ਮੁੰਬਈ, 14 ਅਗਸਤ
ਅਦਾਕਾਰ ਸਿਧਾਰਥ ਮਲਹੋਤਰਾ ਨੇ ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਸ਼ੇਰਸ਼ਾਹ’ ਵਿੱਚ 1999 ਦੀ ਕਾਰਗਿਲ ਜੰਗ ਵਿੱਚ ਸ਼ਹੀਦ ਹੋਏ ਕੈਪਟਨ ਵਿਕਰਮ ਬੱਤਰਾ ਦੀ ਭੂਮਿਕਾ ਅਦਾ ਕੀਤੀ ਹੈ। ਇੱਕ ਫ਼ੌਜੀ ਦੇ ਰੂਪ ਵਿੱਚ ਉਸ ਦੀ ਭੂਮਿਕਾ ਨੂੰ ਦਰਸ਼ਕਾਂ ਨੇ ਖੂਬ ਸਰਾਹਿਆ ਹੈ। ਵਿਕਰਮ ਬੱਤਰਾ ਦਾ ਕਿਰਦਾਰ ਸਿਧਾਰਥ ਦੇ ਕਾਫੀ ਨਜ਼ਦੀਕ ਹੈ ਕਿਉਂਕਿ ਉਸ ਦੇ ਦਾਦਾ ਜੀ ਵੀ ਭਾਰਤੀ ਫ਼ੌਜ ਵਿੱਚ ਸੇਵਾ ਕਰ ਚੁੱਕੇ ਹਨ। ਇਸ ਬਾਰੇ ਸਿਧਾਰਥ ਨੇ ਕਿਹਾ, ‘‘ਮੈਂ ਵੀ ਆਪਣੇ ਦਾਦਾ ਜੀ ਦੀ ਤਰ੍ਹਾਂ ਭਾਰਤੀ ਫ਼ੌਜ ਵਿੱਚ ਸੇਵਾ ਕਰਨੀ ਚਾਹੁੰਦਾ ਸੀ, ਜਿਨ੍ਹਾਂ 1962 ਦੀ ਭਾਰਤ-ਚੀਨ ਜੰਗ ਵੀ ਲੜੀ।’’ ਉਸ ਨੇ ਕਿਹਾ, ‘‘ਮੈਂ ਇਸ ਫਿਲਮ ਰਾਹੀਂ ਬਹੁਤ ਕੁਝ ਸਿੱਖਿਆ। ਭਾਵੇਂ ਮੈਂ ਆਪਣੇ ਦਾਦਾ ਜੀ ਦੀਆਂ ਗੱਲਾਂ ਰਾਹੀਂ ਫ਼ੌਜ ਬਾਰੇ ਕਈ ਕੁੱਝ ਜਾਣਿਆ ਪਰ ਫਿਲਮ ਰਾਹੀਂ ਮੈਨੂੰ ਇਸ ਦੀ ਡੂੰਘਾਈ ਵਿੱਚ ਜਾਣ ਦਾ ਮੌਕਾ ਮਿਲਿਆ। ਫ਼ੌਜ ਦੇ ਅਦਬ ਅਤੇ ਅਨੁਸ਼ਾਸਨ ਬਾਰੇ ਪਤਾ ਲੱਗਿਆ। ਇਹ ਵੇਖਣਾ ਬਹੁਤ ਹੈਰਾਨੀਜਨਕ ਹੈ ਕਿ ਉਨ੍ਹਾਂ ਦੀ ਕਾਰਜ ਪ੍ਰਣਾਲੀ ਕਿੰਨੀ ਪੇਸ਼ੇਵਰ ਹੈ। ਮੈਨੂੰ ਲੱਗਦਾ ਹੈ ਕਿ ਸਾਡੀ ਫ਼ੌਜ ਦੁਨੀਆ ਦੀਆਂ ਸਰਬੋਤਮ ਫ਼ੌਜਾਂ ਵਿੱਚੋਂ ਇੱਕ ਹੈ। ਮੈਂ ਇਸ ਅਸਲ ਜ਼ਿੰਦਗੀ ਦੇ ਨਾਇਕ ਦਾ ਛੋਟਾ ਜਿਹਾ ਹਿੱਸਾ ਨਿਭਾ ਕੇ ਬਹੁਤ ਖ਼ੁਸ਼ ਹਾਂ।’’ ਜ਼ਿਕਰਯੋਗ ਹੈ ਕਿ ਸਿਧਾਰਥ ਆਉਂਦੇ ਦਿਨੀਂ ਫਿਲਮਾਂ ‘ਥੈਂਕ ਗੌਡ’ ਅਤੇ ‘ਮਿਸ਼ਨ ਮਜਨੂੰ’ ਵਿੱਚ ਨਜ਼ਰ ਆਵੇਗਾ। -ਆਈਏਐੱਨਐੱਸ