ਵਿਆਹ ਮਨੁੱਖੀ ਜੀਵਨ ਦਾ ਸਭ ਤੋਂ ਮਹੱਤਵਪੂਰਨ ਮੌਕਾ ਹੁੰਦਾ ਹੈ। ਵੱਖ ਵੱਖ ਸੱਭਿਆਚਾਰਾਂ ਵਿੱਚ ਇਸ ਮੌਕੇ ਨੂੰ ਹੋਰ ਰੰਗੀਨ, ਹੁਸੀਨ, ਯਾਦਗਾਰੀ ਤੇ ਮਨੋਰੰਜਕ ਬਣਾਉਣ ਅਤੇ ਤਤਕਾਲੀ ਵਿਵਹਾਰਕ ਜ਼ਰੂਰਤਾਂ ਵਰਗੇ ਕਈ ਉਦੇਸ਼ਾਂ ਦੀ ਪੂਰਤੀ ਨਾਲ ਬਹੁਤ ਸਾਰੀਆਂ ਰੀਤਾਂ, ਰਸਮਾਂ, ਰਿਵਾਜ ਵਿਆਹ ਨਾਲ ਜੁੜਦੇ ਗਏ ਹਨ। ਅਜਿਹਾ ਹੀ ਕੁਝ ਪੰਜਾਬੀ ਸੱਭਿਆਚਾਰ ਵਿੱਚ ਵੀ ਹੈ। ਪੰਜਾਬੀ ਵਿਆਹ ਨਾਲ ਸਬੰਧਤ ਬਹੁਤ ਸਾਰੇ ਰੀਤਾਂ, ਰਸਮਾਂ, ਰਿਵਾਜਾਂ ਵਿੱਚੋਂ ਬਹੁਤ ਸਾਰੀਆਂ ਕਿਸੇ ਨਾ ਕਿਸੇ ਪੱਖ ਤੋਂ ਅਰਥ ਭਰਪੂਰ ਅਤੇ ਵਕਤੀ ਮਹੱਤਵ ਤੇ ਜ਼ਰੂਰਤਾਂ ਦੇ ਧਾਰਨੀ ਹਨ।
ਸਮੇਂ ਨਾਲ ਬਦਲੀਆਂ ਸਥਿਤੀਆਂ, ਹਾਲਤਾਂ ਅਤੇ ਜ਼ਰੂਰਤਾਂ ਕਾਰਨ ਭਾਵੇਂ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਦੇ ਰੂਪ ਬਦਲੇ ਹਨ ਜਾਂ ਖ਼ਤਮ ਹੋ ਗਈਆਂ ਹਨ, ਪ੍ਰੰਤੂ ਕੁੱਝ ਕੁ ਰੀਤੀ, ਰਿਵਾਜ, ਰਸਮਾਂ ਪ੍ਰਤੀਕਾਤਮਕ ਤਰੀਕੇ ਨਾਲ ਹਾਲੇ ਵੀ ਪ੍ਰਚੱਲਿਤ ਹਨ। ਵਿਆਹ ਨਾਲ ਸਬੰਧਤ ਅਜਿਹੀ ਹੀ ਇੱਕ ਰਸਮ ਹੈ ‘ਤੇਲ ਚੋਣਾ’। ਮੌਜੂਦਾ ਸਮੇਂ ਇਹ ਰਸਮ ਕੇਵਲ ਵਿਆਹ ਸਮੇਂ ਹੀ ਨਹੀਂ, ਸਗੋਂ ਹੋਰ ਵੀ ਬਹੁਤ ਸਾਰੇ ਸ਼ੁਭ ਤੇ ਮਹੱਤਵਪੂਰਨ ਮੌਕਿਆਂ ਸਮੇਂ ਨਿਭਾਈ ਜਾਂਦੀ ਹੈ। ਇਸ ਰਸਮ ਅਨੁਸਾਰ ਕਿਸੇ ਸ਼ੁਭ ਕਾਰਜ, ਖ਼ਾਸ ਕਰਕੇ ਵਿਆਹ ਸਮੇਂ ਖ਼ਾਸ ਮਹਿਮਾਨਾਂ ਦੇ ਆਉਣ ਸਮੇਂ ਘਰ ਦੇ ਮੁੱਖ ਦਰਵਾਜ਼ੇ ਅੱਗੇ ਤੇਲ ਚੋਇਆ/ ਢਾਲਿਆ ਜਾਂਦਾ ਹੈ।
