ਗੁਰਦਾਸ ਸਿੰਘ ਸੇਖੋਂ
ਕੋਈ ਵੀ ਮਨੁੱਖ ਸਰਬਕਲਾ ਸੰਪੰਨ ਨਹੀਂ ਹੁੰਦਾ। ਹਰ ਮਨੁੱਖ ਵਿਚ ਕੋਈ ਨਾ ਕੋਈ ਊਣਤਾਈ ਜ਼ਰੂਰ ਹੁੰਦੀ ਹੈ ਭਾਵ ਮਨੁੱਖ ਗ਼ਲਤੀਆਂ ਤੇ ਊਣਤਾਈਆਂ ਦਾ ਪੁਤਲਾ ਹੈ। ਸ਼ਾਇਦ ਹੀ ਕੋਈ ਅਜਿਹਾ ਇਨਸਾਨ ਹੋਵੇਗਾ, ਜਿਸ ਨੇ ਕਦੇ ਕੋਈ ਗ਼ਲਤੀ ਨਹੀਂ ਕੀਤੀ ਹੋਵੇਗੀ। ਗ਼ਲਤੀ ਕੰਮ ਵਿਚ ਰੁੱਝੇ ਰਹਿਣ ਦੀ ਨਿਸ਼ਾਨੀ ਵੀ ਹੈ। ਇਸ ਬਾਰੇ ਨੈਪੋਲੀਅਨ ਕਹਿੰਦਾ ਹੈ ਕਿ ‘ਜਿਸ ਨੇ ਕਦੇ ਗ਼ਲਤੀ ਨਹੀਂ ਕੀਤੀ, ਸਮਝੋ ਉਸ ਨੇ ਕਦੇ ਕੋਈ ਕੰਮ ਹੀ ਨਹੀਂ ਕੀਤਾ।’ ਜੇ ਯਤਨ ਹਨ ਤਾਂ ਹੀ ਭੁੱਲਾਂ ਹਨ। ਜਿਸ ਦਿਨ ਭੁੱਲਾਂ ਤੇ ਗ਼ਲਤੀਆਂ ਰੁਕ ਗਈਆਂ, ਸਮਝੋ ਯਤਨ ਬੰਦ ਹੋ ਗਏ। ਸੋ ਸਪੱਸ਼ਟ ਹੈ ਕਿ ਜੇ ਕੋਈ ਕੰਮ ਕਰੋਗੇ ਤਾਂ ਗ਼ਲਤੀ ਦੀ ਗੁੰਜਾਇਸ਼ ਤਾਂ ਰਹੇਗੀ ਹੀ। ਵਿਹਲੜਾਂ ਨੇ ਕੀ ਭੁੱਲਾਂ ਤੇ ਗ਼ਲਤੀਆਂ ਕਰਨੀਆਂ ਹਨ ? ਉਨ੍ਹਾਂ ਕੋਲ ਯਤਨ ਕਰਨ ਦਾ ਹੀਆ ਹੀ ਨਹੀਂ।
ਗ਼ਲਤੀਆਂ ਜ਼ਿੰਦਗੀ ਦਾ ਅਟੁੱਟ ਤੇ ਅਹਿਮ ਹਿੱਸਾ ਹਨ। ਸਹੀ ਮਨੋਰਥ ਵੱਲ ਵਧਦਿਆਂ ਗ਼ਲਤੀ ਤੋਂ ਘਬਰਾਉਣਾ ਨਹੀਂ ਚਾਹੀਦਾ। ਅੱਜ ਦੀ ਗ਼ਲਤੀ ਆਉਣ ਵਾਲੇ ਕੱਲ੍ਹ ਲਈ ਤਜਰਬਾ ਹੈ। ਪ੍ਰਸਿੱਧ ਵਿਦਵਾਨ ਸ਼ੈਲੇ ਦਾ ਕਥਨ ਹੈ ਕਿ ‘ਸਾਰਥਕ ਕੰਮ ਕਰਦਿਆਂ ਗ਼ਲਤੀਆਂ ਤੋਂ ਨਾ ਡਰੋ, ਹੁੰਦੀਆਂ ਹਨ ਤਾਂ ਹੋਣ ਦਿਓ ਕਿਉਂਕਿ ਗ਼ਲਤੀਆਂ ਦੇ ਸਿਲਸਿਲੇ ਨੂੰ ਹੀ ਬਾਅਦ ’ਚ ਤਜਰਬਾ ਆਖਦੇ ਹਨ।’
