ਡਾ. ਹਰਨੇਕ ਸਿੰਘ ਕਲੇਰ
‘ਰੌਸ਼ਨੀ।’
‘ਆਈ ਦਾਦੀ ਜੀ।’
‘ਆਹ ਮੈਨੂੰ ਪਾਣੀ ਫੜਾ, ਕੀ ਕਰ ਰਹੀ ਸੀ ਤੂੰ।’
‘ਦਾਦੀ ਜੀ ਮੈਂ ਪੜ੍ਹ ਰਹੀ ਸੀ।’
‘ਠੀਕ ਆ। ਪੜ੍ਹਾਈ ਤਾਂ ਬਹੁਤ ਚੰਗੀ ਗੱਲ ਆ, ਪੜ੍ਹਾਈ ਬਿਨਾਂ ਬੰਦਾ ਕਾਸੇ ਜੋਗਾ ਨੀ। ਲੈ ਮੈਂ ਆਰਾਮ ਕਰਦੀ ਆਂ, ਤੂੰ ਆਪਣੀ ਪੜ੍ਹਾਈ ਕਰ ਲੈ। ਜਾਂਦੀ-ਜਾਂਦੀ ਪਾਣੀ ਦੀ ਗੜ੍ਹਵੀ ਤੇ ਗਲਾਸ ਮੇਰੇ ਕੋਲ ਰੱਖ ਦੇ, ਮੇਰੀ ਰਾਣੀ ਧੀ।’ ਅਮਰੋ ਸਿਰ ਲਪੇਟ ਕੇ ਪੈ ਗਈ।
‘ਮੈਂ ਸਿਰ ਘੁੱਟ ਦਿੰਨੀਂ ਆ ਦਾਦੀ ਜੀ, ਲੈਸਨ ਤਾਂ ਮੈਨੂੰ ਆਉਂਦਾ ਈ ਆ, ਮੈਂ ਤਾਂ ਦੁਹਰਾਈ ਕਰਦੀ ਸੀ।’ ਰੌਸ਼ਨੀ ਦਾਦੀ ਦਾ ਸਿਰ ਦਬਾਉਣ ਲੱਗ ਪਈ।
‘ਤੇਰੇ ਅਰਗੀਆਂ ਧੀਆਂ ਘਰ-ਘਰ ਜੰਮਣ ਪੁੱਤ।’ ਦਾਦੀ ਨੇ ਆਪਣਾ ਘੜਿਆ-ਘੜਾਇਆ ਡਾਇਲਾਗ ਬੋਲ ਦਿੱਤਾ।
ਰੌਸ਼ਨੀ ਚੁੱਪ ਰਹੀ। ਉਹ ਛੇਵੀਂ ਜਮਾਤ ਵਿਚ ਪੜ੍ਹਦੀ ਸੀ। ਪੜ੍ਹਾਈ ਵਿਚ ਹੁਸ਼ਿਆਰ ਸੀ। ਡਰਾਇੰਗ ਅਜਿਹੀ ਕਰਦੀ ਸੀ ਕਿ ਜਮਾਤ ਦੇ ਵਿਦਿਆਰਥੀ ਤਾਂ ਕੀ, ਅਧਿਆਪਕ ਵੀ ਉਸ ਨੂੰ ਚਿੱਤਰਕਾਰ ਰੌਸ਼ਨੀ ਕਹਿਣ ਲੱਗ ਪਏ ਸਨ। ਰੌਸ਼ਨੀ ਵੱਲੋਂ ਪੜ੍ਹਾਈ ਦੇ ਨਾਲ ਘਰੇਲੂ ਕੰਮਾਂ ਵਿਚ ਦਿਲਚਸਪੀ ਹੋਣ ਸਦਕਾ ਦਾਦੀ ਉਸ ਨੂੰ ਬਹੁਤ ਪਿਆਰ ਕਰਦੀ ਸੀ। ਉਸ ਦੇ ਮੰਮੀ, ਡੈਡੀ ਕੋਲ ਤਾਂ ਟਾਈਮ ਨਹੀਂ ਸੀ। ਹਰ ਦਿਨ ਰੋਟੀ ਕਮਾ ਕੇ ਖਾਣ ਵਾਲੇ ਮਾਪਿਆਂ ਕੋਲ ਬੱਚਿਆਂ ਦੀ ਪੜ੍ਹਾਈ ਵੱਲ ਵਕਤ ਦੇਣ ਦਾ ਸਮਾਂ ਕਿੱਥੇ ? ਉਸ ਦੀ ਦਾਦੀ ਉਸ ਨੂੰ ਪੜ੍ਹਾਈ ਲਈ ਪ੍ਰੇਰਿਤ ਕਰਦੀ ਰਹਿੰਦੀ, ‘ਮੇਰੀ ਰਾਣੀ ਧੀ ਪੜ੍ਹ-ਲਿਖ ਕੇ ਕੋਈ ਨੌਕਰੀ ਕਰਨੀ ਆਂ, ਮਾਂ, ਬਾਪ ਦੇ ਘਰੇਲੂ ਕੰਮਾਂ ਤੋਂ ਅੱਗੇ ਨਿਕਲਣਾ।’ ਰੌਸ਼ਨੀ, ਦਾਦੀ ਦੀ ਗੱਲ ਧਿਆਨ ਨਾਲ ਸੁਣਦੀ ਤੇ ਆਖਦੀ, ‘ਡਰਾਇੰਗ ਵਾਲੇ ਮਾਸਟਰ ਜੀ ਵੀ ਮੈਨੂੰ ਇਹੋ ਸਮਝਾਉਂਦੇ ਨੇ ਦਾਦੀ ਜੀ। ਮੈਂ ਸਕੂਲ ਨੂੰ ਸਜਾਉਣ ਖਾਤਰ ਮਾਸਟਰ ਜੀ ਦਾ ਹੱਥ ਵਟਾਉਂਦੀ ਆਂ। ਸਾਰੇ ਅਧਿਆਪਕ ਮੈਨੂੰ ਪਿਆਰ ਕਰਦੇ ਨੇ।’ ਉਹ ਬੋਲਦੀ ਰਹੀ। ਕੁਝ ਦੇਰ ਬਾਅਦ ਉਸ ਨੂੰ ਅਹਿਸਾਸ ਹੋਇਆ ਕਿ ਦਾਦੀ ਤਾਂ ਸੌਂ ਗਈ। ਫਿਰ ਉਹ ਦਾਦੀ ਉੱਤੇ ਕੱਪੜਾ ਦੇ ਕੇ ਪੜ੍ਹਨ ਜਾ ਲੱਗੀ।
ਜਦੋਂ ਸਕੂਲ ਨੂੰ ਸਜਾਉਣ ਦੀ ਗੱਲ ਤੁਰੀ ਤਾਂ ਡਰਾਇੰਗ ਮਾਸਟਰ ਦਲਜੀਤ ਸਿੰਘ ਖਾਕਾ ਤਿਆਰ ਕਰ ਦਿੰਦੇ ਤੇ ਉਹ ਬਹੁਤ ਹੀ ਰੀਝ ਨਾਲ ਰੰਗ ਭਰਦੀ। ਸਕੂਲ ਦੀਆਂ ਕੰਧਾਂ ’ਤੇ ਵਾਹੇ ਚਿੜੀਆਂ, ਮੋਰ, ਤੋਤਿਆਂ ਵਿਚ ਰੰਗ ਭਰਦੀ-ਭਰਦੀ ਉਹ ਬਿਲਕੁਲ ਨਾ ਅੱਕਦੀ ਤੇ ਨਾ ਹੀ ਥੱਕਦੀ। ਡਰਾਇੰਗ ਮਾਸਟਰ ਦਲਜੀਤ ਸਿੰਘ ਵੱਲੋਂ ਸਕੂਲ ਦੀਆਂ ਕੰਧਾਂ ’ਤੇ ਲਿਖੇ ਮਾਟੋਆਂ ਦੇ ਖਾਕਿਆਂ ਵਿਚ ਰੰਗ ਭਰਦੀ-ਭਰਦੀ ਰੌਸ਼ਨੀ ਆਪ ਵੀ ਵਧੀਆ ਮਾਟੋ ਲਿਖਣ ਲੱਗ ਪਈ। ਦਲਜੀਤ ਸਿੰਘ ਵੱਲੋਂ ਦੱਸੇ ਅੱਖਰਕਾਰੀ ਦੇ ਨੁਕਤਿਆਂ ਅਨੁਸਾਰ ਉਹ ਨਮੂਨੇ ਦੀ ਸੁੰਦਰ ਲਿਖਾਈ ਸਿੱਖ ਗਈ।
ਇਕ ਦਿਨ ਸਕੂਲ ਦੇ ਹੈੱਡਮਾਸਟਰ ਸਾਹਿਬ ਆਪ ਕੰਮ ਦੇਖਣ ਆ ਗਏ। ਉਨ੍ਹਾਂ ਨੇ ਰੌਸ਼ਨੀ ਨੂੰ ਬਹੁਤ ਲਗਨ ਨਾਲ ਕੰਮ ਕਰਦਿਆਂ ਦੇਖ ਕੇ ਡਰਾਇੰਗ ਮਾਸਟਰ ਨੂੰ ਕਿਹਾ,‘ਮਾਸਟਰ ਜੀ ਇਸ ਕੁੜੀ ਦਾ ਹੱਥ ਤਾਂ ਬਹੁਤ ਸਾਫ਼ ਆ, ਇਸ ਨੂੰ ਮੁਕਾਬਲੇ ਵਿਚ ਭੇਜਿਆ ਕਰੋ।’
‘ਜੀ ਸਰ, ਇਸ ਵਾਰ ਇਸ ਨੂੰ ਸੁੰਦਰ ਲਿਖਾਈ ਮੁਕਾਬਲੇ ਵਿਚ ਭੇਜਾਂਗੇ। ਮੈਨੂੰ ਪੂਰੀ ਆਸ ਐ ਜਿੱਤ ਕੇ ਆਵੇਗੀ। ਛੇਵੀਂ ਦੀ ਵਿਦਿਆਰਥਣ ਐ ਜੀ।’
‘ਹੋਣਹਾਰ ਵਿਦਿਆਰਥਣ ਆ ਜੀ।’ ਪੰਜਾਬੀ ਵਾਲੇ ਮਾਸਟਰ ਰਾਬਿੰਦਰ ਰੱਬੀ ਇੱਥੇ ਪਹੁੰਚ ਗਏ ਸਨ, ਉਨ੍ਹਾਂ ਨੇ ਵੀ ਹਾਮੀ ਭਰ ਦਿੱਤੀ। ਰੌਸ਼ਨੀ ਚੁੱਪ-ਚਾਪ ਕੰਮ ਕਰਦੀ ਰਹੀ। ਮਨ ਤੋਂ ਉਹ ਬਹੁਤ ਖੁਸ਼ ਸੀ ਕਿ ਦਾਦੀ ਨੂੰ ਦੱਸੇਗੀ ਤਾਂ ਉਹ ਬਹੁਤ ਖ਼ੁਸ਼ ਹੋਵੇਗੀ। ਉਸ ਦਿਨ ਹੋਇਆ ਇੰਜ ਕਿ ਰੌਸ਼ਨੀ ਦੇ ਘਰ ਪਹੁੰਚਣ ਤੋਂ ਪਹਿਲਾਂ ਉਸ ਦੀ ਗੁਆਂਢਣ ਚਾਂਦਨੀ ਨੇ ਉਸ ਦੀ ਦਾਦੀ- ਮਾਂ ਨੂੰ ਦੱਸ ਦਿੱਤਾ ਸੀ। ਆਪਣੀ ਖੂੰਡੀ ਦੇ ਸਹਾਰੇ ਦਰਵਾਜ਼ੇ ਵਿਚ ਖੜ੍ਹੀ ਦਾਦੀ ਨੇ ਉਸ ਨੂੰ ਬੁੱਕਲ ਵਿਚ ਲੈ ਲਿਆ। ਰੌਸ਼ਨੀ ਡਰਾਇੰਗ ਤੋਂ ਬਿਨਾਂ ਹਿਸਾਬ ਤੇ ਅੰਗਰੇਜ਼ੀ ਨੂੰ ਵੀ ਮੂਹਰੇ ਲਾ ਲੈ ਮੇਰੀ ਰਾਣੀ-ਧੀ।’
‘ਮੈਂ ਤਾਂ ਸਾਰੇ ਵਿਸ਼ਿਆਂ ਵਿਚੋਂ ਫਸਟ ਆਈ ਸੀ ਦਾਦੀ ਜੀ। ਤੁਹਾਨੂੰ ਪਤਾ ਤਾਂ ਹੈ, ਮੈਂ ਤੁਹਾਨੂੰ ਦੱਸਿਆ ਵੀ ਸੀ।’ ਹੁਣ ਤਾਂ ਮਾਸਟਰ ਜੀ ਮੈਨੂੰ ਸੁੰਦਰ ਲਿਖਾਈ ਮੁਕਾਬਲੇ ਵਿਚ ਭੇਜਣਗੇ।
‘ਲਿਖਾਈ ਤਾਂ ਤੇਰੀ ਪਹਿਲਾਂ ਈ ਮੋਤੀਆਂ ਵਰਗੀ ਆ ਰੌਸ਼ਨੀ ਧੀਏ।’ ਰੌਸ਼ਨੀ ਦੀ ਮੰਮੀ ਨੇ ਆ ਕੇ ਉਸ ਦੇ ਮੋਢੇ ਵਿਚੋਂ ਬੈਗ ਲਾਹ ਲਿਆ।
‘ਚਾਂਦਨੀ ਸਾਈਕਲ ’ਤੇ ਆਉਂਦੀ ਐ ਨਾ, ਉਸ ਨੇ ਪਹਿਲਾਂ ਆ ਕੇ ਘਰ ਖ਼ਬਰ ਦੇ ਦਿੱਤੀ ਸੀ।’
‘ਕੋਈ ਨਾ ਧੀਏ, ਤੂੰ ਹੁਣ ਵੱਡੀ ਜਮਾਤ ਵਿਚ ਹੋ ਗੀ, ਤੈਨੂੰ ਵੀ ਲੈ ਦਿਆਂਗੇ ਸਾਈਕਲ। ਆ ਜਾ ਤੂੰ ਰੋਟੀ ਖਾ ਲੈ।’ ਰੌਸ਼ਨੀ ਦੀ ਮੰਮੀ ਉਸ ਨੂੰ ਬੁੱਕਲ ਵਿਚ ਲੈ ਕੇ ਅੰਦਰ ਲੈ ਗਈ। ਅੱਜ ਤੋਂ ਬਾਅਦ ਰੌਸ਼ਨੀ ਹੋਰ ਵਧੇਰੇ ਮਿਹਨਤ ਨਾਲ ਪੜ੍ਹਨ ਲੱਗ ਪਈ। ਉਸ ਨੇ ਸੁੰਦਰ ਲਿਖਾਈ ਲਈ ਵੱਖਰੀ ਕਾਪੀ ਲਾ ਲਈ। ਸਕੂਲ ਵਿਚ ਮਾਸਟਰ ਦਲਜੀਤ ਸਿੰਘ ਉਸ ਨੂੰ ਸੁੰਦਰ ਲਿਖਾਈ ਕਰਨ ਦੇ ਨੁਕਤੇ ਸਮਝਾਉਂਦਾ। ਪੰਜਾਬ ਸਕੂਲ ਸਿੱਖਿਆ ਬੋਰਡ ਦਾ ਇਹ ਮੁਕਾਬਲਾ ਡਰਾਇੰਗ ਮਾਸਟਰ ਲਈ ਚੁਣੌਤੀ ਬਣ ਗਿਆ ਸੀ। ਪੰਜਾਬੀ ਅਧਿਆਪਕ ਰਾਬਿੰਦਰ ਰੱਬੀ ਨੇ ਸੁੰਦਰ ਲਿਖਾਈ ਕਰਨ ਲਈ ਕਈ ਪਹਿਰੇ ਦਿੱਤੇ ਜੋ ਸਿੱਖਿਆਦਾਇਕ ਸਨ। ਰੱਬੀ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਆਪ ਤਿਆਰ ਕਰ ਰਹੇ ਸਨ। ਉਹ ਚਾਂਦਨੀ ਨੂੰ ਲੇਖ, ਦਰਸ਼ਨ ਨੂੰ ਕਵਿਤਾ, ਸਵਰਨ ਨੂੰ ਗੀਤ ਅਤੇ ਜਗਦੇਵ ਸਿੰਘ ਨੂੰ ਲੋਕ- ਗੀਤ ਤਿਆਰ ਕਰਵਾ ਰਹੇ ਸਨ।