ਪੰਜਾਬੀ ਸੱਭਿਆਚਾਰ ਵਿੱਚ ਵਿਆਹ ਸਮੇਂ ਤੇਲ ਚੋਣ ਦੀ ਪਰੰਪਰਾ ਕਾਫ਼ੀ ਪੁਰਾਤਨ ਹੈ। ਇਸ ਦੀ ਪੁਰਾਤਨਤਾ ਦਾ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਦੇ ਰਾਗ ਗਉੜੀ ਵਿੱਚ ਦਰਜ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਤੋਂ ਮਿਲਦਾ ਹੈ। ਇਸ ਸ਼ਬਦ ਵਿੱਚ ਗੁਰੂ ਸਾਹਿਬ ਦੁਨਿਆਵੀ ਮਿਲਾਪ ਦੀ ਬਜਾਏ ਪਰਮਾਤਮਾ ਦੇ ਮਿਲਾਪ ਦਾ ਸਮਾਂ ਤੈਅ ਹੋਣ ਅਤੇ ਇਸ ਸਮੇਂ ਤੇਲ ਚੋਣ ਸਬੰਧੀ ਕੁਝ ਇਸ ਤਰ੍ਹਾਂ ਫਰਮਾਉਂਦੇ ਹਨ:
ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲ॥
ਦਰਵਾਜ਼ੇ ਤੇਲ ਚੋਣਾ ਕਿਸੇ ਖ਼ਾਸ ਮਹਿਮਾਣ ਦੇ ਘਰ ਆਉਣ ਦਾ ਪ੍ਰਤੀਕ ਹੈ। ਇਸ ਕਰਕੇ ਕਿਸੇ ਵੱਲੋਂ ਕਿਸੇ ਆਪਣੇ ਦੇ ਆਉਣ ਦੀ ਉਡੀਕ ਵਿੱਚ ਤੇਲ ਚੋਅ ਕੇ ਉਡੀਕ ਕਰਨ ਸਬੰਧੀ ਲੋਕ ਬੋਲੀਆਂ ਵਿੱਚ ਵੇਰਵਾ ਕੁੱਝ ਇਸ ਤਰ੍ਹਾਂ ਮਿਲਦਾ ਹੈ:
ਰਾਹ ਵਿੱਚ ਨੈਣ ਵਿਛਾ ਲਏ
ਅਸੀਂ ਤੇਲ ਬਰੂਹੀਂ ਚੋਇਆ
ਸਗਲੀ ਰਾਤ ਲੰਘਾ ਲਈ
ਅਸੀਂ ਕੌਲੇ ਨਾਲ ਖਲੋਇਆ।
