ਰਜਿੰਦਰ ਕੌਰ ਸਿੱਧੂ/ ਡਾ. ਜੀ.ਪੀ. ਐੱਸ. ਸੋਢੀ
ਤਿਓਹਾਰਾਂ ਦੇ ਇਨ੍ਹਾਂ ਦਿਨਾਂ ਵਿਚ ਬਾਜ਼ਾਰ ਵਿਚੋਂ ਸ਼ੁੱਧ ਮਠਿਆਈਆਂ ਨਹੀਂ ਮਿਲਦੀਆਂ। ਇਸ ਲਈ ਇਨ੍ਹਾਂ ਨੂੰ ਖ਼ਰੀਦਣ ਤੋਂ ਬਚਣਾ ਚਾਹੀਦਾ ਹੈ। ਮਿਲਾਵਟ ਭਰਪੂਰ ਬਾਜ਼ਾਰੂ ਮਠਿਆਈਆਂ ਦੀ ਬਜਾਏ ਤੁਸੀਂ ਘਰ ਵਿਚ ਆਪ ਮਠਿਆਈਆਂ ਬਣਾਓ। ਘਰਾਂ ਵਿਚ ਮਠਿਆਈਆਂ ਬਣਾਉਣਾ ਕੋਈ ਮੁਸ਼ਕਿਲ ਕੰਮ ਨਹੀਂ ਹੈ, ਬਲਕਿ ਇਨ੍ਹਾਂ ਨੂੰ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ। ਆਓ, ਕੁਝ ਮਠਿਆਈਆਂ ਬਣਾਈਏ।
ਹਲਦੀ ਪਿੰਨੀ
ਸਮੱਗਰੀ : ਕੱਚੀ ਹਲਦੀ-1/2 ਕਿਲੋ, ਭੁੱਜੇ ਹੋਏ ਛੋਲੇ- 1/2 ਕਿਲੋ, ਖਸਖਸ-250 ਗ੍ਰਾਮ, ਖੰਡ- 1/2 ਕਿਲੋ, ਘਿਓ-250 ਗ੍ਰਾਮ, ਕਿਸ਼ਮਿਸ਼- 50 ਗ੍ਰਾਮ, ਬਦਾਮ- 50 ਗ੍ਰਾਮ, ਕਾਜੂ- 50 ਗ੍ਰਾਮ।
ਵਿਧੀ: ਸਭ ਤੋਂ ਪਹਿਲਾਂ ਕੱਚੀ ਹਲਦੀ ਨੂੰ ਚੰਗੀ ਤਰ੍ਹਾਂ ਧੋ ਲਓ ਅਤੇ ਪੀਲਰ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਛਿੱਲ ਲਓ। ਹੁਣ ਇਸ ਨੂੰ ਮਿਕਸੀ ਵਿਚ ਚੰਗੀ ਤਰ੍ਹਾਂ ਪੀਸ ਲਓ। ਹੁਣ ਭੁੱਜੇ ਹੋਏ ਛੋਲਿਆਂ ਅਤੇ ਖਸਖਸ ਨੂੰ ਅਲੱਗ ਅਲੱਗ ਕਰਕੇ ਮਿਕਸੀ ਵਿਚ ਪੀਸ ਲਓ। ਹੁਣ 250 ਗ੍ਰਾਮ ਘਿਓ ਲੈ ਕੇ ਉਸ ਵਿਚ ਪੀਸੀ ਹੋਈ ਹਲਦੀ ਪਾ ਦਿਓ ਅਤੇ ਉਸ ਨੂੰ ਚੰਗੀ ਤਰ੍ਹਾਂ ਭੁੰਨ ਲਓ। 250 ਗ੍ਰਾਮ ਘਿਓ ਲੈ ਕੇ ਉਸ ਵਿਚ ਭੁੱਜੇ ਹੋਏ ਛੋਲੇ ਅਤੇ ਖਸਖਸ ਦਾ ਪਾਊਡਰ ਭੁੰਨ ਲਓ। ਹੁਣ ਇਸ ਵਿਚ ਭੁੰਨੀ ਹੋਈ ਹਲਦੀ ਪਾ ਦਿਓ ਅਤੇ ਚੰਗੀ ਤਰ੍ਹਾਂ ਰਲਾ ਲਓ। ਸਾਰੇ ਤਰ੍ਹਾਂ ਦੇ ਮੇਵੇ ਕੱਟ ਕੇ ਵਿਚ ਪਾ ਦਿਓ ਅਤੇ ਇਸ ਦੀਆਂ ਪਿੰਨੀਆਂ ਵੱਟ ਲਓ।
