ਸਰਦੀ ਆਉਂਦੀ ਰੰਗ ਬਿਰੰਗੇ
ਹੋ ਜਾਂਦੇ ਰੁੱਖਾਂ ਦੇ ਪੱਤੇ
ਸਾਡੇ ਵਾਂਗੂ ਰੁੱਖ ਵੀ ਬਦਲਣ
ਜੀਕੁਣ ਲੀੜੇ ਲੱਤੇ।
ਕੌਣ ਇਨ੍ਹਾਂ ਪੱਤਿਆਂ ਵਿਚ
ਗੂੜ੍ਹੇ ਰੰਗ ਭਰ ਜਾਂਦਾ
ਮਨ ਅਨਜਾਣ ਨੂੰ ਇਹ
ਵਰਤਾਰਾ ਸਮਝ ਨਹੀਂ ਆਂਦਾ।
ਪੱਤਿਆਂ ਨੂੰ ਤਾਂ ਕਲੋਰੋਫਿਲ ਹੀ
ਹਰੇ ਕਚੂਰ ਦਿਖਾਉਂਦਾ
ਆਪਣਾ ਭੋਜਨ ਵੀ ਪੌਦਾ
ਹੈ ਇਸ ਦੇ ਨਾਲ ਬਣਾਉਂਦਾ।
ਪੱਤਿਆਂ ਅੰਦਰ ਵਰਣਕ ਹੁੰਦੇ
ਕਈ ਕਈ ਰੰਗਾਂ ਦੇ
ਜੇ ਕਲੋਰੋਫਿਲ ਬਹੁਤਾ ਹੋਵੇ
ਨਹੀਂ ਦੀਂਹਦੇ ਰੰਗ ਉਮੰਗਾਂ ਦੇ।
ਜੈਂਥੋਨਲ ਪੀਲਾ ਰੰਗ ਦੇਵੇ
ਗਾਜਰ ਰੰਗਾ ਕੈਰੋਟਿਨ
ਲਾਲ ਰੰਗ ਪੱਤਿਆਂ ’ਤੇ ਚਾੜ੍ਹੇ
ਵਰਣਕ ਇਕ ਐਂਥੋਸਿਆਨਿਨ।
ਸਰਦੀ ਵਿਚ ਕਲੋਰੋਫਿਲ ਘਟਦਾ
ਤਾਂ ਵਰਣਕ ਰੰਗ ਦਿਖਾਉਣ
ਰੰਗ ਦਿੰਦੇ ਪੱਤਿਆਂ ਨੂੰ
ਕੋਈ ਜਾਦੂ ਜਿਹਾ ਚਲਾਉਣ।
ਤਣੇ ਟਹਿਣੀਆਂ ਖੋਹ ਖਿੱਚ
ਕਰਦੇ ਰਹਿੰਦੇ ਕਲੋਰੋਫਿਲ ਦੀ
ਕਿਵੇਂ ਭੰਡਾਰੇ ਭਰਨ ਕਿ
ਪੂਰੀ ਧੁੱਪ ਨਹੀਂ ਮਿਲਦੀ।
ਕਲੋਰੋਫਿਲ ਦੀ ਪੇਸ਼ ਨਾ ਜਾਂਦੀ
ਪੱਤੇ ਕਿੰਜ ਰਹਿਸਣ ਹਰੇ
ਵਰਣਕ ਆ ਕੇ ਪੱਤਿਆਂ ਨੂੰ
ਰੰਗਾ ਦੇ ਨਾਲ ਭਰੇ।
ਸਰਦੀ ਆਵੇ ਤਾਹੀਉਂ ਹੋ ਜਾਣ
ਪੱਤੇ ਰੰਗ ਬਿਰੰਗੇ
ਰੰਗੇ ਪੱਤੇ ਰੂਹ ਨੂੰ
ਲੱਗਦੇ ਨੇ ਬੜੇ ਚੰਗੇ।
-ਪ੍ਰਿੰ. ਹਰੀ ਕ੍ਰਿਸ਼ਨ ਮਾਇਰ
ਸੰਪਰਕ: 97806-67686
ਰੁੱਖ
ਰੁੱਖ ਵੀ ਨੇ ਧਰਤੀ ਦੇ ਜਾਏ ਵੰਡਦੇ ਸਭ ਨੂੰ ਪਿਆਰ
