕਾਂ ’ਚ ਇਸ ਸਬੰਧੀ ਚੰਗੀ ਸਮਝ ਹੈ ਅਤੇ ਇਸ ਨੂੰ ਪ੍ਰਤੀਕਾਤਮਕ ਬਣਾਇਆ ਗਿਆ। ਮੈਂ ਸਮਝਦਾ ਹਾਂ ਕਿ ਇਹ ਧਰਮ ਦਾ ਮਸਲਾ ਹੈ ਪਰ ਵਿਸ਼ਵ ਵਿਚ ਮੌਜੂਦਾ ਹਾਲਾਤ ਨੂੰ ਦੇਖਦਿਆਂ ਲੋਕਾਂ ਦੀ ਜਾਨ ਤੋਂ ਵਧ ਕੇ ਕੁਝ ਵੀ ਮਹੱਤਵਪੂਰਨ ਨਹੀਂ ਹੈ। ਸੋਨੂੰ ਨੇ ਆਖਿਆ,‘‘ਗਾਇਕ ਹੋਣ ਦੇ ਨਾਤੇ ਮੇਰਾ ਮੰਨਣਾ ਕਿ ਇਸ ਵੇਲੇ ‘ਲਾਈਵ ਸ਼ੋਅਜ਼’ ਨਹੀਂ ਕਰਵਾਏ ਜਾਣੇ ਚਾਹੀਦੇ। ਇਨ੍ਹਾਂ ਪ੍ਰੋਗਰਾਮਾਂ ਵਿੱਚ ਸਮਾਜਿਕ ਦੂਰੀ ਪਾਲਣਾ ਤੇ ਸਾਵਧਾਨੀ ਵਰਤਣੀ ਹੈ। ਹਾਲਾਤ ਬਹੁਤ ਖ਼ਰਾਬ ਹਨ ਤੇ ਸਾਨੂੰ ਸਾਵਧਾਨ ਰਹਿਣਾ ਪਵੇਗਾ।’’ ਇਸ ਦੌਰਾਨ ਸੋਨੂ ਨੇ ਆਖਿਆ ਕਿ ਉਹ ਭਲਕੇ ਗੋਆ ਤੋਂ ਮੁੰਬਈ ਆਵੇਗਾ ਅਤੇ ਸਾਵਧਾਨੀ ਵਜੋਂ ਖੁਦ ਇਕਾਂਤਵਾਸ ਵਿੱਚ ਰਹੇਗਾ। -ਆਈਏਐੱਨਐੱਸ