ਮਨਦੀਪ ਸਿੰਘ ਸਿੱਧੂ
ਸਲਮਾ ਦੀ ਪੈਦਾਇਸ਼ 1920 ਨੂੰ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਪੰਜਾਬੀ ਮੁਸਲਿਮ ਪਰਿਵਾਰ ਵਿੱਚ ਹੋਈ। ਇਸ ਨੂੰ ਬਚਪਨ ਤੋਂ ਹੀ ਅਦਾਕਾਰੀ ਤੇ ਨ੍ਰਿਤ ਨਾਲ ਬੜਾ ਮੋਹ ਸੀ। ਸੁਨੱਖੀ ਤਾਂ ਉਹ ਸੀ ਹੀ। ਲਿਹਾਜ਼ਾ ਛੇਤੀ ਹੀ ਉਹ ਫਿਲਮਸਾਜ਼ਾਂ ਦੀਆਂ ਅੱਖਾਂ ਦਾ ਮਰਕਜ਼ ਵੀ ਬਣ ਗਈ।
1943 ਵਿੱਚ ਨਿਗ਼ਾਰਸਤਾਨ ਪ੍ਰੋਡਕਸ਼ਨਜ਼, ਲਾਹੌਰ ਦੇ ਬੈਨਰ ਹੇਠ ਹਿਦਾਇਤਕਾਰ ਬਰਕਤ ਮਹਿਰਾ (ਸਹਾਇਕ ਬਿੱਲੂ ਮਹਿਰਾ, ਪ੍ਰਾਣ ਮਹਿਰਾ, ਰਾਣਾ ਬਸ਼ੀਰ) ਨੇ ਹਿੰਦੀ ਫਿਲਮ ‘ਪੰਛੀ’ (1944) ਸ਼ੁਰੂ ਕੀਤੀ। ਫਿਲਮ ਦੀ ਕਹਾਣੀ ਤੇ ਮੁਕਾਲਮੇ ਅਹਿਸਾਨ ਅਲੀ ਸ਼ਾਹ ਬੀ. ਏ., ਮੁਕਾਲਮੇ ਹਿਦਾਇਤਕਾਰ ਬਸ਼ੀਰ, ਗੀਤ ਅਖ਼ਤਰ ਚੁਗਤਾਈ ਤੇ ਮਨੋਹਰ ਸਿੰਘ ਸਹਿਰਾਈ ਅਤੇ ਸੰਗੀਤ ਪੰਡਤ ਅਮਰਨਾਥ ਨੇ ਤਿਆਰ ਕੀਤਾ। ਫਿਲਮ ਵਿੱਚ ਕੁੱਲ 10 ਗੀਤ ਸਨ। ਫਿਲਮ ਵਿੱਚ ਬਰਕਤ ਮਹਿਰਾ ਨੇ ਪੰਜਾਬਣ ਮੁਟਿਆਰ ਸਲਮਾ ਨੂੰ ਨਵੇਂ ਚਿਹਰੇ ਵਜੋਂ ਮੁਤਆਰਿਫ਼ ਕਰਵਾਇਆ। ਸਲਮਾ ਨੇ ਇਸ ’ਚ ‘ਬਿਮਲਾ’ ਦਾ ਪਾਰਟ ਅਦਾ ਕੀਤਾ। ਮਰਕਜ਼ੀ ਕਿਰਦਾਰ ਵਿੱਚ ਮਨੋਰਮਾ ‘ਊਸ਼ਾ’ ਦਾ ਜਿਸ ਦੇ ਸਨਮੁਖ ਸਲੀਮ ਰਜ਼ਾ ‘ਮਹਿੰਦਰ’ ਦਾ ਤੇ ਅਜਮਲ ‘ਰਾਜ ਬਾਬੂ’ ਦਾ ਪਾਰਟ ਅਦਾ ਕਰ ਰਿਹਾ ਸੀ। ਦੀਗ਼ਰ ਫ਼ਨਕਾਰਾਂ ਵਿੱਚ ਹਰੀ ਸ਼ਿਵਦਾਸਾਨੀ (ਜਨਕ/ਪਿਤਾ ਅਦਾਕਾਰਾ ਬਬੀਤਾ), ਮਾਸਟਰ ਗ਼ੁਲਾਮ ਕਾਦਰ (ਮੋਹਨ) ਆਦਿ ਨੁਮਾਇਆਂ ਸਨ। ਇਸ ਫਿਲਮ ਵਿੱਚ ਇੱਕ ਨ੍ਰਿਤ ਗੀਤ ਤਲਵਾਰ ਪ੍ਰੋਡਕਸ਼ਨ, ਕਲਕੱਤਾ ਦੀ ਮਸ਼ਹੂਰ ਡਾਂਸਰ ਅਦਾਕਾਰਾ ਕਲਾਵਤੀ ਨੇ ਵੀ ਕੀਤਾ ਸੀ। ਇਹ ਫਿਲਮ 15 ਦਸੰਬਰ 1944 ਨੂੰ ਨਿਸ਼ਾਤ ਟਾਕੀਜ਼, ਲਾਹੌਰ ’ਚ ਰਿਲੀਜ਼ ਹੋਈ।
ਜਦੋਂ ਲਾਹੌਰ ਦੇ ਗੱਭਰੂ ਸਤੀਸ਼ ਬੱਤਰਾ (ਗੁਲੂਕਾਰ, ਅਦਾਕਾਰ) ਨੇ ਆਪਣੇ ਫਿਲਮਸਾਜ਼ ਅਦਾਰੇ ਬੱਤਰਾ ਪ੍ਰੋਡਕਸ਼ਨਜ਼, ਲਾਹੌਰ ਦੇ ਬੈਨਰ ਹੇਠ ਮਜਨੂੰ ਉਰਫ਼ ਹੈਰੋਲਡ ਲੂਈਸ (ਸਹਾਇਕ ਕੈਲਾਸ਼) ਦੀ ਹਿਦਾਇਤਕਾਰੀ ਵਿੱਚ ਆਪਣੀ ਪਹਿਲੀ ਹਿੰਦੀ ਫਿਲਮ ‘ਪਾਪੀ’ (1943) ਸ਼ੁਰੂ ਕੀਤੀ ਤਾਂ ਸਲਮਾ ਨੂੰ ‘ਨੀਲਾ’ ਦਾ ਮਰਕਜ਼ੀ ਕਿਰਦਾਰ ਨਿਭਾਉਣ ਦਾ ਮੌਕਾ ਦਿੱਤਾ, ਜਿਸ ਦੇ ਹਮਰਾਹ ਲਾਹੌਰ ਦਾ ਹੀ ਗੱਭਰੂ ਰਾਮ ਲਾਲ ‘ਹਰੀਸ਼’ ਦਾ ਪਾਰਟ ਅਦਾ ਕਰ ਰਿਹਾ ਸੀ ਜਦੋਂਕਿ ਸਤੀਸ਼ ਬੱਤਰਾ (ਨਰਿੰਦਰ) ਤੇ ਮਾਧੁਰੀ (ਬੀਨਾ) ਵੀ ਮੁੱਖ ਭੂਮਿਕਾ ’ਚ ਸਨ। ਕਹਾਣੀ ਤੇ ਮੰਜ਼ਰਨਾਮਾ (ਦ੍ਰਿਸ਼) ਹੈਰੋਲਡ ਲੂਈਸ, ਮੁਕਾਲਮੇ (ਸੰਵਾਦ) ਅਹਿਸਾਨ ਬੀ. ਏ., ਅਖ਼ਤਰ ਚੁਗਤਾਈ, ਮੁਕਾਲਮਾ ਇੰਚਾਰਜ ਐੱਮ. ਸਾਦਿਕ, ਗੀਤ ਹਜ਼ਰਤ ਅਜ਼ੀਜ਼ ਕਸ਼ਮੀਰੀ ਅਤੇ ਸੰਗੀਤਕ ਧੁਨਾਂ ਪੰਡਤ ਅਮਰਨਾਥ (ਲਾਹੌਰ) ਨੇ ਮੁਰੱਤਬਿ ਕੀਤੀਆਂ। ਫਿਲਮ ਵਿੱਚ ਕੁੱਲ 10 ਗੀਤ ਸਨ। ਇਹ ਫਿਲਮ 25 ਮਈ 1943 ਨੂੰ ਕਰਾਊਨ ਸਿਨਮਾ, ਲਾਹੌਰ ਵਿਖੇ ਨੁਮਾਇਸ਼ ਹੋਈ।