ਇਨ੍ਹਾਂ ਵਿਚ ਵੀ ਜਿੰਦ ਜਾਨ ਨਾ ਮਾਰੋ ਤਿੱਖੇ ਵਾਰ।
ਠੰਢੀ ਠੰਢੀ ਛਾਂ ਬਖਸ਼ਦੇ ਲੈਂਦੇ ਨਾ ਕੋਈ ਮੁੱਲ
ਸਾਡੀ ਖਾਲੀ ਝੋਲੀ ਭਰ ਦਿੰਦੇ ਨੇ ਮਿੱਠੇ ਫ਼ਲ ਫੁੱਲ
ਰੁੱਖਾਂ ਕਰਕੇ ਮਹਿਕੇ ਸਾਡਾ ਇਹ ਸੋਹਣਾ ਸੰਸਾਰ
ਰੁੱਖ ਵੀ ਨੇ ਧਰਤੀ ਦੇ ਜਾਏ ਵੰਡਦੇ ਸਭ ਨੂੰ ਪਿਆਰ।
ਰਾਹਗੀਰਾਂ ਨੂੰ ਕੋਲ ਬਿਠਾਉਂਦੇ ਪੰਛੀਆਂ ਦੇ ਵੀ ਸਹਾਰੇ
ਚਾਰੇ ਪਾਸੇ ਹਰਿਆਲੀ ਨਾਲ ਬਣਦੇ ਅਜਬ ਨਜ਼ਾਰੇ
ਉੱਥੇ ਕੁਦਰਤ ਹੱਸਦੀ ਜਿੱਥੇ ਰੁੱਖਾਂ ਦੀ ਭਰਮਾਰ
ਰੁੱਖ ਵੀ ਨੇ ਧਰਤੀ ਦੇ ਜਾਏ ਵੰਡਦੇ ਸਭ ਨੂੰ ਪਿਆਰ।
ਬਚਪਨ ਜਵਾਨੀ ਅਤੇ ਬੁਢਾਪਾ ਰੁੱਖਾਂ ਸੰਗ ਹੰਢਾਓ
ਆਪਣੇ ਹੱਥੀ ਜੀਵਨ ’ਚ ਇਕ ਰੁੱਖ ਜ਼ਰੂਰ ਉਗਾਓ
ਹਰਿਆਲੀ ਦੇ ਲੇਖੇ ਲਾ ਇਹ ਜ਼ਿੰਦਗੀ ਦਿਓ ਗੁਜ਼ਾਰ
ਰੁੱਖ ਵੀ ਨੇ ਧਰਤੀ ਦੇ ਜਾਏ ਵੰਡਦੇ ਸਭ ਨੂੰ ਪਿਆਰ।
ਦਰੱਖਤਾਂ ਦੀ ਘਾਟ ਕਾਰਨ ਚੱਕਰ ਸਾਰਾ ਰੁਕਦਾ
ਉੱਪਰੋਂ ਥੱਲਿਓਂ ਚਾਰੇ ਪਾਸਿਓਂ ਪਾਣੀ ਜਾਵੇ ਮੁੱਕਦਾ
ਸਾਡੇ ਭਵਿੱਖ ਉੱਤੇ ਵਿਵੇਕ ਛਾ ਜਾਵੇਗਾ ਅੰਧਕਾਰ
ਰੁੱਖ ਵੀ ਨੇ ਧਰਤੀ ਦੇ ਜਾਏ ਵੰਡਦੇ ਸਭ ਨੂੰ ਪਿਆਰ।
-ਵਿਵੇਕ, ਕੋਟ ਈਸੇ ਖਾਂ
ਸੰਪਰਕ: 70099-46458
ਕਬੂਤਰ
ਗੁਟਕੂੰ ਗੁਟਕੂੰ ਕਰਨ ਕਬੂਤਰ
ਕੁਦਰਤ ਵਿਚ ਰੰਗ ਭਰਨ ਕਬੂਤਰ।
ਕੁਝ ਕੁ ਗੋਲੇ ਕੁਝ ਕੁ ਚੀਨੇ
ਸੈਰ ਅੰਬਰ ਦੀ ਕਰਨ ਕਬੂਤਰ।
