ਮੁੰਬਈ: ਫਿਲਮ ‘ਅਨੁਪਮਾ’ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਰੂਪਾਲੀ ਗਾਂਗੁਲੀ ਨੂੰ ਦੀਵਾਲੀ ਦਾ ਤਿਉਹਾਰ ਪਸੰਦ ਹੈ ਪਰ ਉਹ ਬਚਪਨ ਤੋਂ ਹੀ ਪਟਾਕੇ ਚਲਾਉਣ ਦੇ ਖ਼ਿਲਾਫ਼ ਹੈ। ਉਸ ਨੇ ਕਿਹਾ, ‘‘ਹਰ ਸਾਲ ਦੀਵਾਲੀ ’ਤੇ ਮੈਂ ਲੋਕਾਂ ਨੂੰ ਬੇਨਤੀ ਕਰਦੀ ਹਾਂ ਕਿ ਇਸ ਨੂੰ ਰੌਸ਼ਨੀ ਦਾ ਤਿਉਹਾਰ ਹੀ ਰਹਿਣ ਦਿਓ। ਪਟਾਕਿਆਂ ਦਾ ਤਿਉਹਾਰ ਨਾ ਬਣਾਓ। ਕਿਰਪਾ ਕਰਕੇ ਆਪਣੇ ਘਰਾਂ ਅਤੇ ਦਿਲਾਂ ਨੂੰ ਰੌਸ਼ਨ ਕਰੋ ਅਤੇ ਲਕਸ਼ਮੀ ਪੂਜਾ ਤੋਂ ਬਾਅਦ ਜੇ ਪਟਾਕੇ ਚਲਾਉਣਾ ਚਾਹੁੰਦੇ ਵੀ ਹੋ ਤਾਂ ਸਿਰਫ ‘ਫੁਲਝੜੀਆਂ’ ਜਾਂ ‘ਚੱਕਰੀਆਂ’ ਚਲਾਓ, ਸ਼ੋਰ ਪ੍ਰਦੂਸ਼ਣ ਨਾ ਪੈਦਾ ਕਰੋ। ਮੈਂ ਪਟਾਕਿਆਂ ਦੇ ਹੱਕ ਵਿੱਚ ਨਹੀਂ ਹਾਂ।’’ ਉਸ ਨੇ ਕਿਹਾ, ‘‘ਬਹੁਤ ਸਾਰੇ ਪੰਛੀਆਂ ਨੂੰ ਪਟਾਕਿਆਂ ਦੀ ਉੱਚੀ ਆਵਾਜ਼ ਕਾਰਨ ਦਿਲ ਦਾ ਦੌਰਾ ਪੈ ਜਾਂਦਾ ਹੈ ਅਤੇ ਮੈਨੂੰ ਯਾਦ ਹੈ ਕਿ ਇਸ ਤਿਉਹਾਰ ਵੇਲੇ ਮੇਰੇ ਪਿਤਾ ਦੀ ਦਿਲ ਦੀ ਧੜਕਣ ਕਾਫੀ ਵਧ ਜਾਂਦੀ ਸੀ। ਪਟਾਕਿਆਂ ਦੀ ਆਵਾਜ਼ ਬਜ਼ੁਰਗਾਂ ਅਤੇ ਇੱਥੋਂ ਤੱਕ ਕਿ ਪਸ਼ੂਆਂ-ਪੰਛੀਆਂ ’ਤੇ ਵੀ ਮਾੜਾ ਪ੍ਰਭਾਵ ਪਾਉਂਦੀ ਹੈ। ਬੁੱਢੇ ਅਤੇ ਬਿਮਾਰ ਲੋਕ ਇਸ ਦਾ ਸ਼ਿਕਾਰ ਹੁੰਦੇ ਹਨ। ਇਸ ਤੋਂ ਇਲਾਵਾ ਲੋਕ ਇਸ ’ਤੇ ਇੰਨਾ ਪੈਸਾ ਖਰਚਦੇ ਹਨ ਅਤੇ ਸਾਰਾ ਪੈਸਾ ਧੂੰਏਂ ਵਿੱਚ ਚਲਾ ਜਾਂਦਾ ਹੈ। ਫਿਰ ਅਜਿਹਾ ਕਿਉਂ ਕਰਦੇ ਹੋ? ਮੈਂ ਸਾਰਿਆਂ ਨੂੰ ਸ਼ੋਰ-ਰਹਿਤ ਤੇ ਸੁਰੱਖਿਅਤ ਦੀਵਾਲੀ ਮਨਾਉਣ ਦੀ ਬੇਨਤੀ ਕਰਦੀ ਹਾਂ।’’-ਆਈਏਐੱਨਐੱਨਸ