ਪੰਜਾਬੀ ਵਿਆਹ ਵਿੱਚ ਨਾਨਕਿਆਂ ਦਾ ਕਾਫ਼ੀ ਮਹੱਤਵਪੂਰਨ ਸਥਾਨ, ਮਾਨ ਸਨਮਾਨ ਅਤੇ ਭੂਮਿਕਾ ਹੁੰਦੀ ਹੈ। ਨਾਨਕ ਛੱਕ ਭਰਨ ਆਏ ਨਾਨਕਿਆਂ ਵੱਲੋਂ ਨਾਨਕੇ ਮੇਲ ਦੀਆਂ ਮੇਲਣਾ ਪਿੰਡ ਦੇ ਫਲ੍ਹੇ ਵਿੱਚੋਂ ਦੀ ਹੁੰਦੀਆਂ ਹੋਈਆਂ ਬੰਬੀਹਾ ਬੁਲਾਉਂਦੀਆਂ ਵਿਆਹ ਵਾਲੇ ਘਰ ਵੱਲ ਵਧਦੀਆਂ ਹਨ। ਵਿਆਹ ਵਾਲੇ ਘਰ ਵਾਲੇ ਲੋਕ ਉਨ੍ਹਾਂ ਦੇ ਸਵਾਗਤ ਲਈ ਪੂਰੀ ਤਰ੍ਹਾਂ ਤਿਆਰ ਹੁੰਦੇ ਹਨ। ਵਿਆਹ ਵਾਲਾ ਘਰ ਨੇੜੇ ਆਉਂਦਿਆਂ ਨਾਨਕਾ ਮੇਲ ਦੀਆਂ ਮੇਲਣਾਂ ਆਪਣੇ ਗੀਤਾਂ ਵਿੱਚ ਸਬੰਧਤ ਘਰ ਵਾਲਿਆਂ ਨੂੰ ਤੇਲ ਚੋਅ ਕੇ ਸਵਾਗਤ ਕਰਨ ਲਈ ਕੁਝ ਇਸ ਤਰ੍ਹਾਂ ਕਹਿੰਦੀਆਂ:
ਆਉਂਦੀ ਕੁੜੀਏ, ਜਾਂਦੀ ਕੁੜੀਏ
ਲਾਹ ਲੈ ਕਿੱਕਰ ਤੋਂ ਛਾਪੇ
ਆ ਜਾ ਧੀਏ ਸਰਦਲ ’ਤੇ
ਤੇਲ ਚੋਅ ਨੀਂ, ਆਏ ਤੇਰੇ ਮਾਪੇ।
ਆ ਜਾ ਧੀਏ ਸਰਦਲ ’ਤੇ
ਵਿਆਹ ਵਾਲੇ ਘਰ ਦੀ ਲਾਗਣ ਸਰ੍ਹੋਂ ਦੇ ਤੇਲ ਨੂੰ ਦਰਵਾਜ਼ੇ ਅੱਗੇ ਚੋਣ ਲਈ ਉਪਯੋਗ ਕਰਦੀ ਹੈ। ਲਾਗਣ ਨਾਨਕੇ ਮੇਲ ਦੇ ਘਰ ਦੇ ਦਰਵਾਜ਼ੇੇ ’ਤੇੇ ਆਉਣ ’ਤੇ ਦਰਵਾਜ਼ੇ ਦੇ ਕੌਲਿਆਂ ’ਤੇ ਤੇਲ ਪਾਉਂਦੀ ਹੈ। ਇਸ ਦੇ ਬਦਲੇ ਤੇਲ ਢਲਾਈ ਦੇ ਸ਼ਗਨ ਵਜੋਂ ਕੁਝ ਰਾਸ਼ੀ ਨਾਨਕੇ ਪਰਿਵਾਰ ਵਾਲਿਆਂ ਵੱਲੋਂ ਲਾਗਣ ਨੂੰ ਦਿੱਤੀ ਜਾਂਦੀ ਹੈ। ਅਜਿਹਾ ਹੋਣ ਕਾਰਨ ਨਾਨਕਿਆਂ ਦੁਆਰਾ ਗਾਏ ਜਾਂਦੇ ਗੀਤਾਂ, ਦੋਹਿਆਂ, ਬੋਲੀਆਂ ਵਿੱਚ ਇਸ ਸਬੰਧੀ ਕੁੱਝ ਇਸ ਤਰ੍ਹਾਂ ਜ਼ਿਕਰ ਮਿਲਦਾ ਹੈ:
ਉੱਠ ਨੀਂ ਬੀਬੀ ਸੁੱਤੀਏ
ਨੀਂ ਮਾਮੇ ਤੇਰੜੇ ਆਏ
