ਪ੍ਰਭਜੋਤ ਕੌਰ ਢਿੱਲੋਂ
ਇਕੱਲਤਾ ਵਰਗਾ ਦਰਦ ਹੋਰ ਕੋਈ ਨਹੀਂ ਹੈ। ਸਿਆਣੇ ਕਹਿੰਦੇ ਹਨ ਕਿ ਇਕੱਲਾ ਤਾਂ ਰੁੱਖ ਵੀ ਨਾ ਹੋਵੇ। ਅੱਜ ਸੋਚਦੇ ਅਤੇ ਸਮਝਦੇ ਹਾਂ ਕਿ ਇਕੱਲਤਾ ਕਿਵੇਂ ਅਸਰ ਕਰਦੀ ਹੈ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਜਾਂ ਲੋਕਾਂ ਨੂੰ ਇਸ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ। ਹਕੀਕਤ ਹੈ ਕਿ ਇਕੱਲਤਾ ਬੇਹੱਦ ਡਰਾਉਣੀ ਹੁੰਦੀ ਹੈ। ਇਸ ਨਾਲ ਮਾਨਸਿਕ ਰੋਗੀ ਹੋਣ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ। ਇਕੱਲਤਾ ਖੁਦਕੁਸ਼ੀਆਂ ਵੱਲ ਨੂੰ ਤੋਰ ਦਿੰਦੀ ਹੈ। ਇਸ ਵੇਲੇ ਬਜ਼ੁਰਗ ਅਤੇ ਛੋਟੇ ਬੱਚੇ ਇਕੱਲਤਾ ਦਾ ਸ਼ਿਕਾਰ ਹੋ ਰਹੇ ਹਨ। ਵਿਚਕਾਰਲੀ ਪੀੜ੍ਹੀ ਵੀ ਇਸ ਦੇ ਅਸਰ ਤੋਂ ਬਚੀ ਨਹੀਂ ਹੈ, ਪਰ ਉਹ ਵਧੇਰੇ ਪੈਸੇ ਕਮਾਉਣ ਦੀ ਦੌੜ ਵਿਚ ਲੱਗੀ ਹੋਈ ਹੈ।
ਪਹਿਲਾਂ ਸਾਂਝੇ ਪਰਿਵਾਰ ਸਨ ਤਾਂ ਇਕੱਲਤਾ ਦਾ ਪਤਾ ਹੀ ਨਹੀਂ ਸੀ। ਬਜ਼ੁਰਗਾਂ ਅਤੇ ਬੱਚਿਆਂ ਦੀ ਆਪਸੀ ਸਾਂਝ ਬਹੁਤ ਗੂੜ੍ਹੀ ਹੁੰਦੀ ਸੀ। ਸ਼ਾਇਦ ਇਸੇ ਕਰਕੇ ਕਿਹਾ ਜਾਂਦਾ ਸੀ, ‘ਮੂਲ ਨਾਲੋਂ ਵਿਆਜ ਪਿਆਰਾ।’ ਸਮੇਂ ਨੇ ਕਰਵਟ ਲਈ ਤਾਂ ਬਹੁਤ ਕੁਝ ਬਦਲ ਗਿਆ ਅਤੇ ਸਾਂਝਾਂ ਕਮਜ਼ੋਰ ਹੋ ਗਈਆਂ।