ਇਸ ਵਾਰ ਸਕੂਲ ਦੀ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੀ ਟੀਮ ਪੂਰੀ ਮਿਹਨਤ ਨਾਲ ਤਿਆਰੀ ਕਰ ਰਹੀ ਸੀ। ਇਨ੍ਹਾਂ ਦਿਨਾਂ ਵਿਚ ਸਾਰੇ ਸਕੂਲ ਵਿਚ ਇਕ ਵਿਸ਼ੇਸ਼ ਤਰ੍ਹਾਂ ਦਾ ਸੰਗੀਤਕ ਮਾਹੌਲ ਸੀ। ਹਰ ਵਿਦਿਆਰਥੀ ਆਪਣੇ ਆਪ ਨੂੰ ਮੁਕਾਬਲਿਆਂ ਵਿਚ ਭਾਗੀਦਾਰ ਸਮਝਦਾ ਸੀ। ਸਕੂਲ ਵਿਚ ਰੌਸ਼ਨੀ ਖਿੱਚ ਦਾ ਕੇਂਦਰ ਸੀ ਕਿਉਂਕਿ ਉਸ ਨੇ ਡਰਾਇੰਗ ਮਾਸਟਰ ਨਾਲ ਲਗਾਤਾਰ ਮਹੀਨਾ ਭਰ ਰੰਗਾਂ ਤੇ ਬੁਰਸ਼ ਨਾਲ ਸਕੂਲ ਨੂੰ ਸਿੱਖਿਆਦਾਇਕ ਲੋਗੋ ਤੇ ਸੁੰਦਰ ਤਸਵੀਰਾਂ ਨਾਲ ਸਜਾ ਦਿੱਤਾ ਸੀ।
ਆਖਰ ਉਹ ਦਿਨ ਆ ਗਿਆ। ਰੌਸ਼ਨੀ ਲਈ ਸੁਭਾਗਾ ਦਿਨ। ਮੁਕਾਬਲਿਆਂ ਬਾਰੇ ਖ਼ਬਰਾਂ ਛਪੀਆਂ ਸਨ। ਵਿਸ਼ੇਸ਼ ਗੱਲ ਇਹ ਹੋਈ ਕਿ ਰੌਸ਼ਨੀ ਦੀ ਸੁੰਦਰ ਲਿਖਾਈ ਕਰਦੀ ਦੀ ਫੋਟੋ ਅਖ਼ਬਾਰ ਵਿਚ ਛਪੀ ਸੀ। ਐਤਵਾਰ ਦਾ ਦਿਨ ਸੀ ਮੈਂਬਰ ਪੰਚਾਇਤ ਬਲਜੀਤ ਸਿੰਘ ਅਖ਼ਬਾਰ ਲੈ ਕੇ ਉਨ੍ਹਾਂ ਦੇ ਘਰ ਆਇਆ ਬੈਠਾ ਸੀ। ਉਸ ਦਾ ਡੈਡੀ ਆਖ ਰਿਹਾ ਸੀ ਮੈਂਬਰ ਸਾਹਿਬ ਮੈਂ ਆਪ ਪੇਂਟਰ ਹਾਂ, ਪਰ ਮੈਂ ਤਾਂ ਕਦੇ ਇਸ ਨੂੰ ਕੁਝ ਨਹੀਂ ਸਿਖਾਇਆ। ਹੁਣ ਜਦੋਂ ਇਸ ਨੇ ਜ਼ਿਲ੍ਹੇ ਦੇ ਮੁਕਾਬਲਿਆਂ ਵਿਚ ਫਸਟ ਆ ਕੇ ਆਪਣੀ ਪ੍ਰਤਿਭਾ ਸਾਬਤ ਕਰ ਦਿੱਤੀ ਹੈ ਤਾਂ ਮੈਂ ਹੁਣ ਇਸ ਨੂੰ ਪੇਟਿੰਗ ਸਿਖਾਵਾਂਗਾ। ਪੰਚ ਬਲਜੀਤ ਸਿੰਘ ਤਾਂ ਮੂੰਹ ਮਿੱਠਾ ਕਰਕੇ ਚਲਾ ਗਿਆ। ਰੌਸ਼ਨੀ ਦੇ ਡੈਡੀ ਯਸਪਾਲ ਦੀ ਖੁਸ਼ੀ ਸਾਂਭੀ ਨਹੀਂ ਸੀ ਜਾਂਦੀ।