ਹੱਦਾਂ ਟੱਪ ਪਹੁੰਚਾਉਣ ਸੁਨੇਹੇ
ਖ਼ਤ ਸੱਜਣਾ ਦੇ ਖੜਨ ਕਬੂਤਰ।
ਕਈ ਰੁੱਖਾਂ ਦੇ ਉੱਪਰ ਬੈਠੇ
ਕੁਝ ਉਡਾਣਾਂ ਭਰਨ ਕਬੂਤਰ।
ਪੁੱਠੇ ਹੋ ਹੋ ਪਾਉਣ ਬਾਜ਼ੀਆਂ
ਭੋਰਾ ਵੀ ਨਾ ਡਰਨ ਕਬੂਤਰ।
ਆਸਮਾਨ ਵਿਚ ਪਾਉਣ ਧਮਾਲਾਂ
ਸਟੰਟ ਅਨੋਖੇ ਕਰਨ ਕਬੂਤਰ।
ਸ਼ੌਕੀਨ ਕਬੂਤਰਬਾਜ਼ੀ ਦੇ ਕਈ
ਚੋਗਾ ਪਾ ਕੇ ਫੜਨ ਕਬੂਤਰ।
ਛਤਰੀ ’ਤੇ ਜਦ ਆਣ ਬੈਠਦੇ
ਦੂਰ ਥਕੇਵਾਂ ਕਰਨ ਕਬੂਤਰ।
ਕੰਕਰ-ਰੋੜ ਹਜ਼ਮ ਕਰ ਜਾਂਦੇ
ਪਰ ਬਿੱਲੀ ਤੋਂ ਡਰਨ ਕਬੂਤਰ।
‘ਗਿੱਲ ਮਲਕੀਤ’ ਨੂੰ ਚੰਗੇ ਲੱਗਦੇ
ਜਦੋਂ ਹੁੰਗਾਰੇ ਭਰਨ ਕਬੂਤਰ।
**
ਘੁੱਗੀ
ਬੜੀ ਪਿਆਰੀ ਲੱਗਦੀ ਘੁੱਗੀ
ਸਭ ਦੇ ਦਿਲਾਂ ਨੂੰ ਠੱਗਦੀ ਘੁੱਗੀ।
ਭੂਰੇ ਸਲੇਟੀ ਰੰਗਾਂ ਵਾਲੀ
ਗੋਲ ਮੋਲ ਜਿਹੇ ਖੰਭਾਂ ਵਾਲੀ
ਕਾਲੀ ਗਾਨੀ ਸੰਗ ਫਬਦੀ ਘੁੱਗੀ
ਬੜੀ ਪਿਆਰੀ ਲੱਗਦੀ ਘੁੱਗੀ।
ਚੋਗਾ ਚੁਗਦੀ ਨਾਮ ਧਿਆਉਂਦੀ
ਘੁੱਗੂ ਘੂੰਅ ਜਦ ਮੂੰਹ ’ਚੋਂ ਗਾਉਂਦੀ
ਚੋਗਾ ਚੁਗਕੇ ਰੱਜਦੀ ਘੁੱਗੀ
ਬੜੀ ਪਿਆਰੀ ਲੱਗਦੀ ਘੁੱਗੀ।
ਨਿੱਤ ਬੈਠਦੀ ਆਣ ਬਨੇਰੇ
ਬਿੜਕਾਂ ਰੱਖਦੀ ਚਾਰ ਚੁਫੇਰੇ
ਸ਼ਰੀਫ ਜਿਹੀ ਹੈ ਲੱਗਦੀ ਘੁੱਗੀ
ਬੜੀ ਪਿਆਰੀ ਲੱਗਦੀ ਘੁੱਗੀ।
ਪੰਛੀਆਂ ਨੂੰ ਸਭ ਕਰੀਏ ਪਿਆਰ
ਗਿੱਲ ਮਲਕੀਤ ਮੁੜ ਆਊ ਬਹਾਰ
ਕੋਲ ਰਹੂ ਨਹੀਂ ਭੱਜਦੀ ਘੁੱਗੀ
ਬੜੀ ਪਿਆਰੀ ਲੱਗਦੀ ਘੁੱਗੀ।
-ਮਲਕੀਤ ਸਿੰਘ ਗਿੱਲ
ਸੰਪਰਕ: 79865-28225