ਇਸ ਵਕਤ ਨੌਜਵਾਨ ਪੀੜ੍ਹੀ ਨੇ ਇਕ ਨਵੀਂ ਸੋਚ ਬਣਾ ਲਈ ਹੈ, ‘ਸਾਡੀ ਨਿੱਜੀ ਜ਼ਿੰਦਗੀ ਵਿਚ ਦਖਲ ਸਾਨੂੰ ਪਸੰਦ ਨਹੀਂ।’ ਹਰ ਲੜਕੀ ਦੀ ਪਹਿਲੀ ਕੋਸ਼ਿਸ਼ ਹੁੰਦੀ ਹੈ ਕਿ ਲੜਕੇ ਦੇ ਮਾਪਿਆਂ ਤੋਂ ਅਲੱਗ ਰਿਹਾ ਜਾਵੇ। ਹਾਂ, ਇੱਥੇ ਕੁਝ ਕੁ ਲੜਕੀਆਂ ਦੇ ਮਾਪਿਆਂ ਨੂੰ ਛੱਡ ਕੇ ਵਧੇਰੇ ਮਾਪਿਆਂ ਦੀ ਵੀ ਇਹ ਹੀ ਕੋਸ਼ਿਸ਼ ਹੁੰਦੀ ਹੈ ਕਿ ਉਨ੍ਹਾਂ ਦੀ ਲੜਕੀ ਪਰਿਵਾਰ ਨਾਲੋਂ ਅਲੱਗ ਹੋ ਜਾਵੇ। ਲੜਕਾ ਨਾ ਚਾਹੁੰਦੇ ਹੋਏ ਵੀ ਅਲੱਗ ਰਹਿਣ ਲਈ ਤਿਆਰ ਹੋ ਜਾਂਦਾ ਹੈ। ਜਿਹੜੇ ਮਾਪੇ ਪੁੱਤ ਦਾ ਵਿਆਹ ਕਰਕੇ ਪਰਿਵਾਰ ਦੇ ਵਧਣ ਦੇ ਸੁਪਨੇ ਲੈਂਦੇ ਸੀ, ਉਹ ਇਕੱਲੇ ਰਹਿ ਜਾਂਦੇ ਹਨ। ਜੇਕਰ ਉਹ ਬੇਟੇ ਦੇ ਘਰ ਵੀ ਜਾਂਦੇ ਹਨ ਤਾਂ ਉਨ੍ਹਾਂ ਦਾ ਉੱਥੇ ਆਉਣਾ ਵੀ ਹਜ਼ਮ ਨਹੀਂ ਹੁੰਦਾ। ਮਾਪੇ ਇਕੱਲਤਾ ਵਿਚ ਘਿਰ ਜਾਂਦੇ ਹਨ। ਇਕੱਲਤਾ ਦਾ ਅਸਰ ਮਾਨਸਿਕ ਅਤੇ ਸਰੀਰਿਕ ਤੌਰ ’ਤੇ ਵੇਖਿਆ ਜਾ ਸਕਦਾ ਹੈ। ਕਈ ਬਜ਼ੁਰਗ ਡਿਪਰੈਸ਼ਨ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਮਾਪਿਆਂ ਨੂੰ ਆਪਣੇ ਸਮੇਂ ਵਿਚੋਂ ਸਮਾਂ ਕੱਢ ਕੇ ਦੇਣਾ ਚਾਹੀਦਾ ਹੈ। ਕਦੇ ਅਜ਼ਮਾ ਕੇ ਵੇਖਣਾ, ਮਾਪਿਆਂ ਕੋਲ ਬੈਠਣ ਨਾਲ ਥਕਾਵਟ ਅਤੇ ਤਣਾਅ ਘੱਟ ਜਾਂਦਾ ਹੈ। ਮਾਪੇ ਵੀ ਸਿਹਤਮੰਦ ਅਤੇ ਤੰਦਰੁਸਤ ਰਹਿੰਦੇ ਹਨ।
ਇਸ ਵਕਤ ਬੱਚਿਆਂ ਨੂੰ ਵੀ ਇਕੱਲਤਾ ਨੇ ਚਿੜਚਿੜੇ ਅਤੇ ਕਮਜ਼ੋਰ ਕਰ ਦਿੱਤਾ ਹੈ। ਬੱਚਿਆਂ ਦੇ ਮੂੰਹ ’ਤੇ ਰੌਣਕ ਵਿਖਾਈ ਹੀ ਨਹੀਂ ਦਿੰਦੀ। ਬੁਝੇ ਹੋਏ ਅਤੇ ਉਦਾਸੇ ਚਿਹਰੇ ਹਨ। ਅਸਲ ਵਿਚ ਪਹਿਲਾਂ ਮਾਵਾਂ ਜੇਕਰ ਘਰਾਂ ਦਾ ਕੰਮ ਕਰਦੀਆਂ ਸਨ ਤਾਂ ਬੱਚੇ ਦਾਦੇ ਦਾਦੀਆਂ ਕੋਲ ਹੀ ਰਹਿੰਦੇ ਸਨ। ਘਰਾਂ ਵਿਚ ਬੱਚਿਆਂ ਨੂੰ ਕਦੇ ਵੀ ਇਕੱਲੇ ਨਹੀਂ ਛੱਡਿਆ ਜਾਂਦਾ ਸੀ ਜਾਂ ਇਵੇਂ ਦਾ ਮੌਕਾ ਹੀ ਨਹੀਂ ਸੀ ਹੁੰਦਾ। ਬੱਚੇ ਆਪਸ ਵਿਚ ਖੁੱਲ੍ਹੇ ਵਿਹੜਿਆਂ ਵਿਚ ਖੇਡਦੇ ਰਹਿੰਦੇ ਸਨ। ਗਰਮੀਆਂ ਵਿਚ ਸਾਰੇ ਵਿਹੜੇ ਵਿਚ ਸੌਂਦੇ ਅਤੇ ਸਰਦੀਆਂ ਵਿਚ ਵੱਡੇ ਕਮਰੇ, ਜਿਸ ਨੂੰ ਦਲਾਨ ਕਿਹਾ ਜਾਂਦਾ ਸੀ, ਉਸ ਵਿਚ ਸੌਂਦੇ ਸਨ। ਉੱਥੇ ਬਾਤਾਂ, ਕਹਾਣੀਆਂ ਅਤੇ ਬੁਝਾਰਤਾਂ ਆਦਿ ਦਾ ਦੌਰ ਚੱਲਦਾ। ਖੁੱਲ੍ਹੇ ਮਾਹੌਲ ਅਤੇ ਖੁੱਲ੍ਹੇ ਸੁਭਾਅ ਹੁੰਦੇ ਸਨ। ਮੇਰ-ਤੇਰ ਵਾਲੀ ਗੱਲ ਨਹੀਂ ਸੀ। ਦੇਸੀ ਘਿਉ ਵਿਚ ਚੂਰੀ ਕੁੱਟ ਕੇ ਬੱਚਿਆਂ ਨੂੰ ਦੇਣੀ। ਦੁੱਧ ਦਹੀਂ ਬਜ਼ੁਰਗਾਂ ਨੇ ਬੱਚਿਆਂ ਨੂੰ ਆਪਣੇ ਹੱਥੀਂ ਪਿਆਉਣਾ। ਦਗ ਦਗ ਕਰਦੇ ਬੱਚਿਆਂ ਦੇ ਚਿਹਰੇ ਹੋਣੇ, ਪਰ ਹੁਣ ਬੱਚੇ ਉੱਠਦੇ ਹਨ ਤਾਂ ਕਈ ਮਾਪੇ ਤਾਂ ਦਫ਼ਤਰਾਂ ਨੂੰ ਜਾ ਚੁੱਕੇ ਹੁੰਦੇ ਹਨ। ਨੌਕਰਾਂ ਨੇ ਜਿਵੇਂ ਦਾ ਖਾਣ ਨੂੰ ਦਿੱਤਾ, ਬੱਚਿਆਂ ਨੇ ਖਾ ਲਿਆ। ਜੇਕਰ ਨਹੀਂ ਖਾਧਾ ਤਾਂ ਨੌਕਰਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਬੱਚਿਆਂ ਨੂੰ ਕੋਈ ਵੀ ਉਵੇਂ ਦਾ ਪਿਆਰ ਨਹੀਂ ਕਰ ਸਕਦਾ ਅਤੇ ਉਵੇਂ ਨਹੀਂ ਸੰਭਾਲ ਸਕਦਾ ਜਿਵੇਂ ਆਪਣੇ ਪਰਿਵਾਰ ਵਾਲੇ ਸੰਭਾਲਦੇ ਹਨ। ਬੱਚਿਆਂ ਨੂੰ ਇਕੱਲੇ ਮੋਬਾਈਲ ਜਾਂ ਟੀਵੀ ’ਤੇ ਜੋ ਚੰਗਾ ਮਾੜਾ ਵੇਖਣ ਨੂੰ ਮਿਲਦਾ ਹੈ, ਉਹ ਵੇਖਦੇ ਹਨ।
