ਗੁਰਮੀਤ ਸਿੰਘ*
ਰੰਗਲਾ ਚਾਹਾ ਪੰਛੀ ਬਹੁਤ ਪਿਆਰਾ ਹੁੰਦਾ ਹੈ। ਇਸ ਨੂੰ ਅੰਗਰੇਜ਼ੀ ਵਿਚ ਗ੍ਰੇਟਰ ਪੇਂਟਿਡ ਸਨਾਈਪ (Greater painted Snipe) ਅਤੇ ਹਿੰਦੀ ਵਿਚ ਰਾਜ ਚਹਾ ਕਿਹਾ ਜਾਂਦਾ ਹੈ। ਇਹ ਪੰਛੀ ਵੇਡਿੰਗ ਪੰਛੀਆਂ ਦੇ ਪਰਿਵਾਰ ਵਿਚ ਆਉਂਦੇ ਹਨ। ਇਨ੍ਹਾਂ ਦੀਆਂ ਲੱਤਾਂ ਛੋਟੀਆਂ, ਪਰ ਚੁੰਝ ਲੰਬੀ ਹੁੰਦੀ ਹੈ। ਰੰਗਲੇ ਚਾਹੇ ਦੀਆਂ ਤਿੰਨ ਕਿਸਮਾਂ ਆਮ ਤੌਰ ’ਤੇ ਨੀਵੇਂ ਦਲਦਲ ਦੇ ਖੇਤਰ ਵਿਚ ਮਿਲਦੀਆਂ ਹਨ। ਇਹ ਪੰਛੀ ਭਾਰਤ, ਅਫ਼ਰੀਕਾ, ਮੈਡਗਾਸਕਰ ਅਤੇ ਪਾਕਿਸਤਾਨ ਵਿਚ ਮਿਲਦਾ ਹੈ। ਇਹ ਆਕਾਰ ਅਤੇ ਸ਼ਕਲ ਵਿਚ ਇਕ ਆਮ ਚਾਹੇ ਵਾਂਗ ਹੁੰਦਾ ਹੈ, ਪਰ ਇਸ ਦੀਆਂ ਲੱਤਾਂ ਥੋੜ੍ਹੀਆਂ ਜਿਹੀਆਂ ਲੰਮੀਆਂ ਅਤੇ ਇਸ ਦੀ ਚੁੰਝ ਥੋੜ੍ਹੀ ਛੋਟੀ, ਮੋਟੀ ਅਤੇ ਹੇਠਾਂ ਨੂੰ ਅਤੇ ਫਿੱਕੇ ਪੀਲੇ ਰੰਗ ਦੀ ਹੁੰਦੀ ਹੈ ਅਤੇ ਇਸ ਦਾ ਨੋਕ ਵਾਲਾ ਹਿੱਸਾ ਫਿੱਕਾ ਭੂਰਾ ਹੁੰਦਾ ਹੈ। ਅੱਖਾਂ ਗੂੜ੍ਹੇ ਭੂਰੇ ਰੰਗ ਦੀਆਂ ਹੁੰਦੀਆਂ ਹਨ, ਲੱਤਾਂ ਅਤੇ ਪੈਰ ਹਰੇ-ਪੀਲੇ ਹੁੰਦੇ ਹਨ। ਰੰਗਲੇ ਚਾਹੇ ਦੀ ਪ੍ਰਜਾਤੀ ਸੁੱਕੇ ਟਿਕਾਣਿਆਂ ਵਿਚ ਰਹਿਣ ਤੋਂ ਪ੍ਰਹੇਜ ਕਰਦੀ ਹੈ ਅਤੇ ਗਿੱਲੇ ਚਿੱਕੜ ਵਾਲੇ ਇਲਾਕਿਆਂ ਨੂੰ ਤਰਜੀਹ ਦਿੰਦੀ ਹੈ। ਰੰਗਲੇ ਚਾਹੇ ਦਾ ਨਰ ਮਾਦਾ ਨਾਲੋਂ ਥੋੜ੍ਹਾ ਛੋਟਾ ਹੁੰਦਾ ਹੈ। ਮਾਦਾ ਦਾ ਰੰਗ ਰੂਪ ਨਰ ਨਾਲੋਂ ਚਮਕਦਾਰ ਹੁੰਦਾ ਹੈ। ਇਸ ਦੀ ਮਾਦਾ ਦਾ ਸਿਰ ਉਪਰੋਂ ਲਾਲ ਭੂਰੇ ਰੰਗ ਦਾ ਹੁੰਦਾ ਹੈ ਅਤੇ ਪਿੱਛੇ ਤੋਂ ਪਿੱਠ ਅਤੇ ਖੰਭ ਕਾਂਸੇ ਹਰੇ ਰੰਗ ਨਾਲ ਲੈਸ ਹੁੰਦੇ ਹਨ।