ਨਾਲ ਸੋਂਹਦੀਆਂ ਮਾਮੀਆਂ ਨੀਂ
ਮਾਮੇ ਨਾਨੀ ਦੇ ਜਾਏ
ਹੱਥਾਂ ਵਿੱਚ ਅੱਲ੍ਹੀਆਂ ਛਮਕਾਂ
ਊਠਾਂ ’ਤੇ ਚੜ੍ਹ ਆਏ
ਭੇਜ ਨੀਂ ਦਰਵਾਜ਼ੇੇ ਲਾਗਣ ਨੂੰ
ਆ ਕੌਲੇ ਤੇਲ ਨੀਂ ਪਾਏ।
ਇਸੇ ਤਰ੍ਹਾਂ ਵਿਆਹ ਸਮੇਂ ਨਾਨਕੀਆਂ-ਦਾਦਕੀਆਂ ਦੁਆਰਾ ਸਿੱਠਣੀਆਂ, ਗੀਤਾਂ ਤੇ ਬੋਲੀਆਂ ਵਿੱਚ ਨੋਕ ਝੋਕ ਚੱਲਦੀ ਰਹਿੰਦੀ ਹੈ। ਇਨ੍ਹਾਂ ਰਾਹੀਂ ਇੱਕ ਦੂਸਰੇ ’ਤੇ ਤੰਜ ਕਸਿਆ ਜਾਂਦਾ ਹੈ ਅਤੇ ਇਸ ਨਾਲ ਖੂਬ ਹਾਸਾ ਮਜ਼ਾਕ ਅਤੇ ਮਨੋਰੰਜਨ ਹੁੰਦਾ ਹੈ। ਅਜਿਹੇ ਸਮੇਂ ਦਾਦਕੀਆਂ ਵੱਲੋਂ ਨਾਨਕੀਆਂ ਨੂੰ ਗੀਤਾਂ ਰਾਹੀਂ ਤੇਲ ਚੋਣ ਸਬੰਧੀ ਕੁਝ ਇਸ ਤਰ੍ਹਾਂ ਕਿਹਾ ਜਾਂਦਾ:
ਕਰਤਾਰ ਕੁਰ ਨਖਰੋ
ਦਰਾਂ ਵਿੱਚ ਤੇਲ ਚੁਆ ਦਾਰੀਏ
ਨੀਂ ਮੇਲਣਾ ਆਈਆਂ ਦੇ
ਇਨ੍ਹਾਂ ਸੂਰੀਆਂ ਦਾ ਸ਼ਗਨ ਮਨਾ ਦਾਰੀਏ।
ਕੇਵਲ ਨਾਨਕੇ ਮੇਲ ਦਾ ਹੀ ਨਹੀਂ, ਸਗੋਂ ਹੋਰ ਵੀ ਖ਼ਾਸ ਮਹਿਮਾਨਾਂ ਦੇ ਆਉਣ ਸਮੇਂ ਤੇਲ ਚੋਅ ਕੇ ਸਵਾਗਤ ਕੀਤਾ ਜਾਂਦਾ। ਵਿਆਹ ਕੇ ਆਈ ਨਵ ਵਿਆਹੁਤਾ ਦਾ ਸਵਾਗਤ ਵੀ ਤੇਲ ਚੋਅ ਕੇ ਕੀਤਾ ਜਾਂਦਾ। ਸਾਹਿਬਾ ਦੁਆਰਾ ਅਜਿਹੀ ਹੀ ਇੱਛਾ ਦਾ ਪ੍ਰਗਟਾਵਾ ਗੀਤਾਂ ਵਿੱਚ ਕੁਝ ਇਸ ਤਰ੍ਹਾਂ ਕੀਤਾ ਮਿਲਦਾ ਹੈ:
ਮੇਰੇ ਮਾਪਿਆਂ ਦੇ ਰਹਿ ਗਏ ਵਿੱਚੇ ਚਾਅ ਅੜਿਆ।
ਕਿਤੇ ਚੱਲ ਕੇ ਤੂੰ ਤੇਲ ਚੁਆ ਅੜਿਆ।