ਜਦੋਂ ਮਦਨ ਮੋਹਨ ਗੁਪਤਾ ਨੇ ਆਪਣੇ ਫਿਲਮਸਾਜ਼ ਅਦਾਰੇ ਯੂਨੀਅਨ ਪਿਕਚਰਜ਼, ਲਾਹੌਰ ਦੇ ਬੈਨਰ ਹੇਠ ਹੈਦਰ ਸ਼ਾਹ ਦੀ ਹਿਦਾਇਤਕਾਰੀ ਵਿੱਚ ਮਜ਼ਾਹੀਆ ਪੰਜਾਬੀ ਫਿਲਮ ‘ਨਿਖੱਟੂ’ (1943) ਬਣਾਈ ਤਾਂ ਸਲਮਾ ਨੂੰ ਸਾਥੀ ਅਦਾਕਾਰਾ ਦਾ ਪਾਰਟ ਦਿੱਤਾ। ਮਰਕਜ਼ੀ ਕਿਰਦਾਰ ਵਿੱਚ ਅਦਾਕਾਰਾ ਰਾਜ ਰਾਣੀ (ਰੱਖੋ) ਤੇ ਗੁਲ ਜ਼ਮਾਨ (ਸ਼ੇਰਾ) ਮੌਜੂਦ ਸਨ ਤੇ ‘ਨਿਖੱਟੂ’ ਦਾ ਟਾਈਟਲ ਰੋਲ ਐੱਮ. ਚਾਰਲੀ ਅਦਾ ਕਰ ਰਿਹਾ ਸੀ। ਦੀਗ਼ਰ ਫ਼ਨਕਾਰਾਂ ਵਿੱਚ ਪੀ. ਐੱਨ. ਬਾਲੀ, ਭਾਗ ਸਿੰਘ, ਰਸ਼ੀਦਾ ਅਖ਼ਤਰ, ਏ. ਆਰ. ਕਸ਼ਮੀਰੀ, ਜ਼ਹੂਰਸ਼ਾਹ, ਬੇਬੀ ਸੁਲਤਾਨਾ ਵਗ਼ੈਰਾ ਨੁਮਾਇਆ ਸਨ। ਫਿਲਮ ਦੇ ਮੁਸੱਨਫ਼ ਡੀ. ਐੱਨ. ਮਧੋਕ (ਪੰਡਤ ਦੀਨਾ ਨਾਥ ਮਧੋਕ), ਮੁਕਾਲਮੇ ਤੇ ਗੀਤ ਐੱਫ. ਡੀ. ਸ਼ਰਫ਼ ਅਤੇ ਮੌਸੀਕੀ ਦੀਆਂ ਤਰਜ਼ਾਂ ਪੰਡਤ ਗੋਬਿੰਦਰਾਮ ਨੇ ਤਾਮੀਰ ਕੀਤੀਆਂ। ਇਸ ਫਿਲਮ ਦੇ ਮਕਬੂਲ ਗੀਤਾਂ ‘ਰਾਤਾਂ ਕਾਲੀਆਂ ’ਕੱਲੀ ਨੂੰ ਡਰ ਆਵੇ’, ‘ਸੰਤਰਿਆ ਵੇ ਰਸ ਦਿਆ ਭਰਿਆ’, ‘ਦੁਨੀਆ ਸੋ ਰੰਗੀ ਸੌ ਸੌ ਰੰਗ ਵਿਖਾਵੇ’ (ਨਸੀਮ ਅਖ਼ਤਰ), ‘ਫੁੱਲਾਂ ਦਾ ਸੈਂਟ ਲਿਆ ਮਾਹੀਆ’ (ਨਸੀਮ ਅਖ਼ਤਰ, ਨੂਰਜਹਾਂ, ਸਾਥਣਾਂ) ਨੂੰ ਸੰਗੀਤ-ਮੱਦਾਹਾਂ ਨੇ ਬੜਾ ਪਸੰਦ ਕੀਤਾ। ਇਹ ਫਿਲਮ 14 ਜੁਲਾਈ 1943 ਨੂੰ ਵਲਿੰਗਟਨ ਟਾਕੀਜ਼, ਲਾਹੌਰ ਵਿਖੇ ਨੁਮਾਇਸ਼ ਹੋਈ ਤੇ ਕਾਮਯਾਬ ਫਿਲਮ ਕਰਾਰ ਪਾਈ।
ਰੂਪ ਕੇ. ਸ਼ੋਰੀ ਨੇ ਮੈਕਲੋਡ ਰੋਡ, ਲਾਹੌਰ ਉੱਪਰ ਬਣੇ ਆਪਣੇ ਫਿਲਮਸਾਜ਼ ਅਦਾਰੇ ਸ਼ੋਰੀ ਪਿਕਚਰਜ਼, ਲਾਹੌਰ ਦੇ ਬੈਨਰ ਹੇਠ ਬਰਕਤ ਮਹਿਰਾ (ਲਾਹੌਰ) ਦੀ ਹਿਦਾਇਤਕਾਰੀ (ਸਹਾਇਕ ਐੱਸ. ਸ਼ਫ਼ਕਤ, ਰਾਣਾ ਬਸ਼ੀਰ) ਵਿੱਚ ਪਹਿਲੀ ਹਿੰਦੀ ਫਿਲਮ ‘ਚੰਪਾ’ (1945) ਸ਼ੁਰੂ ਕੀਤੀ। ਇਸ ਫਿਲਮ ਵਿੱਚ ਸਲਮਾ ਨੇ ‘ਚੰਪਾ’ ਦਾ ਟਾਈਟਲ ਰੋਲ ਨਿਭਾ ਰਹੀ ਅਦਾਕਾਰਾ ਮਨੋਰਮਾ ਦੀ ਸਹੇਲੀ ‘ਮਾਲਤੀ’ ਦਾ ਸੋਹਣਾ ਕਿਰਦਾਰ ਨਿਭਾਇਆ। ਲਾਹੌਰ ਦਾ ਗੱਭਰੂ ਬੇਗ ‘ਡਾਕਟਰ ਰਤਨ’ ਦਾ ਮੁੱਖ ਰੋਲ ਕਰ ਰਿਹਾ ਸੀ। ਬਾਕੀ ਫ਼ਨਕਾਰਾਂ ਵਿੱਚ ਆਸ਼ਾ ਪੌਸਲੇ ‘ਰਜਨੀ’, ਮਜਨੂੰ ‘ਸੁੰਦਰ’, ਰਾਮ ਲਾਲ ‘ਲੱਭੂ ਸ਼ਾਹ’, ਗ਼ੁਲਾਮ ਕਾਦਰ ‘ਰਤਨ ਲਾਲ’, ਹਰੀ ਸ਼ਿਵਦਾਸਾਨੀ ‘ਮਾਣਕ ਲਾਲ’ ਦੇ ਪਾਰਟ ’ਚ ਆਪਣੇ ਫ਼ਨ ਦੀ ਨੁਮਾਇਸ਼ ਕਰ ਰਹੇ ਸਨ। ਫਿਲਮ ਦਾ ਫ਼ਸਾਨਾ ਤੇ ਮੁਕਾਲਮੇ ਅਹਿਸਾਨ ਬੀ. ਏ. (ਡਰਾਮਾਨਿਗ਼ਾਰ), ਗੀਤ ਹਜ਼ਰਤ ਅਜ਼ੀਜ਼ ਕਸ਼ਮੀਰੀ ਤੇ ਮੌਸੀਕੀ ਅਨੁਪਮ ਘਟਕ ਤੇ ਲੱਛੀ ਰਾਮ ਨੇ ਤਰਤੀਬ ਕੀਤੀ। ਫਿਲਮ ’ਚ ਕੁੱਲ 9 ਗੀਤ ਸਨ। ਇਹ ਫਿਲਮ 13 ਅਕਤੂਬਰ 1945 ਨੂੰ ਕਰਾਊਨ ਸਿਨਮਾ, ਲਾਹੌਰ ਵਿਖੇ ਪਰਦਾਪੇਸ਼ ਹੋਈ।
ਪੇਸ਼ਾਵਰ ਦੇ ਗੱਭਰੂ ਗੁਲ ਜ਼ਮਾਨ ਨੇ ਆਪਣੇ ਫਿਲਮਸਾਜ਼ ਅਦਾਰੇ ਜ਼ਮਾਨ ਪ੍ਰੋਡਕਸ਼ਨਜ਼, ਲਾਹੌਰ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ (ਸਹਾਇਕ ਬਿੱਲੂ ਮਹਿਰਾ ਤੇ ਐੱਮ. ਅਸਰਫ਼ ਖ਼ਾਨ) ਵਿੱਚ ਪੰਜਾਬੀ ਫਿਲਮ ‘ਗੁਲ ਬਲੋਚ’ (1945) ਸ਼ੁਰੂ ਕੀਤੀ। ਇਸ ਦੇ ਫਿਲਮਸਾਜ਼ ਮੀਆਂ ਮੁਸ਼ਤਾਕ ਅਹਿਮਦ (ਲਾਹੌਰ) ਸਨ। ਫ਼ਸਾਨਾ ਗੁਲ ਜ਼ਮਾਨ, ਮੁਕਾਲਮੇ ਕੇ. ਸੀ. ਵਰਮਾ, ਮੰਜ਼ਰਨਾਮਾ ਤੇ ਸੁਪਰਵਿਜ਼ਨ ਸ਼ੰਕਰ ਮਹਿਤਾ (ਹਿਦਾਇਤਕਾਰ), ਗੀਤ (11) ਸ਼ਾਇਰ ਮੁਹੰਮਦ ਸ਼ਫ਼ੀ ‘ਆਸ਼ਿਕ’, ਲਾਹੌਰ) ਅਤੇ ਮੌਸੀਕੀ ਦੀਆਂ ਦਿਲਕਸ਼ ਤਰਜ਼ਾਂ ਪੰਡਤ ਅਮਰਨਾਥ (7 ਗੀਤਾਂ), ਲੱਛੀ ਰਾਮ (2 ਗੀਤਾਂ) ਤੇ ਸ਼ਿਆਮ ਸੁੰਦਰ (2 ਗੀਤਾਂ ਦੀਆਂ) ਨੇ ਮੁਰੱਤਬਿ ਕੀਤੀਆਂ। ਫਿਲਮ ’ਚ ਸਲਮਾ ਨੇ ‘ਦਾਰੋ’ ਦਾ ਤੇ ਗੁਲ ਜ਼ਮਾਨ ਨੇ ‘ਗੁਲ’ ਦਾ ਮਰਕਜ਼ੀ ਕਿਰਦਾਰ ਅਦਾ ਕੀਤਾ। ਦੀਗ਼ਰ ਫ਼ਨਕਾਰਾਂ ਵਿੱਚ ਮਜਨੂੰ (ਪੋਸਤੀ), ਮੁਨੱਵਰ ਸੁਲਤਾਨਾ (ਸ਼ੀਲਾ), ਅਜਮਲ, ਸਲੀਮ ਰਜ਼ਾ, ਗ਼ੁਲਾਮ ਕਾਦਰ, ਲੀਲਾ ਕੁਮਾਰੀ, ਰਮੇਸ਼ ਠਾਕੁਰ, ਹਫ਼ੀਜ਼ ਚੌਧਰੀ ਨੁਮਾਇਆ ਸਨ। ਇਸ ਫਿਲਮ ਦੀ ਫਿਲਮਬੰਦੀ ਮੇਜਰ ਜਨਰਲ ਸਰ ਉਮਰ ਹਿਆਤ ਟਿਵਾਣਾ (ਮਰਹੂਮ) ਨੇ ਵੇਖੀ ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ। ਇਹ ਗੱਲ ਕਾਬਿਲ-ਏ-ਜ਼ਿਕਰ ਹੈ ਕਿ ਇਸ ਫਿਲਮ ਦੇ ਚੀਫ ਅਸਿਸਟੈਂਟ ਐੱਮ. ਅਸ਼ਰਫ਼ ਖ਼ਾਨ ਨੇ ਪਹਿਲੀ ਵਾਰ ਅੰਮ੍ਰਿਤਸਰ (ਕੋਟਲਾ ਸੁਲਤਾਨ ਸਿੰਘ) ਦੇ ਗੱਭਰੂ ਮੁਹੰਮਦ ਰਫ਼ੀ ਨੂੰ ਜੋ ਉਸ ਵੇਲੇ ਲਾਹੌਰ ਸਨ, ਨੂੰ ਨਵੇਂ ਗੁਲੂਕਾਰ ਵਜੋਂ ਮੁਤਆਰਿਫ਼ ਕਰਵਾਇਆ। ਸ਼ਿਆਮ ਸੁੰਦਰ ਦੇ ਸੰਗੀਤ ’ਚ ਰਫ਼ੀ ਸਾਹਬ ਨੇ ਲਾਹੌਰ ਦੀ ਗੁਲੂਕਾਰਾ ਜ਼ੀਨਤ ਬੇਗ਼ਮ ਨਾਲ ਇੱਕ ਦੋਗਾਣਾ ਗੀਤ- ਦਾਰੋ: ਪਰਦੇਸੀ ਨਾਲ ਲਾਈਏ ਯਾਰੀ ਭਾਵੇਂ ਲੱਖ ਸੋਨੇ ਦਾ ਹੋਵੇ…ਗੁਲ: ਯਾਰ ਜਿਨ੍ਹਾਂ ਦੇ ਦੂਰ ਵਸੇਂਦੇ ਨੇ ਕੀ ਉਨ੍ਹਾਂ ਦੀ ਜੀਣਾ… ਗਾਇਆ। ਸਲਮਾ ਤੇ ਗੁਲ ਜ਼ਮਾਨ ’ਤੇ ਫ਼ਿਲਮਾਏ ਇਸ ਗੀਤ ਤੋਂ ਖ਼ੁਸ਼ ਹੁੰਦਿਆਂ ਮੀਆਂ ਮੁਸ਼ਤਾਕ ਅਹਿਮਦ ਨੇ ਮੁਹੰਮਦ ਰਫ਼ੀ ਨੂੰ 25 ਰੁਪਏ ਦਾ ਇਨਾਮ ਦਿੱਤਾ ਸੀ। ਇਸ ਤੋਂ ਬਾਅਦ ਰਫ਼ੀ ਸਾਹਬ ਨੇ ਭਾਰਤੀ ਫਿਲਮ ਸਨਅਤ ਦੀ ਗੁਲੂਕਾਰੀ ਵਿੱਚ ਜੋ ਆਲ੍ਹਾ ਮੁਕਾਮ ਪੈਦਾ ਕੀਤਾ ਉਸ ਤੋਂ ਤਮਾਮ ਆਲਮ ਚੰਗੀ ਤਰ੍ਹਾਂ ਵਾਕਿਫ਼ ਹੈ। ਇਸ ਫਿਲਮ ਵਿੱਚ ਮੁਨੱਵਰ ਸੁਲਤਾਨਾ ਨੂੰ ਨਵੀਂ ਅਦਾਕਾਰਾ ਤੇ ਗੁਲੂਕਾਰਾ ਵਜੋਂ ਤੇ ਅੰਬਾਲਾ ਦੇ ਗੱਭਰੂ ਨਜ਼ਰ ਉਰਫ਼ ਸਈਅਦ ਮੁਹੰਮਦ ਨਜ਼ਰ ਹੁਸੈਨ ਸ਼ਾਹ ਨੂੰ ਨਵੇਂ ਮਜ਼ਾਹੀਆ ਅਦਾਕਾਰ ਵਜੋਂ ਪੇਸ਼ ਕੀਤਾ।