‘ਕੁੜੀ ਨੇ ਕਮਾਲ ਕਰਤੀ ਸ਼ਾਂਤੀ।’ ਯਸਪਾਲ ਸ਼ਾਂਤੀ ਦੇ ਕੋਲ ਬੈਠਦਾ ਬੋਲਿਆ।
‘ਤਾਹਡੇ ’ਤੇ ਗਈ ਆ।’ ਦਾਲ ਚੁਗਦੀ ਸ਼ਾਂਤੀ ਨੇ ਸਹਿਜ ਸੁਭਾਅ ਜੁਆਬ ਦਿੱਤਾ।
‘ਕੁੜੀਆਂ ਪੇਂਟਰ ਘੱਟ ਈ ਬਣਦੀਆਂ ਨੇ। ਮੈਂ ਸੋਚਦਾ ਇਸ ਨੂੰ ਪੇਂਟਰ ਹੀ ਬਣਾਇਆ ਜਾਵੇ।’
‘ਪੇਂਟਰ ਨਹੀਂ, ਮੈਂ ਚਿੱਤਰਕਾਰ ਬਣਾਂਗੀ। ਮੇਰੇ ਅਧਿਆਪਕ ਇਹੋ ਕਹਿੰਦੇ ਨੇ।’ ਰੌਸ਼ਨੀ ਦਾਦੀ- ਮਾਂ ਦੀ ਮੰਜੀ ਦੀ ਬਾਹੀ ’ਤੇ ਬੈਠੀ ਮੁਸਕਰਾ ਰਹੀ ਸੀ।
‘ਰੌਸ਼ਨੀ ਤੂੰ ਮੇਰੀ ਐਨਕ ਫੜਾ, ਮੈਂ ਅਖ਼ਬਾਰ ਵਿਚ ਛਪੀ ਤੇਰੀ ਫੋਟੋ ਦੇਖਾਂ। ਲਿਆ ਵੇ ਮੁੰਡਿਆ ਅਖ਼ਬਾਰ ਮੈਨੂੰ ਫੜਾ ਮੇਰੀ ਪੋਤੀ ਨੇ ਇਲਾਕੇ ਵਿਚ ਪਿੰਡ ਦਾ ਨਾਂ ਰੌਸ਼ਨ ਕੀਤਾ।’ ਘਰ ਦੇ ਬੂਹੇ ਵਿਚ ਮੰਜੀ ’ਤੇ ਪਈ ਦਾਦੀ ਮਾਂ ਉੱਠ ਕੇ ਬੈਠ ਗਈ।
ਦੂਜੇ ਦਿਨ ਚਾਰ ਪੰਜ ਕੁੜੀਆਂ ਦੇ ਵਿਚਕਾਰ ਸਕੂਲ ਨੂੰ ਤੁਰੀ ਜਾਂਦੀ ਰੌਸ਼ਨੀ ਸੋਚ ਰਹੀ ਸੀ ਕਿ ਜੇਕਰ ਸਰਪੰਚ ਸਾਹਿਬ ਸਾਰੇ ਪਿੰਡ ਵਿਚ ਸੁੰਦਰ ਚਿੱਤਰ ਤੇ ਲੋਗੋ ਲਿਖਣ ਦੀ ਆਗਿਆ ਦੇ ਦੇਣ ਤਾਂ ਸਾਡਾ ਪਿੰਡ ਜ਼ਿਲ੍ਹੇ ਦਾ ਵਧੀਆ ਪਿੰਡ ਬਣ ਜਾਵੇਗਾ।
‘ਇਹ ਆ ਰੌਸ਼ਨੀ, ਯਸਪਾਲ ਪੇਂਟਰ ਦੀ ਕੁੜੀ।’ ਪੰਚ ਬਲਜੀਤ ਸਿੰਘ ਨੇ ਸਰਪੰਚ ਨੂੰ ਦੱਸਿਆ। ਸਾਰੀਆਂ ਕੁੜੀਆਂ ਹੱਥ ਜੋੜ ਕੇ ਖੜ੍ਹ ਗਈਆਂ।
‘ਚਲੋ ਪੁੱਤ ਮੈਂ ਸਕੂਲ ਆ ਰਿਹਾ।’ ਸਰਪੰਚ ਨੇ ਰੌਸ਼ਨੀ ਦੇ ਸਿਰ ’ਤੇ ਹੱਥ ਰੱਖਦਿਆਂ ਕਿਹਾ।