ਗ਼ਲਤੀ ਕਰਨਾ ਕੰਮ ਕਰਨ ਦੀ, ਪਰ ਵਾਰ-ਵਾਰ ਇਕੋ ਗ਼ਲਤੀ ਕਰਨਾ ਮੂਰਖਤਾ ਦੀ ਨਿਸ਼ਾਨੀ ਹੈ। ਗ਼ਲਤੀ ਨੂੰ ਸੁਧਾਰਨ ਦਾ ਇਕ ਮੌਕਾ ਦੇਣਾ ਸੰਵੇਦਨਸ਼ੀਲਤਾ ਦਾ ਪ੍ਰਤੀਕ ਹੈ ਜਾਂ ਕਹਿ ਲਵੋ ਕਿ ਪਹਿਲੀ ਗ਼ਲਤੀ ਲਈ ਮੁਆਫ਼ ਕੀਤਾ ਜਾ ਸਕਦਾ ਹੈ ਕਿਉਂਕਿ ਵਾਰ ਵਾਰ ਕੀਤੀ ਗ਼ਲਤੀ ਕੁਤਾਹੀ ਬਣ ਜਾਂਦੀ ਹੈ। ਗੰਭੀਰ ਕੁਤਾਹੀ ਦੂਜਿਆਂ ਲਈ ਸੰਕਟ ਸਿਰਜ ਸਕਦੀ ਹੈ। ਕੁਤਾਹੀ ਨੂੰ ਅਣਗੌਲਿਆਂ ਕਰਨਾ ਇਸ ਦੇ ਦੁਹਰਾਉਣ ਨੂੰ ਹੱਲਾਸ਼ੇਰੀ ਦੇਣ ਸਮਾਨ ਹੈ।
ਅਰਸਤੂ ਦਾ ਕਥਨ ਹੈ ‘ਆਪਣੀ ਗ਼ਲਤੀ ਮੰਨ ਲੈਣਾ ਅਪਮਾਨ ਨਹੀਂ, ਪਰ ਗ਼ਲਤੀ ਠੀਕ ਕਰਨ ਲਈ ਯਤਨ ਨਾ ਕਰਨਾ ਅਪਮਾਨ ਵਾਲੀ ਗੱਲ ਹੈ।’ ਇਹ ਗੱਲ ਵੀ ਬਿਲਕੁਲ ਦਰੁਸਤ ਹੈ ਕਿ ਪਹਿਲੀ ਗ਼ਲਤੀ ਉਪਰੰਤ ਉਸ ਨੂੰ ਸੁਧਾਰਨ ਲਈ ਯਤਨ ਨਾ ਕਰਨਾ ਇਕ ਹੋਰ ਗ਼ਲਤੀ ਕਰਨ ਦੇ ਬਰਾਬਰ ਹੈ। ਕਿਸੇ ਦੀ ਗ਼ਲਤੀ ਨੂੰ ਗ਼ਲਤੀ ਨਾ ਕਹਿਣਾ ਵੀ ਉਸ ਨਾਲ ਧੋਖਾ ਕਰਨ ਦੇ ਬਰਾਬਰ ਹੈ।
ਗ਼ਲਤੀ ਭਾਵੇਂ ਬੇਧਿਆਨੀ, ਅਣਜਾਣਪੁਣੇ ਜਾਂ ਜਾਣ ਬੁੱਝ ਕੇ ਕੀਤੀ ਹੋਵੇ, ਇਸ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ। ਗ਼ਲਤੀ ਸਵੀਕਾਰਨ ਨਾਲ ਕਿਰਦਾਰ ਨੀਵਾਂ ਨਹੀਂ, ਬਲਕਿ ਉਚੇਰਾ ਹੋ ਜਾਂਦਾ ਹੈ। ਗ਼ਲਤੀ ਸਵੀਕਾਰਨ ਤੇ ਸੁਧਾਰਨ ਦਾ ਸੰਕਲਪ ਵਿਰਲੇ ਲੋਕਾਂ ਵਿਚ ਹੀ ਹੁੰਦਾ ਹੈ। ਆਪਣੀ ਕਮਜ਼ੋਰੀ ਤੋਂ ਖ਼ੁਦਵਾਕਫ਼ੀਅਤ ਹੀ ਸਵੈ-ਪੜਚੋਲ ਤੇ ਆਤਮ-ਚਿੰਤਨ ਦਾ ਧੁਰਾ ਤਿਆਰ ਕਰਦੀ ਹੈ। ਗ਼ਲਤੀ ਦਾ ਸਕਾਰਾਤਮਕ ਪਹਿਲੂ ਇਹ ਹੈ ਕਿ ਇਸ ਨਾਲ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਤਰੀਕਾ, ਢੰਗ, ਵਿਧੀ ਜਾਂ ਰਸਤਾ ਇਸ ਦਾ ਹੱਲ ਨਹੀਂ ਹੈ। ਵਿਗਿਆਨੀਆਂ ਦੀਆਂ ਕਾਢਾਂ ਦੇ ਸਫਲ ਪ੍ਰਯੋਗ ਪਿੱਛੇ ਸੈਂਕੜੇ ਅਸਫਲ ਪ੍ਰਯੋਗ ਵੀ ਸਨ।
ਗ਼ਲਤੀਆਂ ਤਾਂ ਸਿਆਣਪ ਦਾ ਸਬਕ ਹੁੰਦੀਆਂ ਹਨ। ਦੂਜੇ ਇਨਸਾਨਾਂ ਦੇ ਗੁਣਾਂ ਨੂੰ ਗ੍ਰਹਿਣ ਕਰਨ ਦੇ ਨਾਲ ਉਸ ਦੀਆਂ ਗ਼ਲਤੀਆਂ ਤੋਂ ਵੀ ਸਿੱਖਣਾ ਚਾਹੀਦਾ ਹੈ। ਅਰਵਿੰਦ ਘੋਸ਼ ਨੇ ਕਿਹਾ ਹੈ ਕਿ ‘ਅਖ਼ੀਰ ਵਿਚ ਇਸ ਗੱਲ ਦਾ ਮਹੱਤਵ ਨਹੀਂ ਰਹਿ ਜਾਵੇਗਾ ਕਿ ਤੁਸੀਂ ਕਿੰਨੀਆਂ ਗ਼ਲਤੀਆਂ ਕੀਤੀਆਂ। ਮਹੱਤਵ ਇਸ ਗੱਲ ਦਾ ਹੋਵੇਗਾ ਕਿ ਤੁਸੀਂ ਉਨ੍ਹਾਂ ਗ਼ਲਤੀਆਂ ਤੋਂ ਸਬਕ ਲੈ ਕੇ ਕਿੰਨੇ ਤਕੜੇ ਮਨੁੱਖ ਬਣੇ।’ ਇਸ ਲਈ ਗ਼ਲਤੀ ਤੋਂ ਨਿਰਾਸ਼ ਹੋਣ ਦੀ ਥਾਂ ਸਬਕ ਲੈਣਾ ਚਾਹੀਦਾ ਹੈ।
ਸ਼ੁਰੂਆਤੀ ਯਤਨਾਂ ਵਿਚ ਹੀ ਬਿਨਾਂ ਕਿਸੇ ਗ਼ਲਤੀ ਤੋਂ ਕਠਿਨ ਕਾਰਜ ਪੂਰਾ ਕਰਨ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਆਪਣੀ ਕਮਜ਼ੋਰੀ ਉੱਤੇ ਜਿੱਤ ਹਾਸਲ ਕਰਕੇ ਭਵਿੱਖਮੁਖੀ ਯੋਜਨਾਵਾਂ ਉਲੀਕਣ ਵਾਲੇ ਇਨਸਾਨ ਮੰਜ਼ਿਲਾਂ ਸਰ ਕਰ ਲੈਂਦੇ ਹਨ। ਪ੍ਰਸਿੱਧ ਵਿਦਵਾਨ ਸਿਸਰੋ ਵੀ ਇਸ ਦੀ ਪ੍ਰੋੜਤਾ ਕਰਦਿਆਂ ਲਿਖਦਾ ਹੈ ਕਿ ‘ਗ਼ਲਤੀ ਮਨੁੱਖ ਨੂੰ ਸਿੱਧੇ ਰਸਤੇ ਵੱਲ ਲੈ ਕੇ ਜਾਂਦੀ ਹੈ।’ ਅੱਜ ਦੀ ਗ਼ਲਤੀ ਕੱਲ੍ਹ ਲਈ ਨਵਾਂ ਰਾਹ ਤਿਆਰ ਕਰਦੀ ਹੈ ਤੇ ਆਖ਼ਿਰ ਗ਼ਲਤੀਆਂ ਦੀ ਵਧਦੀ ਗਿਣਤੀ ਸਬਕ ਦੀ ਹਮਰਾਹੀ ਬਣ ਜਾਂਦੀ ਹੈ। ਫਿਰ ਇਹੀ ਸਬਕ ਹਮਰਾਹੀ ਦੂਜਿਆਂ ਲਈ ਸਹੀ, ਸਪੱਸ਼ਟ ਤੇ ਸਮਾਂ-ਬੱਧ ਪੈਂਡਾ ਤਿਆਰ ਕਰਦਿਆਂ ਸਫਲਤਾ ਦੀ ਬੁਨਿਆਦ ਤਿਆਰ ਕਰ ਦਿੰਦੀ ਹੈ।
ਕਈ ਗ਼ਲਤੀਆਂ ਕੇਵਲ ਭੁੱਲਾਂ ਵਾਂਗ ਹੁੰਦੀਆਂ ਹਨ ਤੇ ਕਈ ਗ਼ਲਤੀਆਂ ਗੁਨਾਹ ਦਾ ਰੂਪ ਲੈ ਲੈਂਦੀਆਂ ਹਨ। ਛੋਟੀ ਜਿਹੀ ਗ਼ਲਤੀ ਲੋਕ-ਮਨ, ਲੋਕ ਹਿੱਤ ਤੇ ਲੋਕ-ਵਿਸ਼ਵਾਸ ਨੂੰ ਖੇਰੂੰ-ਖੇਰੂੰ ਕਰ ਸਕਦੀ ਹੈ। ਗ਼ਲਤੀ ਲੁਕਾਉਣ ਨਾਲ ਅੰਤਰੀਵੀ ਮਨ ਖੰਡਿਤ ਹੁੰਦਾ ਹੈ। ਮਾਂ ਵੱਲੋਂ ਬੱਚੇ ਦੇ ਬਚਪਨ ਸਮੇਂ ਛੁਪਾਈ ਗ਼ਲਤੀ ਬਾਲਗ ਉਮਰੇ ਵਿਕਰਾਲ ਗੁਨਾਹ ਵਿਚ ਤਬਦੀਲ ਹੋ ਜਾਂਦੀ ਹੈ। ਸੋ ਮਾਂ ਵੱਲੋਂ ਬੱਚੇ ਦੇ ਹਰ ਚੰਗੇ-ਮਾੜੇ ਸੁਭਾਅ ਬਾਰੇ ਪਿਤਾ ਨੂੰ ਜਾਣੂ ਕਰਾਉਣਾ ਲਾਜ਼ਮੀ ਹੈ। ਬੱਚੇ ਨੂੰ ਚਰਿਤਰਵਾਨ ਤੇ ਚਰਿਤਰਹੀਣ ਵਖਰੇਵਿਆਂ ਬਾਬਤ ਇਤਿਹਾਸਕ ਵਰਤਾਰਿਆਂ ਦੀ ਮਿਸਾਲ ਦਿੰਦੇ ਰਹਿਣਾ ਚਾਹੀਦਾ ਹੈ।