ਸੂਜੀ ਲੱਡੂ
ਸਮੱਗਰੀ- ਸੂਜੀ- 75 ਗ੍ਰਾਮ, ਖੰਡ – 75 ਗ੍ਰਾਮ, ਕੋਕੋਨਟ ਬੂਰਾ – 75 ਗ੍ਰਾਮ, ਮਿਲਕ – 50 ਮਿ.ਲੀ.।
ਵਿਧੀ: ਸੂਜੀ ਨੂੰ ਕੜਾਹੀ ਵਿਚ ਭੁੰਨ ਲਓ ਅਤੇ ਇਸ ਵਿਚ ਕੋਕੋਨਟ ਬੂਰਾ ਪਾ ਦਿਓ। ਹੁਣ ਇਸ ਵਿਚ ਖੰਡ ਪਾ ਦਿਓ ਤੇ ਕੁਝ ਮਿੰਟਾਂ ਲਈ ਪਕਾਓ। ਹੁਣ ਇਸ ਵਿਚ ਦੁੱਧ ਪਾ ਦਿਓ ਅਤੇ ਲੱਡੂ ਬਣਾ ਲਓ ਅਤੇ ਫਰਿੱਜ ਵਿਚ ਰੱਖ ਦਿਓ।
ਮੂੰਗਫਲੀ ਲੱਡੂ
ਸਮੱਗਰੀ : ਆਟਾ- 75 ਗ੍ਰਾਮ, ਬੇਸਨ – 50 ਗ੍ਰਾਮ, ਤਿਲ – 25 ਗ੍ਰਾਮ, ਮੂੰਗਫਲੀ – 25 ਗ੍ਰਾਮ, ਖੰਡ- 50 ਗ੍ਰਾਮ, ਪਾਣੀ- 1 ਕੱਪ, ਘਿਓ – 3-4 ਚਮਚ।
ਵਿਧੀ: ਘਿਓ ਗਰਮ ਕਰਕੇ ਬੇਸਨ ਅਤੇ ਆਟਾ ਅਲੱਗ-ਅਲੱਗ ਭੁੰਨ ਲਓ, ਜਦੋਂ ਤਕ ਇਹ ਹਲਕੇ ਭੂਰੇ ਰੰਗ ਦੇ ਜਾ ਹੋ ਜਾਣ। ਹੁਣ ਮੂੰਗਫਲੀ ਅਤੇ ਤਿਲ ਨੂੰ ਅਲੱਗ-ਅਲੱਗ ਭੁੰਨ ਲਓ। ਫਿਰ ਪੀਸ ਲਓ, ਫਿਰ ਪਾਣੀ ਗਰਮ ਕਰੋ, ਇਸ ਵਿਚ ਖੰਡ ਪਾ ਦਿਓ ਅਤੇ ਗਾੜ੍ਹਾ ਹੋਣ ਤਕ ਪਕਾਓ। ਹੁਣ ਇਸ ਵਿਚ ਭੁੰਨਿਆ ਹੋਇਆ ਆਟਾ, ਬੇਸਨ, ਤਿਲ ਅਤੇ ਮੂੰਗਫਲੀ ਪਾ ਦਿਓ। ਹੁਣ ਇਸ ਦੇ ਲੱਡੂ ਬਣਾਓ।
ਤਿਲ ਲੱਡੂ
ਸਮੱਗਰੀ: ਪਾਣੀ – 1-2 ਕੱਪ, ਕੱਢੀ ਮੂੰਗਫਲੀ- 50 ਗ੍ਰਾਮ, ਤਿਲ ਚਿੱਟੇ – 25 ਗ੍ਰਾਮ, ਗੁੜ – 25 ਗ੍ਰਾਮ।