ਦੁਪਹਿਰ ਵੇਲੇ ਸਕੂਲ ਵਿਚ ਇਨਾਮਾਂ ਦੀ ਵੰਡ ਲਈ ਪ੍ਰੋਗਰਾਮ ਰੱਖਿਆ ਹੋਇਆ ਸੀ। ਸਾਰੇ ਵਿਦਿਆਰਥੀ ਪੰਡਾਲ ਵਿਚ ਬੈਠੇ ਸਨ। ਜਿਹੜੇ ਦੋ ਵਿਦਿਆਰਥੀ ਰੌਸ਼ਨੀ ਤੇ ਜਗਦੇਵ ਸਿੰਘ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁਕਾਬਲਿਆਂ ਵਿਚੋਂ ਫਸਟ ਪੁਜੀਸ਼ਨ ਲੈਣ ਸਦਕਾ ਇਨਾਮ ਮਿਲਣੇ ਸਨ, ਉਹ ਸਟੇਜ ’ਤੇ ਬੈਠੇ ਸਨ। ਜਦੋਂ ਰੌਸ਼ਨੀ ਇਨਾਮ ਲੈ ਕੇ ਆਪਣੀ ਥਾਂ ’ਤੇ ਬੈਠੀ ਤਾਂ ਸਰਪੰਚ ਸਾਹਿਬ ਬੋਲ ਰਹੇ ਸਨ ਕਿ ਜਿਸ ਤਰ੍ਹਾਂ ਡਰਾਇੰਗ ਮਾਸਟਰ ਜੀ ਤੇ ਰੌਸ਼ਨੀ ਨੇ ਸਕੂਲ ਨੂੰ ਸਜਾਇਆ ਹੈ, ਉਸ ਤਰ੍ਹਾਂ ਹੀ ਲੋਗੋ ਤੇ ਸੁੰਦਰ ਚਿੱਤਰਾਂ ਨਾਲ ਪਿੰਡ ਨੂੰ ਵੀ ਸਜਾਇਆ ਜਾਵੇ। ਜ਼ਿਲ੍ਹੇ ਵਿਚੋਂ ਫਸਟ ਆਉਣ ਵਾਲੇ ਵਿਦਿਆਰਥੀਆਂ ਦੀ ਬਾਰ੍ਹਵੀਂ ਤਕ ਦੀ ਪੜ੍ਹਾਈ ਦੇ ਖ਼ਰਚ ਦੀ ਜ਼ਿੰਮੇਵਾਰੀ ਮੇਰੀ ਆਪਣੀ ਹੋਵੇਗੀ। ਸਕੂਲ ਦੀ ਸਜਾਵਟ ’ਤੇ ਹੋਇਆ ਖ਼ਰਚ ਵੀ ਪੰਚਾਇਤ- ਫੰਡ ਵਿਚੋਂ ਦਿੱਤਾ ਜਾਵੇਗਾ।’
ਇਹ ਸੁਣਦਿਆਂ ਹੈੱਡਮਾਸਟਰ ਬਲਦੇਵ ਸਿੰਘ ਦੇ ਚਿਹਰੇ ’ਤੇ ਰੌਣਕ ਆ ਗਈ। ਉਹ ਖ਼ੁਸ਼ੀ ਨਾਲ ਤਾੜੀਆਂ ਮਾਰਨ ਲੱਗੇ। ਉਸ ਮੌਕੇ ਵਿਦਿਆਰਥੀਆਂ ਵੱਲੋਂ ਮਾਰੀਆਂਂ ਤਾੜੀਆਂ ਦੀ ਗੂੰਜ ਪਿੰਡ ਤਕ ਸੁਣ ਰਹੀ ਸੀ। ਖ਼ੁਸ਼ੀ ਦੇ ਮਾਰੇ ਤਾੜੀਆਂ ਮਾਰ ਰਹੀ ਰੌਸ਼ਨੀ ਦੀਆਂ ਅੱਖਾਂ ਵਿਚ ਭਰਪੂਰ ਚਮਕ ਸੀ।