ਇਸ ਦੇ ਗਲ਼ ਅਤੇ ਗਰਦਨ ਦੇ ਹਿੱਸੇ ਚਿੱਟੇ ਰੰਗ ਦੇ ਹੁੰਦੇ ਹਨ, ਜੋ ਹੇਠਲੇ ਚਿੱਟੇ ਹਿੱਸੇ ਵਿਚਕਾਰ ਅਲੱਗ ਦਿਖਾਈ ਦਿੰਦੇ ਹਨ। ਇਸ ਦੇ ਸਿਰ ਦਾ ਤਾਜ ਕਰੀਮੀ ਧਾਰੀਆਂ ਨੂੰ ਦਰਸਾਉਂਦਾ ਹੈ। ਰੰਗਲਾ ਚਾਹਾ ਨਰਮ ਮਿੱਟੀ ਵਿਚ ਅਤੇ ਖਾਲੀ ਪਾਣੀ ਵਿਚ ਲੰਬੀ ਚੁੰਝ ਨਾਲ ਘੁੰਮਦਾ ਹੈ। ਇਹ ਕੀੜੇ-ਮਕੌੜੇ, ਮੱਛੀਆਂ, ਧਰਤੀ ਦੇ ਕੀੜੇ-ਮਕੌੜਿਆਂ ਅਤੇ ਪੌਦਿਆਂ ਨੂੰ ਖੁਸ਼ ਹੋ ਕੇ ਖਾਂਦੇ ਹਨ। ਇਹ ਬੂਟੇਦਾਰ ਪਦਾਰਥ ਜਿਵੇਂ ਕਿ ਬੀਜ, ਚਾਵਲ ਅਤੇ ਬਾਜਰੇ ਨੂੰ ਵੀ ਖਾਂ ਲੈਂਦੇ ਹਨ।
ਰੰਗਲੇ ਚਾਹੇ ਦੀ ਮਾਦਾ ਪ੍ਰਜਣਨ ਵੇਲੇ ਹਰ ਸਾਲ 2, 3 ਜਾਂ 4 ਨਰ ਰੰਗਲੇ ਚਾਹਿਆਂ ਨਾਲ ਮੇਲ ਕਰਦੀ ਹੈ। ਹਰ ਇਕ ਨਰ ਰੰਗਲੇ ਚਾਹੇ ਨੂੰ ਮਾਦਾ ਵੱਲੋਂ ਦਿੱਤੇ ਆਲ੍ਹਣੇ ਵਿਚ ਆਂਡਿਆਂ ਦੀ ਡਿਊਟੀ ਸੌਂਪ ਦਿੱਤੀ ਜਾਂਦੀ ਹੈ। ਨਰ ਰੰਗਲਾ ਚਾਹਾ ਆਪਣੇ ਚੂਜ਼ਿਆਂ ਦੀ ਆਲ੍ਹਣੇ ਵਿਚ ਪੂਰੀ ਦੇਖ ਭਾਲ ਕਰਦਾ ਹੈ। ਇਨ੍ਹਾਂ ਦਾ ਆਲ੍ਹਣਾ ਇਕ ਡੂੰਘਾ ਪਿਆਲਾ ਜਿਹਾ ਹੁੰਦਾ ਹੈ ਜੋ ਅਕਸਰ ਬਨਸਪਤੀ ਦੇ ਇਕ ਪਲੈਟਫਾਰਮ ’ਤੇ ਬਣਾਇਆ ਜਾਂਦਾ ਹੈ। ਮਾਦਾ 2 ਤੋਂ 4 ਆਂਡੇ ਦਿੰਦੀ ਹੈ ਅਤੇ ਆਂਡਿਆਂ ਵਿਚੋਂ ਚੂਜ਼ੇ ਨਿਕਲਣ ਲਈ 15 ਤੋਂ 20 ਦਿਨ ਲੱਗ ਜਾਂਦੇ ਹਨ। ਰੰਗਲੇ ਚਾਹਿਆਂ ਨੂੰ ਲੋਕਾਂ ਵੱਲੋਂ ਖੇਡਾਂ ਲਈ ਲੰਬੇ ਸਮੇਂ ਤੋਂ ਸ਼ਿਕਾਰ ਬਣਾਇਆ ਜਾਂਦਾ ਰਿਹਾ ਹੈ। ਮੌਜੂਦਾ ਸਮੇਂ ਵਿਚ ਸ਼ਿਕਾਰ ’ਤੇ ਸਖ਼ਤ ਪਾਬੰਦੀ ਹੋਣ ਕਰਕੇ ਇਨ੍ਹਾਂ ਦੀ ਕਿਸਮ ਨੂੰ ਖ਼ਤਰੇ ਵਿਚ ਨਹੀਂ ਮੰਨਿਆ ਜਾਂਦਾ ਹੈ, ਪਰ ਨਮਧਰਤੀਆਂ ਦੀ ਆ ਰਹੀ ਕਮੀ ਕਾਰਨ ਇਨ੍ਹਾਂ ਦੀ ਆਬਾਦੀ ਵਿਚ ਗਿਰਾਵਟ ਜ਼ਰੂਰ ਆਈ ਹੈ। ਪੰਜਾਬ ਵਿਚ ਜ਼ਿਲ੍ਹਾ ਕਪੂਰਥਲਾ ਤੇ ਪਟਿਆਲਾ ਵਿਚੋਂ ਕੁਦਰਤ ਪ੍ਰੇਮੀ ਫੋਟੋਗ੍ਰਾਫਰਾਂ ਨੇ ਰੰਗਲੇ ਚਾਹੇ ਦੀਆਂ ਫੋਟੋਆਂ ਖਿੱਚੀਆਂ ਹਨ। ਇਹ ਪਿਆਰਾ ਪੰਛੀ ਸਾਨੂੰ ਹਰ ਥਾਂ ਦੇਖਣ ਨੂੰ ਮਿਲੇ ਇਸ ਲਈ ਇਨ੍ਹਾਂ ਦੇ ਵਾਸ ਨੂੰ ਬਚਾੳਣ ਲਈ ਸਹਿਯੋਗ ਦੇਣ ਦੀ ਲੋੜ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ: 98884-56910