ਬੱਚੇ ਵੀ ਇਕੱਲੇ ਰਹਿ ਕੇ ਬਿਮਾਰ ਹੋ ਰਹੇ ਹਨ ਅਤੇ ਬਜ਼ੁਰਗ ਵੀ। ਹਾਂ, ਜੇਕਰ ਨੌਜਵਾਨ ਪੀੜ੍ਹੀ ਦੀ ਗੱਲ ਕਰੀਏ ਤਾਂ ਉਹ ਵੀ ਮਾਨਸਿਕ ਦਬਾਅ ਹੇਠ ਹਨ। ਬਜ਼ੁਰਗ ਮਾਪਿਆਂ ਨੂੰ ਨਾਲ ਰੱਖਣ ਲਈ ਤਿਆਰ ਨਹੀਂ ਹਨ, ਪਰ ਸਕੂਨ ਤਾਂ ਫਿਰ ਵੀ ਨਹੀਂ ਹੈ। ਇਸ ਆਧੁਨਿਕਤਾ ਨੇ ਅਤੇ ਨਿੱਜੀ ਜ਼ਿੰਦਗੀ ਦੇ ਚੱਕਰ ਵਿਚ ਸਮਾਜ ਮਾਨਸਿਕ ਰੋਗੀ ਹੋ ਰਿਹਾ ਹੈ। ਇਕੱਲਤਾ ਨੇ ਜਿੱਥੇ ਬਿਮਾਰੀਆਂ ਸਹੇੜੀਆਂ ਹਨ, ਉੱਥੇ ਪਰਿਵਾਰਾਂ ਦਾ ਟੁੱਟਣਾ ਵੀ ਤੇਜ਼ੀ ਨਾਲ ਵਧ ਰਿਹਾ ਹੈ। ਖੁਦਕੁਸ਼ੀਆਂ ਵੀ ਇਸ ਇਕੱਲਤਾ ਦੀ ਦੇਣ ਹੀ ਹਨ। ਸਹਿਣਸ਼ੀਲਤਾ ਤਾਂ ਹੀ ਆਉਂਦੀ ਹੈ ਜੇਕਰ ਪਰਿਵਾਰਾਂ ਵਿਚ ਰਹਿ ਕੇ ਹਰ ਕਿਸੇ ਨਾਲ ਰਹਿਣ ਦੀ ਅਤੇ ਗੱਲ ਬਰਦਾਸ਼ਤ ਕਰਨ ਜਾਂ ਸੁਣਨ ਦੀ ਆਦਤ ਹੋਵੇ।
ਸਮਾਜ ਅਤੇ ਪਰਿਵਾਰਾਂ ਨੂੰ ਇਸ ਮਾਹੌਲ ਵਿਚੋਂ ਕੱਢਣਾ ਅਤੇ ਨਿਕਲਣਾ ਬਹੁਤ ਜ਼ਰੂਰੀ ਹੈ। ਮਾਪਿਆਂ ਨੂੰ ਧੀਆਂ ਨੂੰ ਵਿਆਹ ਤੋਂ ਬਾਅਦ ਕਦੇ ਵੀ ਸਹੁਰੇ ਪਰਿਵਾਰ ਨਾਲੋਂ ਅਲੱਗ ਰਹਿਣ ਦੀ ਹਾਮੀ ਨਹੀਂ ਭਰਨੀ ਚਾਹੀਦੀ। ਇਸ ਦੇ ਨਾਲ ਹੀ ਸਹੁਰਿਆਂ ਨੂੰ ਵੀ ਨੂੰਹਾਂ ਨਾਲ ਕਿਸੇ ਤਰ੍ਹਾਂ ਦਾ ਮਾੜਾ ਵਿਵਹਾਰ ਨਹੀਂ ਕਰਨਾ ਚਾਹੀਦਾ ਤਾਂ ਹੀ ਉਨ੍ਹਾਂ ਦੀ ਚੰਗੀ ਦੇਖਭਾਲ ਕੀਤੀ ਜਾਵੇਗੀ। ਅੱਜ ਮਾਪੇ ਜੇਕਰ ਇਕੱਲੇ ਹਨ ਜਾਂ ਬਿਰਧ ਆਸ਼ਰਮਾਂ ਵਿਚ ਹਨ ਤਾਂ ਸਮਾਜ ਨੂੰ ਇਸ ਬਾਰੇ ਚਿੰਤਤ ਵੀ ਹੋਣਾ ਚਾਹੀਦਾ ਹੈ ਅਤੇ ਇਸ ਨੂੰ ਰੋਕਣਾ ਵੀ ਚਾਹੀਦਾ ਹੈ। ਸਮਾਜ ਦਾ ਇਵੇਂ ਮਾਨਸਿਕ ਦਬਾਅ ਹੇਠਾਂ ਰਹਿਣਾ, ਸਮਾਜ ਨੂੰ ਬਹੁਤ ਤੇਜ਼ੀ ਨਾਲ ਖਾ ਰਿਹਾ ਹੈ।
ਸੰਪਰਕ: 98150-30221