ਗੁਰਮੀਤ ਸਿੰਘ*
ਚਿੱਟਾ ਬੁਜ਼ਾ ਇੱਕ ਸਥਾਨਕ ਪਰਵਾਸੀ ਪੰਛੀ ਹੈ। ਇਸ ਨੂੰ ਅੰਗਰੇਜ਼ੀ ਵਿੱਚ ਬਲੈਕ-ਹੈਡਿਡ ਇਬਿਸ (Black headed Ibis) ਅਤੇ ਹਿੰਦੀ ਵਿੱਚ ਸਫ਼ੈਦ ਬੁਜ਼ਾ ਕਹਿੰਦੇ ਹਨ। ਇਹ ਲੰਬੀਆਂ ਲੱਤਾਂ ਵਾਲਾ ਜਲ ਪੰਛੀਆਂ ਦੇ ਪਰਿਵਾਰ ਦਾ ਪੰਛੀ ਹੈ। ਇਹ ਪ੍ਰਜਾਤੀ ਭਾਰਤੀ ਉਪ ਮਹਾਂਦੀਪ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ ਉੱਤਰੀ ਭਾਰਤ, ਬੰਗਲਾਦੇਸ਼, ਨੇਪਾਲ ਅਤੇ ਸ੍ਰੀਲੰਕਾ ਤੋਂ ਜਾਪਾਨ ਤੱਕ ਮਿਲਦੀ ਹੈ। ਇਹ ਪੰਛੀ ਪਾਣੀ ਦੇ ਹੋਰ ਵੱਡੇ ਪੰਛੀਆਂ ਦੇ ਨਾਲ ਛੰਭਾਂ, ਝੀਲਾਂ, ਜੰਗਲਾਂ, ਘਾਹ ਦੇ ਮੈਦਾਨਾਂ, ਖੇਤਾਂ, ਦਲਦਲੀ ਤਾਜ਼ੇ ਪਾਣੀ ਦੇ ਰਕਬਿਆਂ, ਦਰਿਆਵਾਂ ਦੇ ਕੰਢਿਆਂ ਆਦਿ ਕੋਲ ਮਿਲਦਾ ਹੈ। ਇਸ ਦੀਆਂ ਲੱਤਾਂ ਲੰਬੀਆਂ ਹੁੰਦੀਆਂ ਹਨ। ਇਸ ਦੀ ਚੁੰਝ ਤੇ ਲੱਤਾਂ ਦਾ ਰੰਗ ਵੀ ਗੂੜ੍ਹਾ ਕਾਲਾ ਹੁੰਦਾ ਹੈ। ਇਸ ਦੀ ਚੁੰਝ ਪਿੱਛੇ ਤੋਂ ਮੋਟੀ, ਚੌੜੀ ਅਤੇ ਅੱਗੇ ਤੋਂ ਹੇਠਾਂ ਨੂੰ ਮੁੜੀ ਹੋਈ ਹੁੰਦੀ ਹੈ। ਇਸ ਦੀ ਲੰਬਾਈ 65-76 ਸੈਂਟੀਮੀਟਰ ਅਤੇ ਭਾਰ 1100-1400 ਗ੍ਰਾਮ ਹੁੰਦਾ ਹੈ। ਇਸ ਦੇ ਨਰ ਤੇ ਮਾਦਾ ਵੇਖਣ ਨੂੰ ਇੱਕੋ ਜਿਹੇ ਲੱਗਦੇ ਹਨ।
