ਲੋਕਨਾਥ ਸ਼ਰਮਾ
ਦੀਵਾਲੀ ਸਭ ਤੋਂ ਵੱਡਾ ਤਿਉਹਾਰ ਹੈ। ਤਾਹੀਓਂ ਇਸ ਨੂੰ ਤਿਉਹਾਰਾਂ ਦੀ ਰਾਣੀ ਕਿਹਾ ਜਾਂਦਾ ਹੈ। ਦਰਅਸਲ, ਇਹ ਖੂਬਸੂਰਤ ਤਿਉਹਾਰ, ਖੁਸ਼ੀਆਂ, ਖੇੜਿਆਂ, ਮੁਹੱਬਤਾਂ ਤੇ ਭਾਈਚਾਰਕ ਸਾਂਝਾਂ ਦਾ ਪੈਗ਼ਾਮ ਲੈ ਕੇ ਆਉਂਦਾ ਹੈ। ਯਕੀਨਨ, ਦੀਵਿਆਂ ਵਾਲੀ ਰੌਸ਼ਨ ਭਵਿੱਖ ਦੀ ਪ੍ਰਤੀਕ ਹੀ ਨਹੀਂ, ਬਲਕਿ ਬੀਤੇ ਸਮੇਂ ਤੋਂ ਸਬਕ ਸਿੱਖਣ ਦਾ ਸੰਦੇਸ਼ ਵੀ ਦਿੰਦੀ ਹੈ।
ਇਹ ਹਕੀਕਤ ਹੈ ਕਿ ਚਿਰਾਗ ਜਿੱਥੇ ਵੀ ਹਾਜ਼ਰ ਹੁੰਦਾ ਹੈ, ਰੌਸ਼ਨੀ ਫੈਲਾਉਂਦਾ ਹੈ। ਗੁਰੂਦੇਵ ਟੈਗੋਰ ਦੀ ਪ੍ਰਾਰਥਨਾ ‘ਹੇ ਪ੍ਰਮਾਤਮਾ ਮੈਨੂੰ ਹਨੇਰੇ ਤੋਂ ਰੌਸ਼ਨੀ ਵੱਲ ਲੈ ਚੱਲ’ ਬਹੁਮੁੱਲੀ, ਬਹੁਪੱਖੀ ਤੇ ਬਹੁਅਰਥੀ ਹੈ। ਦੀਵਾਲੀ ਵਾਲੇ ਦਿਹਾੜੇ ਦਾ ਪ੍ਰਕਾਸ਼ ਤੇ ਜਗਮਗਾਹਟ ਬਾਹਰੀ ਤੇ ਇੱਕ ਦਿਵਸੀ ਹੈ, ਪਰ ਟੈਗੋਰ ਦੀ ਗੁਜ਼ਾਰਿਸ਼ ਬਹੁਪੱਖੀ ਤੇ ਨਿਵੇਕਲੀ ਕਿਸਮ ਦੀ ਹੈ। ਉਹ ਅਗਿਆਨਤਾ, ਅਸ਼ੁੱਧਤਾ, ਅਨੁਸ਼ਾਸਨਹੀਣਤਾ ਤੇ ਅਸ਼ਲੀਲਤਾ ਦੀ ਥਾਂ ਜਾਗਰੂਕਤਾ, ਨਿਮਰਤਾ, ਨਿਰਭੈਤਾ, ਸ਼ੁੱਧਤਾ, ਸ਼ਾਲੀਨਤਾ ਤੇ ਸੰਜਮੀ ਸਮਾਜ ਸਿਰਜਣ ਲਈ ਅਰਜ਼ੋਈ ਕਰਦੇ ਹਨ। ਅਸੀਂ ਸਦੀਆਂ ਤੋਂ ਦੀਵਾਲੀ ਵਾਲੇ ਦਿਨ ਆਪਣੇ ਘਰਾਂ, ਵਿਹੜਿਆਂ ਅਤੇ ਆਲੇ ਦੁਆਲੇ ਨੂੰ ਸਵੱਛ ਬਣਾਉਂਦੇ ਦੀਵਿਆਂ, ਮੋਮਬੱਤੀਆਂ ਤੇ ਬਿਜਲੀ ਦੇ ਆਧੁਨਿਕ ਸਾਜ਼ੋ ਸਾਮਾਨ ਸੰਗ ਸਜਾਉਂਦੇ ਤੇ ਰੁਸ਼ਨਾਉਂਦੇ ਚਲੇ ਆ ਰਹੇ ਹਾਂ, ਪਰ ਅਸੀਂ ਹਨੇਰੇ ਤੇ ਰੌਸ਼ਨੀ ਦੇ ਸੌੜੇ ਅਰਥਾਂ ਤੱਕ ਹੀ ਸੀਮਿਤ ਹਾਂ। ਸਾਡੇ ਮਨਾਂ ਵਿੱਚ ਗਿਆਨ ਦੇ ਦੀਵੇ ਨਹੀਂ ਜਗੇ। ਜ਼ਿੰਦਗੀ ਤਾਂ ਪਿਆਰ ਕਰਨ ਖਾਤਰ ਵੀ ਥੋੜ੍ਹੀ ਹੈ, ਫਿਰ ਵੀ ਨਫ਼ਰਤ ਲਈ ਸਮਾਂ ਕੱਢਿਆ ਜਾ ਰਿਹਾ ਹੈ। ਕੁੱਲੀ, ਗੁੱਲੀ ਤੇ ਜੁੱਲੀ ਸਭ ਨੂੰ ਨਸੀਬ ਨਹੀਂ ਹੋਈ। ਕੀ ਇਸ ਪਵਿੱਤਰ ਤਿਉਹਾਰ ਦੀ ਪਵਿੱਤਰਤਾ ਕਾਇਮ ਰੱਖੀ ਜਾਂਦੀ ਹੈ? ਕੀ ਸਾਂਝੀਵਾਲਤਾ ਦਾ ਪੈਗ਼ਾਮ ਦੇਣ ਵਾਲੇ ਤਿਉਹਾਰ ਵਿੱਚ ਸਭਨਾਂ ਦੀ ਹਿੱਸੇਦਾਰੀ ਬਰਕਰਾਰ ਹੈ? ਕੀ ਰੌਸ਼ਨੀ ਵਿੱਚ ਬੈਠਿਆਂ ਨੇ, ਹਨੇਰੇ ਢੋਣ ਵਾਲਿਆਂ, ਗ਼ੁਰਬਤ ਦੇ ਮਾਰਿਆਂ ਦੀ ਸਾਰ ਲਈ ਹੈ? ਭੁੱਖੇ ਢਿੱਡ ਸੌਣ ਵਾਲੇ ਬਾਲ ਮਜ਼ਦੂਰਾਂ ਨੇ ਕਿਸੇ ਦਾ ਕੀ ਵਿਗਾੜਿਆ ਹੈ? ਬਿਹਤਰੀ ਲਈ ਫੋਕੇ ਭਾਸ਼ਣ ਕੁਝ ਵੀ ਨਹੀਂ ਸੰਵਾਰਦੇ ਕਿਉਂਕਿ ਸ਼ਬਦ ਕੰਮ ਨਹੀਂ ਹੁੰਦੇ। ਗੁੜ ਦੀ ਇੱਕ ਡਲੀ ਨਾਲ ਟੋਭਾ ਮਿੱਠਾ ਨਹੀਂ ਹੁੰਦਾ।
ਦੀਵਾਲੀ ਵਾਲੇ ਇੱਕ ਦਿਨ ਦੀਵੇ ਜਗਾ ਕੇ ਇੱਕ ਦਿਵਸੀ ਜਗਮਗਾਹਟ ਕਾਫ਼ੀ ਨਹੀਂ। ਇੱਕ ਦਿਨ ਦੀ ਸਫ਼ਾਈ ਨਾਲ ਗੱਲ ਨਹੀਂ ਬਣਨੀ। ਸਾਰਥਿਕ ਤੇ ਰਚਨਾਤਮਕ ਕੋਸ਼ਿਸ਼ਾਂ ਵਿੱਚ ਨਿਰੰਤਰਤਾ ਲਿਆਉਣ ਨਾਲ ਭਾਰਤ ਦੀ ਤਸਵੀਰ ਬਦਲ ਸਕਦੀ ਹੈ। ਦੀਵਾਲੀ ਮਨਾਉਣ ਲਈ ਖੂਬਸੂਰਤ ਢੰਗ ਲੱਭੇ ਜਾਣ। ਦੇਸ਼ ਦੇ ਸ਼ਹੀਦਾਂ, ਆਜ਼ਾਦੀ ਦੇ ਪ੍ਰਵਾਨਿਆਂ, ਕਰਮਯੋਗੀਆਂ, ਦੇਸ਼ਭਗਤਾਂ ਨੂੰ ਯਾਦ ਕੀਤਾ ਜਾਵੇ। ਗਰਦ, ਧੂੜ ਤੇ ਮੱਖੀਆਂ ਦੀ ਰਾਖੀ ਵਿੱਚ ਰੱਖੀਆਂ ਨੰਗੀਆਂ ਮਠਿਆਈਆਂ ਨਾ ਖਾਧੀਆਂ ਜਾਣ। ਆਪਣੀ ਰਸੋਈ ਵਿੱਚ ਤਿਆਰ ਚੀਜ਼ਾਂ ਦਾ ਆਨੰਦ ਲਿਆ ਜਾਵੇ। ਬਹੁਮੁਖੀ ਲਾਹੇਵੰਦ ਯੋਜਨਾਵਾਂ ਤਿਆਰ ਕਰਕੇ ਉਨ੍ਹਾਂ ਨੂੰ ਅਮਲੀਜਾਮਾ ਪਹਿਨਾਉਣ ਦਾ ਪ੍ਰੋਗਰਾਮ ਉਲੀਕਿਆ ਜਾਵੇ। ਉਪਹਾਰ ਵਜੋਂ ਕੱਪੜੇ, ਪੜ੍ਹਨਯੋਗ ਪੁਸਤਕਾਂ ਤੇ ਪੌਦੇ ਭੇਟ ਕੀਤੇ ਜਾ ਸਕਦੇ ਹਨ। ਸਰਬ-ਸਾਂਝੇ ਤਿਉਹਾਰ ਨੂੰ ਇਸ ਢੰਗ ਨਾਲ ਮਨਾਇਆ ਜਾਵੇ ਜਿਸ ਨਾਲ ਸਰਬੱਤ ਦਾ ਭਲਾ ਹੋਵੇ, ਮਨੁੱਖਤਾ ਦਾ ਕਲਿਆਣ ਹੋਵੇ।
ਸ਼ੁੱਧ ਤੇ ਸਿਹਤਮੰਦ ਵਾਤਾਵਰਨ ਅਜੋਕੇ ਯੁੱਗ ਦੀ ਸਭ ਤੋਂ ਵੱਡੀ ਲੋੜ ਹੈ। ਰੰਗਲਾ ਪੰਜਾਬ ਅੱਜ ਪੀਲੀਆ, ਟੀ.ਬੀ., ਕੈਂਸਰ ਤੇ ਦਮੇ ਵਰਗੀਆਂ ਨਾ ਮੁਰਾਦ ਬਿਮਾਰੀਆਂ ਦਾ ਟਿਕਾਣਾ ਬਣਦਾ ਜਾ ਰਿਹਾ ਹੈ। ਦੂਸ਼ਿਤ, ਪ੍ਰਦੂਸ਼ਿਤ ਵਾਤਾਵਰਨ ਵਿੱਚ ਸਾਹ ਲੈਣਾ ਔਖਾ ਹੋ ਗਿਆ ਹੈ। ਕਰੋਨਾ ਨੇ ਸਮੁੱਚੀ ਮਾਨਵਤਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਵਾ ਤੇ ਪਾਣੀ ਦੇ ਪ੍ਰਦੂਸ਼ਣ ਨੇ ਵਾਤਾਵਰਨ ਨੂੰ ਨਾ ਕੇਵਲ ਗੰਧਲਾ ਹੀ ਕੀਤਾ ਹੈ, ਬਲਕਿ ਜ਼ਹਿਰੀਲਾ ਬਣਾ ਕੇ ਰੱਖ ਦਿੱਤਾ ਹੈ। ਸ਼ੋਰ-ਸ਼ਰਾਬੇ, ਰੌਲੇ-ਰੱਪੇ ਤੇ ਢੋਲ-ਢਮੱਕੇ ਨੇ ਆਵਾਜ਼ ਪ੍ਰਦੂਸ਼ਣ ਵਿੱਚ ਵਾਧਾ ਕੀਤਾ ਹੈ। ਅਸੀਂ ਆਪਣੀਆਂ ਗ਼ਲਤੀਆਂ ਨਾਲ ਸਮੱਸਿਆਵਾਂ ਪੈਦਾ ਕੀਤੀਆਂ ਹਨ। ਸਵਾਰੀ ਆਪਣੇ ਸਾਮਾਨ ਦੀ ਖੁਦ ਜ਼ਿੰਮੇਵਾਰ ਹੈ। ਬੀਤੇ ਸਮੇਂ ਦੀਆਂ ਗ਼ਲਤੀਆਂ ਤੋਂ ਸਬਕ ਨਾ ਲੈਣਾ ਬੜਾ ਘਾਤਕ ਸਿੱਧ ਹੋਵੇਗਾ। ਅਰਬਾਂ ਰੁਪਏ ਦਾ ਬਾਰੂਦ ਫੂਕ ਕੇ, ਅੱਗ ਨਾਲ ਖੇਡਣਾ, ਅਪਾਹਜ ਹੋਣਾ, ਜਾਨੀ ਤੇ ਮਾਲੀ ਨੁਕਸਾਨ ਕਰਨਾ ਕਿੱਥੋਂ ਦੀ ਸਿਆਣਪ ਹੈ। ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਲਈ ਜਾਗਰੂਕ ਹੋਣਾ ਪਵੇਗਾ, ਖ਼ਤਰਨਾਕ ਪਟਾਕਿਆਂ ਤੇ ਨਸ਼ੀਲੇ ਪਦਾਰਥਾਂ ਨੂੰ ਅਲਵਿਦਾ ਕਹਿਣਾ ਹੋਵੇਗਾ। ਦੀਵਾਲੀ ਮੌਕੇ ਦੀਵਾਲਾ ਨਾ ਕੱਢੋ। ਦੀਵਾਲੀ ਮਨਾਉਣ ਦੇ ਅਣਉਚਿਤ ਢੰਗ ਤਿਆਗ ਕੇ ਘੱਟ ਖਰਚੀਲੇ ਤੇ ਸਾਫ਼-ਸੁਥਰੇ ਤਰੀਕੇ ਅਪਣਾ ਕੇ ਸੋਨੇ ਦੀ ਚਿੜੀ ਅਖਵਾਉਣ ਵਾਲੇ ਵਿਸ਼ਵ ਪ੍ਰਸਿੱਧ ਭਾਰਤ ਦੀ ਪਵਿੱਤਰਤਾ ਬਰਕਰਾਰ ਰੱਖੀ ਜਾਵੇ।
ਆਓ, ਜ਼ਹਿਰੀਲੇ, ਪ੍ਰਦੂਸ਼ਿਤ ਤੇ ਤਬਦੀਲ ਹੋ ਚੁੱਕੇ ਅਜੋਕੇ ਵਾਤਾਵਰਨ ਨੂੰ ਜਿਊਣਯੋਗ ਬਣਾਉਣ ਲਈ ਦੀਵਾਲੀ ਮਨਾਉਣ ਦੇ ਪ੍ਰਦੂਸ਼ਣ ਮੁਕਤ ਤਰੀਕਿਆਂ ਦੀ ਤਲਾਸ਼ ਕਰੀਏ। ਮਨੁੱਖਤਾ ਵਿਚਲੇ ਪਾੜੇ ਨੂੰ ਖ਼ਤਮ ਕਰੀਏ, ਮਿਲ ਜੁਲ ਕੇ ਚੱਲੀਏ, ਜੁੜ ਕੇ ਵੱਸੀਏ ਅਤੇ ਰਲ ਕੇ ਹੱਸੀਏ। ਜਾਤ ਨਹੀਂ ਜੋਤ ਨੂੰ ਪਛਾਣੀਏ। ਸਾਂਝੀਵਾਲਤਾ ਦਾ ਪੈਗ਼ਾਮ ਲੈ ਕੇ ਸਾਂਝਾਂ ਦਾ ਹੋਕਾ ਦੇਈਏ। ਆਓ, ਆਪਣੇ ਮਨਾਂ ਅੰਦਰ ਦਇਆ, ਧਰਮ, ਸਦਭਾਵਨਾ ਤੇ ਗਿਆਨ ਦਾ ਚੌ-ਮੁਖਾ ਦੀਵਾ ਬਾਲੀਏ। ਮਨ ਅੰਦਰਲੀ ਜਗਮਗਾਹਟ ਸੰਗ ਸਮੁੱਚਾ ਸੰਸਾਰ ਜਗਮਗਾ ਉੱਠੇਗਾ। ਹਰ ਰੋਜ਼ ਦੀਵਾਲੀ ਬਣ ਜਾਵੇਗੀ।
ਸੰਪਰਕ: 94171-76877