ਸਲਮਾ ਤੇ ਗੁਲ ਜ਼ਮਾਨ ’ਤੇ ਫਿਲਮਾਏ ਤੇ ਪੰਡਤ ਅਮਰਨਾਥ ਦੀ ਮੌਸੀਕੀ ਵਿੱਚ ਤਰਤੀਬ ਗੀਤ ‘ਇਸ਼ਕ ਲਗਾਉਣਾ ਸੌਖਾ ਨੀਂ ਪਰਦੇਸੀਆ’ (ਜ਼ੀਨਤ ਬੇਗ਼ਮ), ‘ਸੁਣ ਨਿੱਕੀ ਜਿਹੀ ਗੱਲ ਚੰਨੀਏ ਤੇਰੀ ਅੱਖੀਆਂ ਨੇ ਲਿਆ ਹੱਸ-ਹੱਸ ਛਲ ਚੰਨੀਏ’ (ਮੁਹੰਮਦ ਰਫ਼ੀ, ਜ਼ੀਨਤ ਬੇਗ਼ਮ, ਮਜਨੂੰ), ‘ਸੁਣ ਮੇਰੇ ਹਾਣੀਆਂ ਰੁੱਤਾਂ ਨੇ ਸੁਹਾਣੀਆਂ… (ਜ਼ੀਨਤ ਬੇਗ਼ਮ), ‘ਛੱਮ ਛੱਮ ਨੱਚਾਂ ਨਾਲੇ ਛੱਮ ਛੱਮ ਰੋਵਾਂ (ਜ਼ੀਨਤ ਬੇਗ਼ਮ) ਅਤੇ ‘ਜੇ ਉਂਝ ਨੀਂ ਅੜਿਆ ਆਂਦਾ ਤੇ ਸੁਫ਼ਨੇ ਵਿੱਚ ਕਿਓਂ ਆਨਾ ਏਂ’ (ਜ਼ੀਨਤ ਬੇਗ਼ਮ) ਬੜੇ ਮਕਬੂਲ ਹੋਏ। 23 ਅਗਸਤ 1946 ਨੂੰ ਕਰਾਊਨ ਸਿਨਮਾ, ਲਾਹੌਰ ਵਿੱਚ ਰਿਲੀਜ਼ ਹੋਣ ਵਾਲੀ ਇਸ ਫਿਲਮ ਦੇ ਗ੍ਰਾਮੋਫ਼ੋਨ ਰਿਕਾਰਡ ਜਾਰੀ ਨਹੀਂ ਹੋਏ ਸਨ। ਇਹ ਫਿਲਮ ਅਦਾਕਾਰਾ ਸਲਮਾ ਦੀ ਲਾਹੌਰ ਵਿੱਚ ਆਖ਼ਰੀ ਪੰਜਾਬੀ ਫਿਲਮ ਸੀ। ਇਸ ਤੋਂ ਇੱਕ ਸਾਲ ਬਾਅਦ ਫਿਰਕੂ-ਫ਼ਸਾਦ ਕਰ ਕੇ ਮੁਲਕ ਦੋ ਹਿੱਸਿਆਂ ’ਚ ਵੰਡਿਆ ਗਿਆ। ਸਲਮਾ ਨੇ ਆਬਾਈ ਸ਼ਹਿਰ ਲਾਹੌਰ ਰਹਿਣਾ ਪਸੰਦ ਕੀਤਾ, ਜਿੱਥੇ ਉਹ ਪੁਰਾਣੇ ਗੁਲਬਰਗ ਵਿੱਚ ਖ਼ਾਮੋਸ਼ ਜ਼ਿੰਦਗੀ ਬਸਰ ਕਰਦੀ ਰਹੀ। ਵੰਡ ਤੋਂ ਬਾਅਦ ਸਲਮਾ ਨੇ ਕਿਸੇ ਵੀ ਪਾਕਿਸਤਾਨੀ ਫਿਲਮ ਵਿੱਚ ਅਦਾਕਾਰੀ ਨਹੀਂ ਕੀਤੀ। ਉਸ ਨੇ ਫਿਲਮਾਂ ਤੋਂ ਮੁਕੰਮਲ ਕਿਨਾਰਾਕਸ਼ੀ ਕਰ ਲਈ ਸੀ। ਇਸ ਤੋਂ ਬਾਅਦ ਉਹ ਕਿੱਥੇ ਚਲੀ ਗਈ, ਕੀਹਦੇ ਨਾਲ ਵਿਆਹੀ ਗਈ ਤੇ ਕਦੋਂ ਫ਼ੌਤ ਹੋਈ? ਕਾਫ਼ੀ ਤਹਿਕੀਕ ਕਰਨ ਦੇ ਬਾਵਜੂਦ ਕੁਝ ਪਤਾ ਨਹੀਂ ਲੱਗ ਸਕਿਆ।
ਸੰਪਰਕ: 97805-09545