ਹਮੇਸ਼ਾਂ ਦੂਜਿਆਂ ਦੀਆਂ ਗ਼ਲਤੀਆਂ ਦੀ ਪੈੜ ਨੱਪਦੇ ਰਹਿਣਾ ਉਸਾਰੂ ਸੋਚ ਨਹੀਂ ਹੁੰਦੀ। ਉਂਜ ਵੀ ਗ਼ਲਤੀ ਲੱਭਣਾ ਆਸਾਨ ਕਾਰਜ ਹੈ, ਪਰ ਚੰਗੇਰਾ ਕਰਕੇ ਦਿਖਾਉਣਾ ਔਖਾ ਕਾਰਜ ਹੈ। ਆਪਣੀ ਗ਼ਲਤੀ ਤੋਂ ਜਾਣੂ ਹੋਣ ਦੇ ਬਾਵਜੂਦ ਗ਼ਲਤੀ ਛੁਪਾਉਣ ਤੇ ਖ਼ੁਦ ਨੂੰ ਨਿਰਦੋਸ਼ ਦੱਸਣ ਵਾਲੇ ਇਨਸਾਨ ਬੇਜ਼ਮੀਰੇ ਤੇ ਬਦਤਮੀਜ਼ ਮੰਨੇ ਜਾਂਦੇ ਹਨ।
ਕਈ ਵਾਰ ਗ਼ਲਤੀ ਓਨੀ ਵੱਡੀ ਨਹੀਂ ਹੁੰਦੀ ਜਿੰਨੀ ਵੱਡੀ ਸਾਡੀ ਗ਼ਲਤ ਫਹਿਮੀ ਹੁੰਦੀ ਹੈ। ਬਰਨਾਰਡ ਸ਼ਾਹ ਅਨੁਸਾਰ ਗ਼ਲਤ ਫਹਿਮੀ ਵਿਚ ਫਸੇ ਰਹਿਣਾ ਗ਼ਲਤੀ ਕਰਨ ਤੋਂ ਵੀ ਵਧੇਰੇ ਖ਼ਤਰਨਾਕ ਹੁੰਦਾ ਹੈ।
ਸਵੈ-ਵਿਸ਼ਵਾਸ ਤੇ ਸਵੈ-ਗ਼ਲਤੀ ਨੂੰ ਅਣਦੇਖਿਆਂ ਕਰਨ ਵਾਲਾ ਸੁਜਾਖਾ ਨਹੀਂ ਹੁੰਦਾ ਕਿਉਂਕਿ ਉਹ ਤੀਜੇ ਨੇਤਰ ਤੋਂ ਵਾਂਝਾ ਹੁੰਦਾ ਹੈ। ਜੇ ਉਹ ਸਿੱਖਣਾ ਚਾਹੇ ਤਾਂ ਹਰ ਠੋਕਰ ਤੋਂ ਸਿੱਖ ਸਕਦਾ ਹੈ। ਭਵਿੱਖ ਵਿਚ ਇਨ੍ਹਾਂ ਠੋਕਰਾਂ ਤੇ ਭੁੱਲਾਂ ਨੂੰ ਸੋਧ ਕੇ ਹੀ ਉਮੀਦਾਂ, ਉਮੰਗਾਂ ਤੇ ਉਮਾਹ ਨੂੰ ਗਲਵਕੜੀ ਪਾਈ ਜਾ ਸਕਦੀ ਹੈ। ਸੋ ਆਓ, ਅੱਜ ਤੋਂ ਹੀ ਆਪਣੀ ਗ਼ਲਤੀ ਨੂੰ ਪਹਿਚਾਣੀਏ, ਪਰਖੀਏ, ਸਵੀਕਾਰੀਏ ਤੇ ਇਸ ਨੂੰ ਸੁਧਾਰਨ ਦਾ ਅਹਿਦ ਕਰੀਏ ਤਾਂ ਜੋ ਇਕ ਸਫਲ, ਸੁਨਹਿਰੀ ਤੇ ਸਨਮਾਨਜਨਕ ਭਵਿੱਖ ਦੀ ਸਿਰਜਣਾ ਕਰ ਸਕੀਏ।
ਸੰਪਰਕ: 98721-77666