ਵਿਆਹ ਸਮੇਂ ਤੇਲ ਚੋਣ ਦੀ ਰਸਮ ਵਿਆਹ ਦੀਆਂ ਸਭ ਤੋਂ ਮਹੱਤਵਪੂਰਨ ਰਸਮਾਂ ਵਿੱਚੋਂ ਹੈ। ਅਜਿਹਾ ਹੋਣ ਕਾਰਨ ਲੋਕ ਗੀਤਾਂ, ਬੋਲੀਆਂ ਆਦਿ ਵਿੱਚ ਵਿਆਹ ਦੀਆਂ ਦੂਸਰੀਆਂ ਰਸਮਾਂ ਨਾਲ ਇਸ ਰਸਮ ਦਾ ਜ਼ਿਕਰ ਵੀ ਕੁਝ ਇਸ ਤਰ੍ਹਾਂ ਮਿਲਦਾ ਹੈ:
ਛੜਾ ਛੜੇੇ ਨਾਲ ਕਰੇ ਸਲਾਹਾਂ
ਬਈ ਆਪਾਂ ਵੀ ਵਿਆਹ ਕਰਵਾਈਏ
ਗੀਤ ਗਾਉਂਦਾ ਮੇਲ ਆਉਗਾ
ਆਪਣੇ ਬੂਹੇ ਵੀ ਤੇਲ ਚੁਆਈਏ
ਬਈ ਜਿਹੜੀ ਆਪਣੇ ਵਿਆਹ ਕੇ ਆਓ
ਉਹਨੂੰ ਛੱਜ ਟੂੰਮਾਂ ਦਾ ਪਾਈਏ।
ਤੇਲ ਚੋਣਾ/ਢਾਲਣਾ ਅਸਲ ਵਿੱਚ ਪੁਰਾਤਨ ਸਮੇਂ ਪੰਜਾਬੀਆਂ ਦੀਆਂ ਜ਼ਰੂਰਤ ਵਿੱਚੋਂ ਉਪਜੀ ਰਸਮ ਹੈ। ਪਹਿਲਾਂ ਘਰਾਂ ਦੇ ਮੁੱਖ ਦਰਵਾਜ਼ੇ ਲੱਕੜ ਦੇ ਬਣੇ ਹੁੰਦੇ ਸਨ ਅਤੇ ਉਨ੍ਹਾਂ ਦੀਆਂ ਚੂਲਾਂ ਵੀ ਲੱਕੜ ਦੀਆਂ ਹੁੰਦੀਆਂ ਸਨ। ਮੁੱਖ ਦਰਵਾਜ਼ੇ ਨੂੰ ਵਿਸ਼ੇਸ਼ ਜ਼ਰੂਰਤਾਂ ਜਾਂ ਮੌਕਿਆਂ ਸਮੇਂ ਹੀ ਖੋਲ੍ਹਿਆ ਜਾਂਦਾ ਸੀ ਅਤੇ ਆਮ ਹਾਲਤਾਂ ਵਿੱਚ ਜ਼ਿਆਦਾਤਰ ਬੰਦ ਰਹਿੰਦੇ ਸਨ। ਘਰ ਦੇ ਮੁੱਖ ਦਰਵਾਜ਼ਿਆਂ ਦੇ ਵਿਚਕਾਰ ਛੋਟੀ ਤਾਕੀ ਹੁੰਦੀ ਸੀ, ਜਿਸ ਨੂੰ ਆਮ ਵਰਤੋਂ ਲਈ ਖੋਲ੍ਹਿਆ ਜਾਂਦਾ ਸੀ। ਕਦੇ ਕਦਾਈ ਖੋਲ੍ਹਣ ਕਾਰਨ ਦਰਵਾਜ਼ੇ ਦੀਆਂ ਚੂਲਾਂ ਨਮੀ ਜਾਂ ਮਿੱਟੀ ਪੈਣ ਕਾਰਨ ਦਰਵਾਜ਼ਾ ਖੋਲ੍ਹਣ ਸਮੇਂ ਆਵਾਜ਼ ਪੈਦਾ ਕਰਨ ਲੱਗਦੇ ਸਨ। ਵਿਆਹ ਵਰਗੇ ਖ਼ਾਸ ਮੌਕਿਆਂ ’ਤੇ ਸਾਰੇ ਦਰਵਾਜ਼ੇ ਨੂੰ ਖੋਲ੍ਹਣ ਦੀ ਜ਼ਰੂਰਤ ਹੋਣ ਕਾਰਨ ਮੁੱਖ ਦਰਵਾਜ਼ੇ ਦੀਆਂ ਚੂਲਾਂ ਨੂੰ ਤੇਲ ਲਗਾ ਕੇ ਰੈਲਾ ਕੀਤਾ ਜਾਂਦਾ। ਖ਼ਾਸ ਮਹਿਮਾਨਾਂ ਦੀ ਆਮਦ ਸਮੇਂ ਵਿਸ਼ੇਸ਼ ਰੂਪ ਵਿੱਚ ਇਸ ਗੱਲ ਦਾ ਖਿਆਲ ਰੱਖਿਆ ਜਾਂਦਾ ਕਿ ਦਰਵਾਜ਼ੇ ਖੋਲ੍ਹਣਾ ਸੁੁਖਾਲਾ ਹੋਵੇ ਅਤੇ ਉਨ੍ਹਾਂ ਨੂੰ ਦਰਵਾਜ਼ੇ ਖੋਲ੍ਹਣ ਸਮੇਂ ਆਵਾਜ਼ ਸੁਣਾਈ ਨਾ ਦੇਵੇ। ਇਸ ਕਰਕੇ ਉਸ ਸਮੇਂ ਉਚੇਚੇ ਰੂਪ ਵਿੱਚ ਦਰਵਾਜ਼ੇ ਦੀਆਂ ਚੂਲਾਂ ਨੂੰ ਤੇਲ ਲਗਾਇਆ ਜਾਂਦਾ।
ਸਰ੍ਹੋਂ ਦੇ ਤੇਲ ਦੀ ਵਰਤੋਂ ਦਾ ਇੱਕ ਕਾਰਨ ਉੁਸ ਸਮੇਂ ਸਥਾਨਕ ਪੱਧਰ ’ਤੇ ਤੇਲ ਬੀਜ ਸਰੋਂ ਦੀ ਫ਼ਸਲ ਬਹੁਤਾਤ ਵਿੱਚ ਹੋਣ ਕਾਰਨ ਇਸ ਦੀ ਉਪਬੱਧਤਾ ਅਤੇ ਇਸ ਤੇਲ ਵਿੱਚ ਚੰਗੀ ਚਕਨਾਹਟ ਦਾ ਹੋਣਾ ਸੀ। ਉਸ ਸਮੇਂ ਦੀ ਇਹ ਜ਼ਰੂਰਤ ਸਮੇਂ ਨਾਲ ਖੁਸ਼ੀ ਦੇ ਮੌਕਿਆਂ ’ਤੇ ਤੇਲ ਚੋਅ ਕੇ ਵਿਸ਼ੇਸ਼ ਮਹਿਮਾਨ ਦੇ ਸਵਾਗਤ ਦਾ ਪ੍ਰਤੀਕ ਬਣ ਗਈ। ਮੌਜੂਦਾ ਸਮੇਂ ਬੇਸ਼ੱਕ ਆਮ ਕਰਕੇ ਲੱਕੜ ਦੀਆਂ ਚੂੁਲਾਂ ਵਾਲੇ ਦਰਵਾਜ਼ੇ ਨਹੀਂ ਰਹੇ, ਪਰ ਫਿਰ ਵੀ ਵਿਆਹ ਵਰਗੇ ਖ਼ਾਸ ਮੌਕਿਆਂ ’ਤੇ ਤੇਲ ਚੋਇਆ ਜਾਂਦਾ ਹੈ। ਇਸ ਤਰ੍ਹਾਂ ਇਹ ਰਸਮ ਮੌਜੂਦਾ ਸਮੇਂ ਵੀ ਪ੍ਰਤੀਕਾਤਮਕ ਰੂਪ ਵਿੱਚ ਜਾਰੀ ਹੈ। ਤੇਲ ਚੋਣਾ ਅਜੋਕੇ ਸਮੇਂ ਵਿਆਹ ਵਰਗੇ ਮੌਕੇ ਪਹੁੰਚੇ ਖ਼ਾਸ ਲੋਕਾਂ ਦਾ ਸਵਾਗਤ ਕਰਨ ਦੇ ਪ੍ਰਤੀਕ ਦੇ ਰੂਪ ਵਿੱਚ ਜਾਰੀ ਹੈ।
ਸੰਪਰਕ: 81469-24800