ਮੁੰਬਈ: ਵੈਬਸੀਰੀਜ਼ ‘ਰੁਦਰਾ-ਦਿ ਐੱਜ ਆਫ ਡਾਰਕਨੈੱਸ’ ਰਾਹੀਂ ਡਿਜੀਟਲ ਦੁਨੀਆ ਵਿਚ ਕਦਮ ਰੱਖਣ ਵਾਲੀ ਅਦਾਕਾਰਾ ਰਾਸ਼ੀ ਖੰਨਾ ਨੇ ਅਜੈ ਦੇਵਗਨ ਨਾਲ ਕੰਮ ਕਰਨ ਦਾ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਉਸ ਨੂੰ ਸੀਨੀਅਰ ਅਦਾਕਾਰ ਕੋਲੋਂ ਕਾਫੀ ਕੁਝ ਸਿੱਖਣ ਨੂੰ ਮਿਲਿਆ। ਉਸ ਨੇ ਕਿਹਾ, ‘‘ਇਮਾਨਦਾਰੀ ਨਾਲ ਦੱਸਾਂ ਤਾਂ ਮੈਂ ਪਹਿਲਾਂ ਉਨ੍ਹਾਂ ਨਾਲ ਕੰਮ ਕਰਨ ਤੋਂ ਘਬਰਾ ਗਈ ਸੀ ਪਰ ਜਦੋਂ ਮੈਂ ਉਨ੍ਹਾਂ ਨੂੰ ਮਿਲੀ ਤਾਂ ਅਹਿਸਾਸ ਹੋਇਆ ਕਿ ਉਹ ਜ਼ਮੀਨ ਨਾਲ ਜੁੜੇ ਹੋਏ ਹਨ। ਉਨ੍ਹਾਂ ਨਾਲ ਗੱਲਬਾਤ ਕਰਨੀ ਬਹੁਤ ਸੌਖੀ ਹੈ। ਜਿਸ ਤਰ੍ਹਾਂ ਦਾ ਵੀ ਮੈਂ ਕਿਰਦਾਰ ਨਿਭਾ ਸਕੀ, ਉਸ ਲਈ ਅਜੈ ਸਰ ਦਾ ਸ਼ੁਕਰੀਆ। ਅਜੈ ਸਰ ਬਹੁਤ ਸਹਿਯੋਗੀ ਹਨ।’’ ਉਸ ਨੇ ਕਿਹਾ ਕਿ ਜੇ ਉਸ ਨੂੰ ਅਜਿਹੀ ਮਦਦ ਨਾ ਮਿਲਦੀ ਤਾਂ ਉਹ ਕੁਝ ਦ੍ਰਿਸ਼ ਨਹੀਂ ਕਰ ਸਕਦੀ ਸੀ। ਉਸ ਨੂੰ ਅਜੈ ਦੇਵਗਨ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ‘ਰੁਦਰਾ-ਦਿ ਐੱਜ ਆਫ ਡਾਰਕਨੈੱਸ’ ਬਰਤਾਨਵੀ ਸੀਰੀਜ਼ ‘ਲੂਥਰ’ ਦਾ ਰੂਪਾਂਤਰਨ ਹੈ। ਇਹ ਸੀਰੀਜ਼ 4 ਮਾਰਚ ਨੂੰ ਹਿੰਦੀ, ਮਰਾਠੀ, ਤਾਮਿਲ, ਤੇਲਗੂ, ਕੰਨੜ, ਮਲਿਆਲਮ ਅਤੇ ਬੰਗਾਲੀ ਭਾਸ਼ਾਵਾਂ ਵਿਚ ਡਿਜ਼ਨੀ ਪਲੱਸ ਹੌਟਸਟਾਰ ’ਤੇ ਰਿਲੀਜ਼ ਹੋਵੇਗੀ। ਇਸ ਵਿਚ ਰਾਸ਼ੀ ਅਤੇ ਅਜੈ ਤੋਂ ਇਲਾਵਾ ਈਸ਼ਾ ਦਿਓਲ, ਅਤੁਲ ਕੁਲਕਰਨੀ, ਅਸ਼ਵਨੀ ਕਲਸੇਕਰ, ਤਰੁਨ ਗਹਿਲੋਤ ਅਤੇ ਆਸ਼ੀਸ਼ ਵਿਦਿਆਰਥੀ ਸਮੇਤ ਹੋਰ ਕਲਾਕਾਰ ਅਹਿਮ ਕਿਰਦਾਰਾਂ ਵਿਚ ਨਜ਼ਰ ਆਉਣਗੇ। -ਆਈਏਐੱਨਐੱਸ