ਮਨਦੀਪ ਸਿੰਘ ਸਿੱਧੂ
ਲਤਾ ਮੰਗੇਸ਼ਕਰ ਫ਼ਿਲਮਾਂ ਦੀ ਵਾਹਿਦ ਗੁਲੂਕਾਰਾ ਹੀ ਨਹੀਂ ਸੀ ਬਲਕਿ ਫ਼ਿਲਮ ਤਾਰੀਖ਼ ਦੀ ਅਦਾਕਾਰਾ, ਫ਼ਿਲਮਸਾਜ਼ ਤੇ ਸੰਗੀਤਕਾਰਾ ਵੀ ਸੀ। ਇਬਤਿਦਾ ਤੋਂ ਅਖੀਰ ਤੱਕ ਉਨ੍ਹਾਂ ਦੀ ਪੁਰਕਸ਼ਿਸ਼ ਆਵਾਜ਼ ਦੀ ਖਣਕ ਬਰਕਰਾਰ ਰਹੀ।
ਲਤਾ ਮੰਗੇਸ਼ਕਰ ਦੀ ਪੈਦਾਇਸ਼ 28 ਸਤੰਬਰ, 1929 ਨੂੰ ਪੰਡਤ ਦੀਨਾ ਨਾਥ ਮੰਗੇਸ਼ਕਰ (ਮਰਹੂਮ) ਦੀ ਦੂਜੀ ਪਤਨੀ ਮਾਤਾ ਸੁਧਾਮਤੀ ਦੇ ਘਰ ਹੋਈ। ਇੰਦੌਰ ਦੇ ਸਿੱਖ ਮੁਹੱਲੇ ’ਚ ਮਰਾਠੀ ਪਰਿਵਾਰ ਵਿੱਚ ਜਨਮੀ ਲਤਾ ਦੇ ਘਰਦਿਆਂ ਨੇ ਉਸ ਦਾ ਨਾਮ ‘ਹੇਮਾ’ ਰੱਖਿਆ ਅਤੇ ਫਿਰ ‘ਲਤਿਕਾ’ ਵਜੋਂ ਜਾਣਿਆ ਜਾਣ ਲੱਗਾ ਓੜਕ ਲਤਾ ਮੰਗੇਸ਼ਕਰ। ਬਾਲੜੀ ਲਤਾ ਨੂੰ ਕਲਾਸਕੀ ਮੌਸੀਕੀ ਦੀ ਗੁੜ੍ਹਤੀ ਆਪਣੇ ਪਿਤਾ ਕੋਲੋਂ ਵਿਰਾਸਤ ’ਚ ਮਿਲੀ ਸੀ। ਲਿਹਾਜ਼ਾ 5 ਸਾਲ ਦੀ ਉਮਰ ਵਿੱਚ ਹੀ ਪਿਤਾ ਧੀ ਦੇ ਉਸਤਾਦ ਬਣ ਗਏ। ਜਦੋਂ ਲਤਾ ਨੂੰ ਸਕੂਲ ਵਿੱਚ ਦਾਖਲ ਕੀਤਾ ਗਿਆ ਤਾਂ ਪਹਿਲੀ ਜਮਾਤ ’ਚ ਹੋਣ ਦੇ ਬਾਵਜੂਦ ਉਹ ਬੱਚਿਆਂ ਨੂੰ ਸੰਗੀਤ ਸਿਖਾਉਣ ਲੱਗੀ ਅਤੇ ਜਦੋਂ ਉਨ੍ਹਾਂ ਦੇ ਅਧਿਆਪਕ ਨੇ ਉਸ ਨੂੰ ਰੋਕਿਆ ਤਾਂ ਲਤਾ ਨੇ ਸਕੂਲ ਜਾਣਾ ਹੀ ਛੱਡ ਦਿੱਤਾ।
ਲਤਾ ਨੇ ਆਪਣੇ ਜੀਵਨ ਦੇ 13 ਬਸੰਤ ਹੀ ਵੇਖੇ ਸਨ ਕਿ ਉਨ੍ਹਾਂ ਦੇ ਪਿਤਾ ਜੀ ਵਫ਼ਾਤ ਪਾ ਗਏ। ਪਿਤਾ ਜੀ ਨੇ ਵਿਰਾਸਤ ਦੇ ਰੂਪ ’ਚ ਸੰਗੀਤ ਦੇ ਬਿਨਾਂ ਕੁਝ ਨਹੀਂ ਛੱਡਿਆ ਸੀ ਅਤੇ ਇਸ ਸੱਤ ਸੁਰਾਂ ਦੀ ਸਾਧਕ ਨੂੰ ਆਪਣੇ ਜੀਵਨ ਨੂੰ ਸਾਧਣ ਲਈ ਨਾਟਕਾਂ ਤੋਂ ਲੈ ਕੇ ਫ਼ਿਲਮਾਂ ਵਿੱਚ ਛੋਟੇ-ਛੋਟੇ ਕੰਮ ਕਰਨੇ ਪਏ। ਲਤਾ ਦੀ ਉਮਰ ਭਾਵੇਂ ਨਿਆਣੀ ਸੀ, ਅਲਬੱਤਾ ਉਨ੍ਹਾਂ ’ਤੇ ਵੱਡੇ ਪਰਿਵਾਰ ਦੀ ਵੱਡੀ ਜ਼ਿੰਮੇਵਾਰੀ ਸੀ। ਵਧਦੀਆਂ ਜ਼ਿੰਮੇਵਾਰੀਆਂ ਨੇ ਲਤਾ ਦਾ ਬਚਪਨ ਖੋੋਹ ਲਿਆ। ਸੰਘਰਸ਼ ਨਾਲ ਲਤਾ ਟੁੱਟੀ ਨਹੀਂ ਬਲਕਿ ਹੋਰ ਤਾਕਤਵਰ ਬਣ ਕੇ ਉੱਭਰੀ। ਉਸ ਜ਼ਮਾਨੇ ’ਚ ਹਿੰਦੀ ਫ਼ਿਲਮਾਂ ’ਚ ਉਰਦੂ ਦਾ ਬੋਲਬਾਲਾ ਸੀ। ਮਰਾਠੀ ਹੋਣ ਕਾਰਨ ਹਿੰਦੀ ਅਤੇ ਉਰਦੂ ਜ਼ੁਬਾਨਾਂ ਦੀ ਬਕਾਇਦਾ ਤਾਲੀਮ ਹਾਸਲ ਕੀਤੀ ਅਤੇ ਨਾਲ-ਨਾਲ ਪੰਜਾਬੀ ਵੀ ਸਿੱਖੀ।
ਲਤਾ ਮੰਗੇਸ਼ਕਰ ਨੇ ਆਪਣੀ ਗਾਇਨ ਕਲਾ ਦੀ ਇਬਤਿਦਾ ਮਰਾਠੀ ਫ਼ਿਲਮ ‘ਕਿਤੀ ਹਸਾਲ’ (1942) ਤੋਂ ਕੀਤੀ ਸੀ, ਪਰ ਉਨ੍ਹਾਂ ਦੇ ਗਾਏ ਗੀਤ ਨੂੰ ਫ਼ਿਲਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਆਈ ਇੱਕ ਹੋਰ ਮਰਾਠੀ ਫ਼ਿਲਮ ‘ਗਜਾਭਾਊ’ (1944) ’ਚ ਉਸ ਨੇ ਆਪਣਾ ਪਹਿਲਾ ਹਿੰਦੀ ਗੀਤ ਗਾਇਆ ‘ਮਾਤਾ ਏਕ ਸਪੂਤ ਕੀ ਦੁਨੀਆ ਬਦਲ ਦੇ ਤੂੰ’। 16 ਸਾਲ ਦੀ ਉਮਰ ਵਿੱਚ ਉਸ ਦੀ ਬਤੌਰ ਬਾਲ ਅਦਾਕਾਰਾ ਅਤੇ ਗੁਲੂਕਾਰਾ ਵਜੋਂ ਪਹਿਲੀ ਹਿੰਦੀ ਫ਼ਿਲਮ ਪ੍ਰਫੁੱਲ ਪਿਕਚਰਜ਼, ਬੰਬੇ ਦੀ ਵਿਨਾਇਕ ਨਿਰਦੇਸ਼ਿਤ ‘ਬੜੀ ਮਾਂ’ (1945) ਸੀ। ਫ਼ਿਲਮ ਵਿੱਚ ਉਸ ਨੇ ਦੱਤਾ ਕੋਰਗਾਂਵਕਰ ਦੇ ਸੰਗੀਤ ’ਚ ਜ਼ੀਆ ਸਰਹੱਦੀ ਤੇ ਅੰਜੁਮ ਪੀਲੀਭੀਤੀ ਦੇ ਲਿਖੇ ਦੋ ਗੀਤ ‘ਮਾਤਾ ਤੇਰੇ ਚਰਨੋਂ ਮੇਂ’ ਤੇ ਦੂਜਾ ‘ਜਨਨੀ ਜਨਮ ਭੂਮੀ ਤੁਮ ਮਾਂ ਹੋ ਬੜੀ ਮਾਂ’ (ਨਾਲ ਮੀਨਾਕਸ਼ੀ) ਗਾਇਆ। ਇਨ੍ਹਾਂ ’ਚੋਂ ਪਹਿਲਾ ਗੀਤ ਲਤਾ ਉੱਪਰ ਹੀ ਫ਼ਿਲਮਾਇਆ ਗਿਆ। ਲਤਾ ਮੰਗੇਸ਼ਕਰ ਨੂੰ ਹਿੰਦੀ ਫ਼ਿਲਮਾਂ ਵਿੱਚ ਪਹਿਲਾ ਜਬਰਦਸਤ ਮੌਕਾ ਦਿੱਤਾ ਪੰਜਾਬੀ ਸੰਗੀਤ-ਨਿਰਦੇਸ਼ਕ ਭਾਈ ਗ਼ੁਲਾਮ ਹੈਦਰ ‘ਅੰਮ੍ਰਿਤਸਰੀ’ ਨੇ। ਉਨ੍ਹਾਂ ਨੇ ਹੀ ਉਸ ਨੂੰ ਹਿੰਦੀ ਦੀ ਮੁੱਖ-ਧਾਰਾ ’ਚ ਲਿਆਉਂਦਿਆਂ ਬੰਬੇ ਟਾਕੀਜ਼, ਬੰਬੇ ਦੀ ਨਜ਼ੀਰ ਅਜਮੇਰੀ ਨਿਰਦੇਸ਼ਿਤ ਫ਼ਿਲਮ ‘ਮਜਬੂਰ’ (1948) ’ਚ ਆਪਣੀ ਮੁਰੱਤਬਿ ਮੌਸੀਕੀ ’ਚ 4 ਏਕਲ ਤੇ 3 ਦੋਗਾਣਾ ਗੀਤ ਗਵਾਏ, ਜਿਨ੍ਹਾਂ ’ਚ ‘ਦਿਲ ਮੇਰਾ ਤੋੜਾ ਮੁਝੇ ਕਹੀਂ ਕਾ ਨਾ ਛੋੜਾ ਤੇਰੇ ਪਿਆਰ ਨੇ’, ‘ਅਬ ਡਰਨੇ ਕੀ ਕੋਈ ਬਾਤ ਨਹੀਂ ਅੰਗਰੇਜ਼ੀ ਛੋਰਾ ਚਲਾ ਗਯਾ’ (ਨਾਲ ਮੁਕੇਸ਼) ਜੋ ਅਦਾਕਾਰਾ ਮੁਨੱਵਰ ਸੁਲਤਾਨਾ (ਲਾਹੌਰ) ਤੇ ਸ਼ਿਆਮ (ਸਿਆਲਕੋਟ) ’ਤੇ ਫ਼ਿਲਮਾਏ ਗਏ ਸਨ। ਇਸ ਦੇ ਨਾਲ ਹੀ ਸ਼ੁਰੂ ਹੋਇਆ ਲਤਾ ਮੰਗੇਸ਼ਕਰ ਦਾ ਹਿੰਦੀ ਸਿਨਮਾ ਦੀ ਦੁਨੀਆ ’ਚ ਪਸ-ਏ-ਪਰਦਾ ਗੁਲੂਕਾਰਾ ਵਜੋਂ ਸੁਨਹਿਰਾ ਸਫ਼ਰ। ਜਦੋਂ ਬੰਬੇ ਟਾਕੀਜ਼, ਬੰਬੇ ਨੇ ਕਮਾਲ ਅਮਰੋਹੀ ਨਿਰਦੇਸ਼ਿਤ ਫ਼ਿਲਮ ‘ਮਹਿਲ’ (1949) ’ਚ ਪੰਡਤ ਖੇਮਚੰਦ ਪ੍ਰਕਾਸ਼ ਦੀ ਸੰਗੀਤ ਨਿਰਦੇਸ਼ਨਾ ਵਿੱਚ 3 ਗੀਤ ਗਾਏ, ਪਰ ‘ਖ਼ਾਮੋਸ਼ ਹੈ ਜ਼ਮਾਨਾ…ਆਏਗਾ ਆਏਗਾ ਆਨੇਵਾਲਾ’ ਨਾਲ ਲਤਾ ਨੂੰ ਸਫਲਤਾ ਅਤੇ ਪੁਖ਼ਤਾ ਪਛਾਣ ਮਿਲੀ। ਲਗਭਗ 7 ਮਿੰਟ ਲੰਮੇ ਇਸ ਗੀਤ ਦੇ ਜ਼ਰੀਏ ਲਤਾ ਦੀ ਆਵਾਜ਼ ਦੇਸ਼ ਦੇ ਕੋਨੇ-ਕੋਨੇ ’ਚ ਪਹੁੰਚ ਗਈ ਸੀ।