ਇਹ ਪੰਛੀ ਖਾਣ ਵੇਲੇ ਆਪਣੀ ਚੁੰਝ ਨੂੰ ਖੋਲ੍ਹ ਕੇ ਪਾਣੀ ਵਿੱਚ ਸਿਰ ਨੂੰ ਡੁਬੋ ਕੇ ਸੱਜੇ ਖੱਬੇ ਤੇਜ਼-ਤੇਜ਼ ਤੁਰਦੇ ਹਨ। ਇਹ ਰਸਤੇ ਵਿੱਚ ਮਿਲਣ ਵਾਲੇ ਕੀੜੇ-ਮਕੌੜੇ, ਡੱਡੂ-ਮੱਛੀਆਂ, ਗੰਡ ਗੰਡੋਏ ਅਤੇ ਛੋਟੇ ਸੱਪ ਸਪੋਲੀਏ ਆਦਿ ਸਭ ਖਾ ਜਾਂਦੇ ਹਨ। ਜੇਕਰ ਕਿਸੇ ਵੇਲੇ ਕੋਈ ਚੀਜ਼ ਖਾਣ ਨੂੰ ਨਹੀਂ ਮਿਲਦੀ ਤਾਂ ਰੌਣੀ ਕੀਤੇ ਜਾਂ ਤਾਜ਼ੇ ਵਾਹੇ ਖੇਤਾਂ ਵਿੱਚੋਂ ਨਦੀਨਾਂ, ਜੜੀਆਂ ਬੂਟੀਆਂ ਤੇ ਘਾਹ-ਫੂਸ ਦੇ ਬੀਜ ਵੀ ਖਾ ਜਾਂਦੇ ਹਨ।
ਇਸ ਦਾ ਆਲ੍ਹਣਾ ਟਾਹਣੀਆਂ ਅਤੇ ਛਿਟੀਆਂ ਦਾ ਇੱਕ ਥੜ੍ਹਾ ਜਿਹਾ ਹੁੰਦਾ ਹੈ ਜੋ ਘਾਹ, ਧਾਗੇ, ਪਲਾਸਟਿਕ ਦੇ ਲਿਫ਼ਾਫੇ ਆਦਿ ਨਾਲ ਕਿੱਕਕਾਂ ਦੇ ਉੱਪਰ ਬਣਾਇਆ ਜਾਂਦਾ ਹੈ। ਇਨ੍ਹਾਂ ਵਿੱਚ ਮਾਦਾ ਦੋ ਤੋਂ ਤਿੰਨ ਆਂਡੇ ਦਿੰਦੀ ਹੈ। ਆਂਡਿਆਂ ਵਿੱਚੋਂ ਚੂਚੇ 23 ਤੋਂ 25 ਦਿਨਾਂ ਬਾਅਦ ਨਿਕਲਦੇ ਹਨ। ਨਰ ਤੇ ਮਾਦਾ ਚੂਚਿਆਂ ਨੂੰ ਆਪਣੀ ਉਗਲੱਛਣ ਆਪਣੀ ਚੁੰਝ ਉਨ੍ਹਾਂ ਦੀ ਚੁੰਝ ਵਿੱਚ ਪਾ ਕੇ ਖਵਾਉਂਦੇ ਹਨ। ਬੱਚੇ 40 ਦਿਨਾਂ ਬਾਅਦ ਉਡਾਰੀ ਮਾਰ ਜਾਂਦੇ ਹਨ।
ਇਸ ਪ੍ਰਜਾਤੀ ਨੂੰ ਭਾਰਤੀ ਜੰਗਲੀ ਜੀਵ ਸੁਰੱਖਿਆ ਐਕਟ, 1972 ਦੇ ਸ਼ਡਿਊਲ IV ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ, ਜਦੋਂ ਕਿ ਪਿਛਲੇ ਕੁਝ ਦਹਾਕਿਆਂ (ਬਰਡ ਲਾਈਫ ਇੰਟਰਨੈਸ਼ਨਲ 2012) ਤੋਂ ਘਟਦੀ ਆਬਾਦੀ ਦੀ ਸਥਿਤੀ ਕਾਰਨ ਆਈ.ਯੂ.ਸੀ.ਐੱਨ. ਵੱਲੋਂ ਇਸ ਨੂੰ ‘ਖਤਰੇ ਦੇ ਨੇੜੇ’ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ: 98884-56910