ਵਿਧੀ: ਅੱਧਾ ਕੱਪ ਪਾਣੀ ਵਿਚ ਗੁੜ ਪਾ ਕੇ ਚਾਸ਼ਨੀ ਬਣਾ ਲਓ। ਤਿਲਾਂ ਨੂੰ ਹਲਕਾ ਭੂਰਾ ਕਰ ਲਓ। ਮੂੰਗਫਲੀ ਨੂੰ ਭੁੰਨ ਕੇ ਉਸ ਦਾ ਛਿਲਕਾ ਉਤਾਰੋ। ਮੂੰਗਫਲੀ ਨੂੰ ਹਲਕਾ ਪੀਸ ਲਓ। ਮੂੰਗਫਲੀ ਅਤੇ ਤਿਲਾਂ ਨੂੰ ਗੁੜ ਦੀ ਚਾਸ਼ਣੀ ਵਿਚ ਪਾਓ। ਠੰਢਾ ਹੋਣ ਲਈ ਰੱਖ ਦਿਓ ਅਤੇ ਲੱਡੂ ਬਣਾਓ।
ਮਟਰ ਬਰਫ਼ੀ
ਸਮੱਗਰੀ: ਹਰੇ ਮਟਰ- 800 ਗ੍ਰਾਮ, ਦੁੱਧ – 1 ਕੱਪ, ਖੋਆ- 225 ਗ੍ਰਾਮ, ਖੰਡ- 1 ਕੱਪ, ਕਿਸ਼ਮਿਸ਼-4, ਇਲਾਇਚੀ ਦਾਣੇ -1 ਚੁੰਢੀ, ਘਿਓ- 3 ਵੱਡੇ ਚਮਚ।
ਵਿਧੀ: ਪਹਿਲਾਂ ਮਟਰਾਂ ਨੂੰ ਛਿੱਲ ਕੇ ਧੋ ਕੇ ਪੀਸ ਲਓ। ਕੜਾਹੀ ਵਿਚ 2-3 ਚਮਚ ਘਿਓ ਪਾ ਕੇ ਮਟਰਾਂ ਨੂੰ ਫਰਾਈ ਕਰੋ। ਜਦੋਂ ਇਹ ਹਲਕੇ ਭੂਰੇ ਹੋ ਜਾਣ ਤਾਂ ਉਸ ਵਿਚ ਦੁੱਧ ਪਾ ਦਿਓ। ਫਿਰ ਉਸ ਵਿਚ ਚੀਨੀ ਅਤੇ ਖੋਆ ਮਿਲਾਓ ਜੋ ਸਮੱਗਰੀ ਬਚ ਗਈ ਉਹ ਵੀ ਪਾ ਦਿਓ ਅਤੇ ਠੰਢਾ ਹੋਣ ਲਈ ਰੱਖੋ, ਜਦੋਂ ਠੰਢਾ ਹੋ ਜਾਵੇ ਤਾਂ ਬਰਫ਼ੀ ਦੀ ਸ਼ੇਪ ਵਿਚ ਕੱਟ ਦਿਓ।
ਲੀਚੀ
ਸਮੱਗਰੀ: ਕੋਕੋਨਟ ਬੂਰਾ-200 ਗ੍ਰਾਮ, ਮਿਲਕ ਮੇਡ-800 ਗ੍ਰਾਮ, ਲਾਲ ਰੰਗ- 4-5 ਬੂੰਦਾਂ, ਖਸਖ਼ਸ-100 ਗ੍ਰਾਮ।
ਵਿਧੀ: ਮਿਲਕਮੇਡ ਵਿਚ ਕੋਕੋਨਟ ਬੂਰਾ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ ਅਤੇ ਉਸ ਦੀਆਂ ਲੀਚੀ ਦੀ ਸ਼ੇਪ ਦੀਆਂ ਗੋਲੀਆਂ ਬਣਾਓ। ਖਸਖਸ ਵਿਚ ਲਾਲ ਰੰਗ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਮਿਲਾਓ, ਜਦੋਂ ਤਕ ਕਿ ਖਸਖਸ ਲਾਲ ਰੰਗ ਦੀ ਹੋ ਜਾਵੇ। ਹੁਣ ਲੀਚੀ ਦੀ ਸ਼ੇਪ ਦੀਆਂ ਗੋਲੀਆਂ ਨੂੰ ਲਾਲ ਖਸਖਸ ਵਿਚ ਗੋਲ ਕਰੋ ਤਾਂ ਕਿ ਖਸਖਸ ਉਨ੍ਹਾਂ ਉੱਪਰ ਲੱਗ ਜਾਵੇ।