ਲਤਾ ਮੰਗੇਸ਼ਕਰ ਨੇ 1949 ਤੋਂ 1954 ਤੱਕ ਬਣੀਆਂ 7 ਪੰਜਾਬੀ ਫ਼ਿਲਮਾਂ ਵਿੱਚ ਕੁੱਲ 30 ਗੀਤ ਗਾਏ। ਜਦੋਂ ਐੱਲ. ਆਰ. ਭਾਖੜੀ ਤੇ ਕੁਲਦੀਪ ਸਹਿਗਲ ਨੇ ਆਪਣੇ ਫ਼ਿਲਮਸਾਜ਼ ਅਦਾਰੇ ਕੁਲਦੀਪ ਪਿਕਚਰਜ਼ ਲਿਮਟਿਡ, ਬੰਬੇ ਦੇ ਬੈਨਰ ਹੇਠ ਰਾਜਿੰਦਰ ਸ਼ਰਮਾ ਦੀ ਹਿਦਾਇਤਕਾਰੀ ਵਿੱਚ ਫ਼ਿਲਮ ‘ਲੱਛੀ’ (1949) ਬਣਾਈ ਤਾਂ ਪੰਜਾਬੀ ਸੰਗੀਤਕਾਰ ਹੰਸਰਾਜ ਬਹਿਲ (ਲਾਇਲਪੁਰ) ਨੇ ਫ਼ਿਲਮ ਦੇ 11 ਗੀਤਾਂ ’ਚੋਂ 7 ਗੀਤ ਲਤਾ ਕੋਲੋਂ ਗਵਾਏ ‘ਹਾੜ੍ਹਾ ਵੇ ਚੰਨਾ ਯਾਦ ਸਾਨੂੰ ਤੇਰੀ ਆਵੇ’ (ਲਤਾ ਮੰਗੇਸ਼ਕਰ) ‘ਕਾਲੀ ਕੰਘੀ ਨਾਲ ਕਾਲੇ ਵਾਲ ਪਈ ਵਾਹਨੀ ਆਂ’, ‘ਤੂੰਬਾ ਵੱਜਦਾ ਈ ਨਾ ਤਾਰ ਬਿਨਾਂ’ (ਨਾਲ ਮੁਹੰਮਦ ਰਫ਼ੀ), ਪਰ ਇਸ ਫ਼ਿਲਮ ’ਚ ਲਤਾ ਦਾ ਗਾਇਆ ਏਕਲ ਗੀਤ ‘ਨਾਲੇ ਲੰਮੀ ਤੇ ਨਾਲੇ ਕਾਲੀ ਹਾਏ ਵੇ ਚੰਨਾ ਰਾਤ ਜੁਦਾਈਆਂ ਵਾਲੀ’ ਹੱਦ ਦਰਜਾ ਮਕਬੂਲ ਹੋਇਆ ਜੋ ਅਦਾਕਾਰਾ ਮਨੋਰਮਾ (ਲਾਹੌਰ) ’ਤੇ ਫ਼ਿਲਮਾਇਆ ਅਮਰ ਗੀਤ ਦਾ ਦਰਜਾ ਰੱਖਦਾ ਹੈ। ਇਸ ਤੋਂ ਪਹਿਲਾਂ ਵੀ ਲਾਹੌਰ ਦੇ ਪੰਜਾਬੀ ਸੰਗੀਤ-ਨਿਰਦੇਸ਼ਕ ਵਿਨੋਦ (ਐਰਿਕ ਰੌਬਰਟਸ) ਨੇ ਜੈਮਿਨੀ ਦੀਵਾਨ ਪ੍ਰੋਡਕਸ਼ਨਜ਼, ਬੰਬੇ ਦੀ ਰੂਪ ਕੇ. ਸ਼ੋਰੀ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਚਮਨ’ (1948) ਦੇ ਗਰਾਮੋਫੋਨ ਰਿਕਾਰਡ ਲਈ 3 ਗੀਤ ਲਤਾ ਤੋਂ ਗਵਾਏ ਸਨ, ਪਰ ਇਹ ਫ਼ਿਲਮ ਵਿੱਚ ਸ਼ਾਮਲ ਨਹੀਂ ਕੀਤੇ ਗਏ। ਬਖ਼ਸ਼ੀ ਜੰਗ ਬਹਾਦਰ (ਭਰਾ ਓਮ ਪ੍ਰਕਾਸ਼) ਦੇ ਫ਼ਿਲਮਸਾਜ਼ ਅਦਾਰੇ ਰਾਜ ਰੰਗ ਫ਼ਿਲਮਜ਼, ਬੰਬੇ ਦੀ ਓਮ ਪ੍ਰਕਾਸ਼ ਨਿਰਦੇਸ਼ਿਤ ਮਜ਼ਾਹੀਆ ਪੰਜਾਬੀ ਫ਼ਿਲਮ ‘ਭਾਈਆ ਜੀ’ (1950) ’ਚ ਵਿਨੋਦ ਨੇ ਆਪਣੀ ਮੌਸੀਕੀ ਵਿੱਚ ਦੂਜੀ ਵਾਰ ਆਜ਼ਾਦਾਨਾ ਤੌਰ ’ਤੇ ਲਤਾ ਤੋਂ 5 ਗੀਤ ਗਵਾਏ ‘ਚੱਲਾਂ ਮੋਰਨੀ ਦੀ ਚਾਲ ਖੇਡੇ ਪਿਆਰ ਮੇਰੇ ਨਾਲ’, ‘ਝਿਲਮਿਲ ਤਾਰਿਆ ਜਾ ਅੱਖੀਆਂ ਨਾ ਮਾਰ ਵੇ-ਅੱਜ ਮੇਰਾ ਮਾਹੀ ਨਾਲ ਟੁੱਟ ਗਿਆ ਪਿਆਰ ਵੇ’, (ਲਤਾ ਮੰਗੇਸ਼ਕਰ), ‘ਆ ਕੁੜੀਏ ਨੀਂ ਗਾ ਕੁੜੀਏ ਤੈਨੂੰ ਨਵੇਂ ਵਿਆਹ ਦਾ ਚਾਅ ਕੁੜੀਏ’, ‘ਓ ਨੀਂ ਮੈਂ ਲੈ ਕੇ ਜਾਣਾ-ਓ ਮੈਂ ਨਈਓ ਜਾਣਾ ਨੀਂ’ (ਨਾਲ ਮੀਨਲ ਵਾਘ) ਅਤੇ ਰੁਮਾਨੀ ਗੀਤ ਮੁਹੰਮਦ ਰਫ਼ੀ ਨਾਲ ‘ਕਿ ਬੱਦਲੀਆਂ ਛਾ ਗਈਆਂ ਚੱਲ ਆ ਬਾਗਾਂ ਵਿੱਚ ਨੱਚੀਏ ਨੀਂ’ ਜੋ ਅਦਾਕਾਰਾ ਸ਼ਿਆਮਾ ਤੇ ਸੁਰੇਸ਼ ’ਤੇ ਫ਼ਿਲਮਾਇਆ ਗਿਆ ਬੇਹੱਦ ਮਕਬੂਲ ਗੀਤ ਸੀ। ਰਾਜ ਰੰਗ ਬੈਨਰ ਦੀ ਹੀ ਰਾਜਿੰਦਰ ਸ਼ਰਮਾ ਨਿਰਦੇਸ਼ਿਤ ਮਜ਼ਾਹੀਆ ਪੰਜਾਬੀ ਫ਼ਿਲਮ ‘ਮਦਾਰੀ’ (1950) ’ਚ ਹੀ ਮੌਸੀਕਾਰ ਏ. ਆਰ. ਕੁਰੈਸ਼ੀ ਉਰਫ਼ ਅੱਲਾ ਰੱਖਾ ਕੁਰੈਸ਼ੀ ਦੇ ਸੰਗੀਤ ’ਚ ਅਜ਼ੀਜ਼ ਕਸ਼ਮੀਰੀ ਦੇ ਲਿਖੇ 3 ਗੀਤ ਲਤਾ ਮੰਗੇਸ਼ਕਰ ਨੇ ਗਾਏ ‘ਰੱਸੀ ’ਤੇ ਟੰਗਿਆ ਦੁਪੱਟਾ ਮੇਰਾ ਡੋਲਦਾ’, ‘ਅਸਾਂ ਤੱਕਿਆ ਮਾਹੀ ਨੂੰ ਪਹਿਲੀ ਵਾਰ’ ਅਤੇ ‘ਪੁੱਛ ਮੇਰਾ ਹਾਲ ਕਦੇ ਆ ਕੇ ਮੇਰੇ ਹਾਣੀਆ’ ਜੋ ਮੀਨਾ ਸ਼ੋਰੀ, ਕੁਲਦੀਪ ਕੌਰ ਤੇ ਸੁਰੇਸ਼ (ਰਾਵਲਪਿੰਡੀ) ਉੱਪਰ ਫ਼ਿਲਮਾਏ ਗਏ ਸਨ। ਰੌਸ਼ਨ ਲਾਲ ਜੈਨ ਦੇ ਫ਼ਿਲਮਸਾਜ਼ ਅਦਾਰੇ ਅੰਮ੍ਰਿਤ ਆਰਟ ਪ੍ਰੋਡਕਸ਼ਨਜ਼, ਬੰਬੇ ਦੀ ਰਾਜਪਾਲ ਨਿਰਦੇਸ਼ਿਤ ਮਜ਼ਾਹੀਆ ਪੰਜਾਬੀ ਫ਼ਿਲਮ ‘ਫੁੱਮਣ’ (1951) ’ਚ ਇੱਕ ਵਾਰ ਫਿਰ ਏ. ਆਰ. ਕੁਰੈਸ਼ੀ ਨੇ ਆਪਣੀ ਤਰਤੀਬ ਮੌਸੀਕੀ ’ਚ ਲਤਾ ਮੰਗੇਸ਼ਕਰ ਕੋਲੋਂ 4 ਗੀਤ ਗਵਾਏ। ਜੀ. ਡੀ. ਤਲਵਾਰ ਦੇ ਫ਼ਿਲਮਸਾਜ਼ ਅਦਾਰੇ ਦਰਬਾਰ ਥੀਏਟਰਜ਼, ਬੰਬੇ ਦੀ ਐੱਸ. ਅਰੋੜਾ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਸ਼ਾਹ ਜੀ’ (1954) ’ਚ ਮਾਰੂਫ਼ ਸੰਗੀਤਕਾਰ ਜੋੜੀ ਪੰਡਤ ਹੁਸਨਲਾਲ-ਭਗਤਰਾਮ ਰਾਮ (ਕਾਹਮਾ, ਜਲੰਧਰ) ਨੇ ਵੀ ਲਤਾ ਦੀ ਆਵਾਜ਼ ਦਾ ਖ਼ੂਬਸੂਰਤ ਇਸਤੇਮਾਲ ਕਰਦਿਆਂ ਇੱਕ ਗੀਤ ਗਵਾਇਆ ‘ਜਦ ਰਾਤ ਪੈਣ ਲੱਗੇ ਹੰਝੂਆਂ ਦੇ ਤੇਲ ਵਿੱਚ’ ਜੋ ਅਦਾਕਾਰਾ ਰੂਪਮਾਲਾ ’ਤੇ ਫ਼ਿਲਮਾਇਆ ਗਿਆ ਸੀ। ਇਨ੍ਹਾਂ ਫ਼ਿਲਮੀ ਗੀਤਾਂ ਦੀ ਬੇਪਨਾਹ ਮਕਬੂਲੀਅਤ ਨੇ ਪੰਜਾਬੀ ਸਿਨਮਾ ’ਚ ਬੀਬੀ ਲਤਾ ਦੀ ਗੁਲੂਕਾਰੀ ਦਾ ਪਰਚਮ ਬੁਲੰਦ ਕਰ ਦਿੱਤਾ ਸੀ। ਜਦੋਂ ਫ਼ਿਲਮਸਾਜ਼ ਸ਼ਮਿੰਦਰ ਚਹਿਲ (ਮੁਕਤਸਰ) ਨੇ ਕਵਾਤੜਾ ਬ੍ਰਦਰਜ਼, ਬੰਬੇ ਦੇ ਬੈਨਰ ਹੇਠ ਮਜਨੂੰ ਉਰਫ਼ ਹੈਰੋਲਡ ਲੂਈਸ (ਕਾਮੇਡੀਅਨ) ਦੀ ਹਿਦਾਇਤਕਾਰੀ ’ਚ ਪੰਜਾਬੀ ਫ਼ਿਲਮ ‘ਵਣਜਾਰਾ’ (1954) ਬਣਾਈ ਤਾਂ ਸੰਗੀਤਕਾਰ ਸਰਦੂਲ ਕਵਾਤੜਾ (ਲਾਹੌਰ) ਨੇ ਲਤਾ ਜੀ ਦੀ ਆਵਾਜ਼ ਦਾ ਸੋਹਣਾ ਇਸਤੇਮਾਲ ਕਰਦਿਆਂ 7 ਗੀਤ ਗਵਾਏ ‘ਪੀਘਾਂ ਦੇ ਉੱਤੇ ਬਹਿ ਕੇ ਚੰਨਾ ਲੈਨੀ ਆਂ ਹੁਲਾਰੇ’, ‘ਪਿੱਪਲਾਂ ਦੀ ਠੰਢੀ ਛਾਂ ਵੇ’, ‘ਸਾਡੇ ਪਿੰਡ ਵਿੱਚ ਪਾ ਕੇ ਹੱਟੀ ਤੂੰ ਮੋਹ ਲਈ ਬੁਲਬੁਲ ਵਰਗੀ ਜੱਟੀ’, ‘ਜਗ ਜਾ ਨੀਂ ਜਗ ਜਾ ਨੀਂ ਬੱਤੀਏ’, ‘ਮਾਰਾਂ ਕੰਧਾਂ ਉੱਤੇ ਲੀਕਾਂ’ ਤੋਂ ਇਲਾਵਾ ਸਰਦੂਲ ਕਵਾਤੜਾ ਵੱਲੋਂ ਪੇਸ਼ ਕੀਤੇ ਨਵੇਂ ਗੁਲੂਕਾਰ ਸ਼ਮਿੰਦਰਪਾਲ ਸਿੰਘ ਚਹਿਲ ਨਾਲ ਗਾਏ ਲਤਾ ਮੰਗੇਸ਼ਕਰ ਦੇ ਦੌਗਾਣਾ ਗੀਤ ‘ਉੱਚੇ ਚੁਬਾਰੇ ਵਾਲੀਏ ਨੀਂ ਸਾਨੂੰ ਤੱਕ ਨਾ ਖਲੋ ਕੇ’ ਤੇ ‘ਓ ਚਰਖੇ ਦੀਆਂ ਘੂਕਾਂ ਨੇ ਸੁਣ ਲੈ ਤੂੰ ਕੰਨ ਧਰ ਕੇ ਹਾਏ ਸਾਡੇ ਦਿਲ ਦੀਆਂ ਹੂਕਾਂ ਨੇ’ ਅਦਾਕਾਰ ਅਮਰਨਾਥ ਤੇ ਮਿਸ ਮੰਜੂ ’ਤੇ ਫ਼ਿਲਮਾਏ ਬੜੇ ਹਿੱਟ ਹੋਏ।
1960ਵਿਆਂ ਦੇ ਦਹਾਕੇ ਵਿੱਚ ਲਤਾ ਮੰਗਸ਼ੇਕਰ ਨੇ 5 ਪੰਜਾਬੀ ਫ਼ਿਲਮਾਂ ਵਿੱਚ ਕੁੱਲ 17 ਗੀਤ ਗਾਏ। ਫ਼ਿਲਮ ‘ਦੋ ਲੱਛੀਆਂ’ (1960) ’ਚ ਮੌਸੀਕਾਰ ਹੰਸਰਾਜ ਬਹਿਲ ਨੇ ਵਰਮਾ ਮਲਿਕ ਦਾ ਲਿਖਿਆ ‘ਅਸਾਂ ਕੀਤੀ ਏ ਤੇਰੇ ਨਾਲ ਥੂ ਦਿਲ ਲੈ ਕੇ ਮੁੱਕਰ ਗਈ ਤੂੰ’ (ਲਤਾ ਮੰਗੇਸ਼ਕਰ, ਮੁਹੰਮਦ ਰਫ਼ੀ) ਜੋ ਅਦਾਕਾਰਾ ਇੰਦਰਾ ਬਿੱਲੀ ਤੇ ਦਲਜੀਤ ’ਤੇ ਫ਼ਿਲਮਾਇਆ ਬੜਾ ਹਿੱਟ ਗੀਤ ਸੀ। ਈਸਟ ਐਂਡ ਵੈਸਟ ਮੂਵੀਜ਼, ਬੰਬੇ ਦੀ ਮਜਨੂੰ (ਹੈਰੋਲਡ ਲੂਈਸ) ਨਿਰਦੇਸ਼ਿਤ ਫ਼ਿਲਮ ‘ਪੱਗੜੀ ਸੰਭਾਲ ਜੱਟਾ’ (1960) ਸ੍ਰੀ ਗੁਰੂ ਬਚਨ ਦੇ ਸੰਗੀਤ ’ਚ ਲਤਾ ਮੰਗੇਸ਼ਕਰ ਨੇ 4 ਏਕਲ ਗੀਤ ਗਾਏ ‘ਟੱਪ ਨੀਂ ਜਵਾਨੀਏ ਤੂੰ ਟੱਪ-ਟੱਪ’, ‘ਪੀਲੂ ਕੱਚੀਆਂ ਨਾ ਤੋੜ ਮਾਹੀ ਪੱਕ ਲੈਣ ਦੇ’, ‘ਰਾਹ ਜਾਂਦੇ ਮਾਹੀ ਨੂੰ ਮੋੜ ਲਿਆ’, ‘ਮੈਂ ਤੱਤੀ ਮੇਰੇ ਭਾਗ…ਮਾਹੀ ਪਲ ਵਿੱਚ ਛਲ ਕੇ ਜਵਾਨੀ ਲੈ ਗਿਆ’। ਏ. ਐੱਸ. ਅਰੋੜਾ ਨਿਰਦੇਸ਼ਿਤ ਫ਼ਿਲਮ ‘ਗੁੱਡੀ’ (1961) ਵਿੱਚ ਲਤਾ ਮੰਗੇਸ਼ਕਰ ਨੇ ਹੰਸਰਾਜ ਬਹਿਲ ਦੇ ਸੰਗੀਤ ’ਚ ਅਜ਼ੀਜ਼ ਕਸ਼ਮੀਰੀ ਤੇ ਵਰਮਾ ਮਲਿਕ ਦੇ ਲਿਖੇ ਦੋ ਰੁਮਾਨੀ ਗੀਤ ‘ਸਾਨੂੰ ਤੱਕ ਕੇ ਨਾ ਸੰਗਿਆ ਕਰੋ’ ਤੇ ‘ਪਿਆਰ ਦੇ ਭੁਲੇਖੇ ਕਿੰਨੇ ਸੋਹਣੇ-ਸੋਹਣੇ ਖਾ ਗਏ’ (ਨਾਲ ਮੁਹੰਮਦ ਰਫ਼ੀ) ਗਾਏ ਜੋ ਅਦਾਕਾਰ ਦਲਜੀਤ ਤੇ ਨਿਸ਼ੀ ’ਤੇ ਫ਼ਿਲਮਾਏ ਗਏ ਅੱਜ ਵੀ ਬੜੇ ਸ਼ੌਕ ਨਾਲ ਸੁਣੇ ਜਾਂਦੇ ਹਨ। ਹਰੀ ਦਰਸ਼ਨ ਚਿੱਤਰ, ਬੰਬੇ ਦੀ ਜੁਗਲ ਕਿਸ਼ੋਰ ਨਿਰਦੇਸ਼ਿਤ ਫ਼ਿਲਮ ‘ਲਾਜੋ’ (1963) ’ਚ ਲਤਾ ਜੀ ਨੇ ਹੰਸਰਾਜ ਬਹਿਲ ਦੀ ਮੌਸੀਕੀ ’ਚ ਵਰਮਾ ਮਲਿਕ ਦਾ ਲਿਖਿਆ ਪੁਰਸੋਜ਼ ਗੀਤ ‘ਜੇ ਮੈਂ ਦੁੱਧ ਚੋਵਾਂ ਤੇਰੀ ਯਾਦ ਆਵੇ’ ਅਦਾਕਾਰਾ ਨਿਸ਼ੀ ’ਤੇ ਫ਼ਿਲਮਾਇਆ ਲਾਜਵਾਬ ਗੀਤ ਸੀ। ਰਾਜ ਕੁਮਾਰ ਕੋਹਲੀ ਦੇ ਫ਼ਿਲਮਸਾਜ਼ ਅਦਾਰੇ ਸ਼ੰਕਰ ਮੂਵੀਜ਼, ਬੰਬੇ ਦੀ ਬਲਦੇਵ ਆਰ. ਝੀਂਗਣ ਨਿਰਦੇਸ਼ਿਤ ਫ਼ਿਲਮ ‘ਪਿੰਡ ਦੀ ਕੁੜੀ’ (1963) ’ਚ ਹੰਸਰਾਜ ਬਹਿਲ ਦੇ ਸੰਗੀਤ ’ਚ ਵਰਮਾ ਮਲਿਕ ਦਾ ਲਿਖਿਆ ‘ਲਾਈਆਂ ਤੇ ਤੋੜ ਨਿਭਾਵੀਂ ਛੱਡ ਕੇ ਨਾ ਜਾਵੀਂ’ (ਲਤਾ ਮੰਗੇਸ਼ਕਰ) ਅਦਾਕਾਰਾ ਨਿਸ਼ੀ ’ਤੇ ਫ਼ਿਲਮਾਇਆ ਗਿਆ ਬੜਾ ਪੁਰਦਰਦ ਗੀਤ ਸੀ। ਅਕਾਸ਼ਬਾਣੀ ਪਿਕਚਰਜ਼, ਬੰਬੇ ਦੀ ਹੈਨਰੀ ਜੂਲੀਅਸ ਨਿਰਦੇਸ਼ਿਤ ਫ਼ਿਲਮ ‘ਗੀਤ ਬਹਾਰਾਂ ਦੇ’ (1964) ਵਿੱਚ ਲਤਾ ਮੰਗੇਸ਼ਕਰ ਨੇ ਦੱਤਾ ਰਾਮ ਦੇ ਸੁਰੀਲੇ ਸੰਗੀਤ ਵਿੱਚ 4 ਗੀਤ ‘ਤੂੰ ਤੇਂ ਸੌ ਗਈ ਗੂੜ੍ਹੀ ਨੀਂਦਰੇ’, ‘ਵੇ ਚੰਨਾ ਅੱਖੀਆਂ ’ਚ ਘੋਲ ਦੇ ਅੱਖੀਆਂ’ (ਨਾਲ ਮਹਿੰਦਰ ਕਪੂਰ) ਤੇ ਦੋ ਗੀਤ ਛੋਟੀ ਭੈਣ ਆਸ਼ਾ ਭੌਸਲੇ ਨਾਲ ‘ਕਿੱਕਲੀ…ਨੀਂ ਏਹਦਾ ਘੜੀ-ਘੜੀ ਪਲ-ਪਲ ਹੋਰ’ ਤੇ ‘ਇੱਕ ਪਾਸੇ ਟਾਹਲੀ ਤੇ ਇੱਕ ਪਾਸੇ ਬੇਰੀ’ (ਬੋਲੀਆਂ) ਖ਼ੂਬ ਚੱਲੇ। ਮਾਹੇਸ਼ਵਰੀ ਪਿਕਚਰਜ਼, ਬੰਬੇ ਪਦਮ ਮਾਹੇਸ਼ਵਰੀ ਨਿਰਦੇਸ਼ਿਤ ਫ਼ਿਲਮ ‘ਸਤਲੁਜ ਦੇ ਕੰਢੇ’ (1964) ’ਚ ਹੰਸਰਾਜ ਬਹਿਲ ਦੇ ਸੰਗੀਤ ’ਚ ਪੰਡਤ ਦੀਨਾ ਨਾਥ ਮਧੋਕ ਦਾ ਲਿਖਿਆ ‘ਉਸ ਪੰਛੀ ਨਾਲ ਕੀ ਨੇਹੁੰ ਕੀ ਲਾਣਾ’ ਅਦਾਕਾਰਾ ਨਿਸ਼ੀ ’ਤੇ ਫ਼ਿਲਮਾਇਆ ਉਮਦਾ ਗੀਤ ਸੀ। ਵਿਦੇਸ਼ੀ ਫ਼ਿਲਮ ਫੈਸਟੀਵਲ ਵਿੱਚ ਚੁਣੀ ਜਾਣ ਵਾਲੀ ਜਿੱਥੇ ਇਹ ਪਹਿਲੀ ਪੰਜਾਬੀ ਫ਼ਿਲਮ ਬਣੀ, ਉੱਥੇ ਇਸ ਸੁਪਰਹਿੱਟ ਫ਼ਿਲਮ ਨੂੰ 25 ਨਵੰਬਰ 1968 ਨੂੰ ਨਵੀਂ ਦਿੱਲੀ ਵਿਖੇ ਹੋਏ 15ਵੇਂ ਨੈਸ਼ਨਲ ਫ਼ਿਲਮਫੇਅਰ ਐਵਾਰਡ ਦੌਰਾਨ ਬਿਹਤਰੀਨ ਪੰਜਾਬੀ ਫ਼ਿਲਮ ਦਾ ‘ਸਰਟੀਫਿਕੇਟ ਆਫ਼ ਮੈਰਿਟ’ ਮਿਲਿਆ ਸੀ।
1970ਵਿਆਂ, 80ਵਿਆਂ ਤੇ 90ਵਿਆਂ ਦੇ ਅਸ਼ਰੇ ਵਿੱਚ ਲਤਾ ਮੰਗੇਸ਼ਕਰ ਨੇ 6 ਪੰਜਾਬੀ ਫ਼ਿਲਮਾਂ ਵਿੱਚ 8 ਗੀਤ ਗਾਏ। ਪਾਰਤੀ ਪ੍ਰੋਡਕਸ਼ਨਜ਼, ਬੰਬੇ ਦੀ ਸੁਭਾਸ਼ ਚੰਦਰ ਭਾਖੜੀ ਨਿਰਦੇਸ਼ਿਤ ਫ਼ਿਲਮ ‘ਜੁਗਨੀ’ (1979) ’ਚ ਉਸ ਨੇ ਹੰਸਰਾਜ ਬਹਿਲ ਦੀਆਂ ਧੁਨਾਂ ’ਚ ਮੁਨਸਿਫ਼ ਦਾ ਲਿਖਿਆ ਤੇ ਅਦਾਕਾਰਾ ਮਧੂਸ਼ਾਲਾ ’ਤੇ ਫ਼ਿਲਮਾਇਆ ਗੀਤ ‘ਹਾਲ ਜਿਹੜਾ ਜਗ ਉੱਤੇ ਕੀਤਾ ਈ ਸਾਡੇ ਪਿਆਰ ਦਾ’ ਬੇਹੱਦ ਮਕਬੂਲ ਹੋਇਆ। ਜੇ. ਆਰ. ਇੰਟਰਨੈਸ਼ਨਲ, ਬੰਬੇ ਦੀ ਸੁਰਿੰਦਰ ਸਿੰਘ ਨਿਰਦੇਸ਼ਿਤ ਫ਼ਿਲਮ ‘ਰੇਸ਼ਮਾ’ (1982) ’ਚ ਵੇਦਪਾਲ ਦੀ ਤਰਤੀਬ ਮੌਸੀਕੀ ’ਚ ਉਸ ਨੇ ਕਸ਼ਮੀਰ ਕਾਦਰ ਦਾ ਲਿਖਿਆ ਪੁਰਦਰਦ ਗੀਤ ‘ਪਾ ਤੇ ਵਿਛੋੜੇ ਮੇਲ ਨਾ ਕੀਤੇ ਕਿਸ ਨੂੰ ਸੁਣਾਵਾਂ ਹਾਏ ਕਿੰਝ ਦਿਨ ਬੀਤੇ’ ਗਾਇਆ ਜੋ ਬਿੰਦੀਆ ਗੋਸਵਾਮੀ ’ਤੇ ਫ਼ਿਲਮਾਇਆ ਹਿੱਟ ਗੀਤ ਸੀ। ਫ਼ਿਲਮਜ਼ ਯੁੱਗ ਪ੍ਰਾਈਵੇਟ ਲਿਮਟਿਡ, ਬੰਬੇ ਦੀ ਜੇ. ਓਮ ਪ੍ਰਕਾਸ਼ ਨਿਰਦੇਸ਼ਿਤ ਫ਼ਿਲਮ ‘ਆਸਰਾ ਪਿਆਰ ਦਾ’ (1983) ’ਚ ਲਤਾ ਮੰਗੇਸ਼ਕਰ ਨੇ ਕਮਲ ਕਾਂਤ ਦੀ ਸੰਗੀਤ ਨਿਰਦੇਸ਼ਨਾ ’ਚ ਮੁਨਸਿਫ਼ ਦੇ ਲਿਖੇ 2 ਗੀਤ ‘ਆਪ ਛੋੜ…ਮੇਰੀ ਗੁਰੂ ਪ੍ਰੀਤੀ’ ਤੇ ‘ਸ਼ਕਤੀ…ਅੱਜ ਮੰਗਤੀ ਨੂੰ ਖਾਲੀ ਨਾ ਮੋੜੀਂ’ ਗਾਏ ਜੋ ਫ਼ਿਲਮ ਵਿੱਚ ਪੇਸ਼ ਹੋਈ ਨਵੀਂ ਅਦਾਕਾਰਾ ਕਿਰਨ ਠਾਕੁਰ ਸਿੰਘ (ਹੁਣ ਕਿਰਨ ਖੇਰ) ’ਤੇ ਫ਼ਿਲਮਾਏ ਗਏ ਸਨ।
ਸਪਰੂ ਆਰਟ ਇੰਟਰਨੈਸ਼ਨਲ, ਬੰਬੇ ਦੀ ਪੰਜਾਬੀ ਫ਼ਿਲਮ ‘ਮਹਿੰਦੀ ਸ਼ਗਨਾਂ ਦੀ’ (1992) ’ਚ ਉੱਤਮ ਸਿੰਘ ਦੇ ਸੰਗੀਤ ’ਚ ਬਾਬੂ ਸਿੰਘ ਮਾਨ ਦਾ ਲਿਖਿਆ ‘ਮੱਥੇ ਉੱਤੇ ਟਿੱਕਾ ਲਾ ਕੇ ਧਾਰੀ ਸੁਰਮੇ ਦੀ ਪਾ ਕੇ’ ਗੀਤ ਬੇਹੱਦ ਮਕਬੂਲ ਹੋਇਆ। ਸੋਨੂੰ ਫ਼ਿਲਮਜ਼, ਬੰਬੇ ਦੀ ਮਨਮੋਹਨ ਸਿੰਘ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਨਸੀਬੋ’ (1994) ’ਚ ਲਤਾ ਦਾ ਗਾਇਆ ‘ਹੂੰ ਹੂੰ…ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ ਕੋਈ ਵੇਖਣ ਵਾਲਾ ਨਾ ਹੋਵੇ’ (ਨਾਲ ਮਨਮੋਹਨ ਸਿੰਘ/ਹਿਦਾਇਤਕਾਰ) ਆਖ਼ਰੀ ਨਗ਼ਮਾ ਕਰਾਰ ਪਾਇਆ। ਸੰਗੀਤਕਾਰ ਵਿਨੋਦ ਨੂੰ ਲਤਾ ਮੰਗੇਸ਼ਕਰ ਦੀ ਆਵਾਜ਼ ਬੇਹੱਦ ਪਸੰਦ ਸੀ। ਜਦੋਂ ਨਿਰਮਲ ਪਿਕਚਰਜ਼, ਬੰਬੇ ਦੇ ਬੈਨਰ ਹੇਠ ਹਜ਼ਰਤ ਅਜ਼ੀਜ਼ ਕਸ਼ਮੀਰੀ (ਨਗ਼ਮਾਨਿਗਾਰ) ਨੇ ਆਪਣੀ ਹਿਦਾਇਤਕਾਰੀ ਵਿੱਚ ਹਿੰਦੀ ਫ਼ਿਲਮ ‘ਸਬਜ਼ਬਾਗ਼’ (1951) ਬਣਾਈ, ਤਾਂ ਵਿਨੋਦ ਨੇ ਲਤਾ ਜੀ ਕੋਲੋਂ ਅਜ਼ੀਜ਼ ਕਸ਼ਮੀਰੀ ਦਾ ਲਿਖਿਆ ਇੱਕ ਪੰਜਾਬੀ/ਹਿੰਦੀ ਮਿਕਸ ਗੀਤ ਗਵਾਇਆ ‘ਨੀਂ ਮੈਂ ਕਹਿੰਦੀ ਰਹਿਗੀ…ਹੱਸਦੇ-ਹੱਸਦੇ ਬੇਦਰਦੀ ਨੇ ਫੜ ਲਈ ਮੇਰੀ ਬਾਂਹ’ ਜੋ ਅਦਾਕਾਰਾ ਸੁਰੱਈਆ ਚੌਧਰੀ (ਲਾਹੌਰ), ਕੁੱਕੂ (ਡਾਂਸਰ) ’ਤੇ ਫ਼ਿਲਮਾਇਆ ਬੜਾ ਹਿੱਟ ਗੀਤ ਸੀ।
ਇਸ ਤੋਂ ਇਲਾਵਾ ਉਸ ਨੇ ਸਾਲ 1974 ਵਿੱਚ ਲੰਡਨ ਦੇ ਰਾਇਲ ਅਲਬਰਟ ਹਾਲ ਦੀ ਸਟੇਜ ਉੱਤੇ ਗ਼ੈਰ-ਫ਼ਿਲਮੀ ਪੰਜਾਬੀ ਲੋਕ ਗੀਤ ‘ਹੀਰ ਆਖਦੀ ਜੋਗੀਆ ਝੂਠ ਬੋਲੇ, ਕੌਣ ਰੁੱਠੜੇ ਯਾਰ ਮਨਾਂਵਦਾ ਈ’ ਨੂੰ ਗਾ ਕੇ ਭਰਪੂਰ ਸ਼ੁਹਰਤ ਖੱਟੀ। ਇਸ ਤੋਂ ਬਾਅਦ ਲਤਾ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਲਏ ਗਏ ਸ਼ਬਦਾਂ ਦਾ ਇੱਕ ਗ੍ਰਾਮੋਫ਼ੋਨ ਐੱਲ. ਪੀ. ਰਿਕਾਰਡ ‘ਮਿਲ ਮੇਰੇ ਪ੍ਰੀਤਮਾ ਜੀਓ’ (ਈਸੀਐੱਸਡੀ 2821) ਦੇ ਸਿਰਲੇਖ ਹੇਠ 1979 ਵਿੱਚ ਜਾਰੀ ਕੀਤਾ ਗਿਆ। 2014 ਤੋਂ ਬਾਅਦ ਉਸ ਨੇ ਵਧਦੀ ਉਮਰ ਤੇ ਸਿਹਤ ਦੀ ਨਾਸਾਜ਼ੀ ਦੇ ਚੱਲਦਿਆਂ ਫ਼ਿਲਮਾਂ ਵਿੱਚ ਗੀਤ ਗਾਉਣੇ ਬੰਦ ਕਰ ਦਿੱਤੇ ਸਨ।
ਆਪਣੇ ਜੀਵਨ ਦੇ ਸੰਘਰਸ਼ਮਈ ਦਿਨਾਂ ਵਿੱਚ ਲਤਾ ਮੰਗੇਸ਼ਕਰ ਨੇ ਗ਼ੁਜ਼ਰ-ਬਸਰ ਲਈ ਚੰਦ ਮਰਾਠੀ ਤੇ ਹਿੰਦੀ ਫ਼ਿਲਮਾਂ ’ਚ ਅਦਾਕਾਰੀ ਵੀ ਕੀਤੀ। 1955 ’ਚ ਲਤਾ ਜੀ ਪਹਿਲੀ ਵਾਰ ਸੰਗੀਤਕਾਰਾ ਬਣੀ ਅਤੇ ਮਰਾਠੀ ਫ਼ਿਲਮ ‘ਰਾਮ-ਰਾਮ ਪਾਵਹਨ’ (1960) ਦਾ ਸੰਗੀਤ ਤਿਆਰ ਕੀਤਾ। ਇਸ ਫ਼ਿਲਮ ਦੇ ਬਾਅਦ ਉਸ ਨੇ ਬਤੌਰ ਸੰਗੀਤਕਾਰਾ ‘ਚਦਮ ਨਾਮ’, ‘ਆਨੰਦ ਘਨ’ ਤੋਂ ਇਲਾਵਾ ਚਾਰ ਹੋਰ ਫ਼ਿਲਮਾਂ ਦੀ ਮੌਸੀਕੀ ਮੁਰੱਤਬਿ ਕੀਤੀ, ਜਿਨ੍ਹਾਂ ਵਿੱਚ ‘ਮਰਾਠਾ ਤਿਤੁਕਾ ਮਿਲਵਾਵਾ’, ‘ਮੋਹੀਤਿਆਚੀ ਮੰਜੁਲਾ’ (1963), ‘ਸਾਧੀ ਮਾਨਸ’ (1965), ‘ਤਾਂਬਡੀ ਮਾਤੀ’ (1969)। ਬਤੌਰ ਨਿਰਮਾਤਾ ਲਤਾ ਮੰਗੇਸ਼ਕਰ ਨੇ ਸਾਂਝੇਦਾਰੀ ਨਾਲ ਮਰਾਠੀ ਫ਼ਿਲਮ ‘ਵਡਾਲ’ (1953) ਬਣਾਈ। ਇਸ ਤੋਂ ਇਲਾਵਾ ਉਸ ਨੇ ਆਪਣੇ ਫ਼ਿਲਮਸਾਜ਼ ਅਦਾਰੇ ਹੇਠ 2 ਫ਼ਿਲਮਾਂ ਦਾ ਨਿਰਮਾਣ ਕੀਤਾ, ਜਿਨ੍ਹਾਂ ’ਚ ਮਰਾਠੀ ਫ਼ਿਲਮ ‘ਕਾਂਚਨ ਗੰਗਾ’ (1955) ਅਤੇ ਦੂਜੀ ਹਿੰਦੀ ਫ਼ਿਲਮ ‘ਲੇਕਿਨ’ (1990) ਸ਼ਾਮਲ ਹੈ, ਜਿਸ ਨੂੰ 1991 ’ਚ 5 ਨੈਸ਼ਨਲ ਐਵਾਰਡ ਮਿਲੇ।
ਲਤਾ ਮੰਗੇਸ਼ਕਰ ਨੂੰ ਬੇਸ਼ੁਮਾਰ ਪੁਰਸਕਾਰਾਂ ਨਾਲ ਸਰਫ਼ਰਾਜ਼ ਕੀਤਾ ਗਿਆ, ਜਿਨ੍ਹਾਂ ਵਿੱਚ ਭਾਰਤ ਦਾ ਸਰਵਉੱਚ ਪੁਰਸਕਾਰ, ‘ਪਦਮ ਭੂਸ਼ਣ’ (1969), ‘ਦਾਦਾ ਸਾਹਿਬ ਫਾਲਕੇ ਐਵਾਰਡ’ (1989), ‘ਮਹਾਰਾਸ਼ਟਰ ਭੂਸ਼ਣ ਪੁਰਸਕਾਰ’ (1997), ‘ਭਾਰਤ ਰਤਨ’ (2001) ‘ਪਦਮ ਵਿਭੂਸ਼ਣ’ (1999), ਪਾਕਿਸਤਾਨ ਦਾ ‘ਨੂਰ-ਏ-ਜਹਾਨ ਐਵਾਰਡ’ (2001), ਤਿੰਨ ਨੈਸ਼ਨਲ ਫ਼ਿਲਮ ਐਵਾਰਡ, 15 ਬੰਗਾਲ ਫ਼ਿਲਮ ਜਰਨਲਿਸਟ ਐਸੋਸੀਏਸ਼ਨ ਐਵਾਰਡ, 4 ਫ਼ਿਲਮਫੇਅਰ ਬੈਸਟ ਪਲੇਅ-ਬੈਕ ਸਿੰਗਰ ਐਵਾਰਡ ਆਦਿ ਤੋਂ ਇਲਾਵਾ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਦੁਆਰਾ ਸਭ ਤੋਂ ਮਜ਼ੀਦ ਗੀਤ ਰਿਕਾਰਡ ਕਰਾਉਣ ਲਈ ਐਵਾਰਡ ਆਦਿ ਪ੍ਰਮੁੱਖ ਹਨ।
ਸੰਪਰਕ: 97805-09545