ਜਗਜੀਤ ਸਿੰਘ ਲੋਹਟਬੱਦੀ
ਜ਼ਿੰਦਗੀ ਖੁਸ਼ਬੋਈ ਐ…ਸੁਪਨਿਆਂ ਦੇ ਧਾਗਿਆਂ ’ਚ ਪਰੋਈ ਮਾਲਾ। ਸਦਾ ਵਗਦੇ ਰਹਿਣ ਦਾ ਨਾਂ। ਦਰਿਆਵਾਂ ਦੇ ਪਾਣੀਆਂ ਦੀ ਸਰਸਰਾਹਟ…ਪੌਣਾਂ ਦਾ ਸਿਰਨਾਵਾਂ…ਪੰਛੀਆਂ ਦੀ ਉੱਚੀ ਉਡਾਰੀ… ਜੀਅ ਭਰ ਕੇ ਜਿਉਣ ਦਾ ਤਸੱਵੁਰ। ਨਿਰੰਤਰਤਾ ਬਲ ਬਖ਼ਸ਼ਦੀ ਐ। ਸਾਹਾਂ ਨਾਲ ਰਵਾਨੀ ਬਣੀ ਰਹਿੰਦੀ ਆ। ਗਗਨ ਮੰਡਲ ਵਿਚਲੇ ਥਾਲ ’ਚ ਟਿਕੇ ਸਿਤਾਰੇ ਕੁਦਰਤ ਦੀ ਦੀਪ ਮਾਲਾ ਕਰਦੇ ਹਨ। ਸੂਰਜ ਤੇ ਚੰਦਰਮਾ ਦੀਵਿਆਂ ਵਿੱਚ ਤੇਲ ਪਾਉਂਦੇ ਹਨ ਅਤੇ ਧਰਤੀ ਕਿਸੇ ਹੂਰ-ਪਰੀ ਦਾ ਭੁਲੇਖਾ ਪਾਉਂਦੀ ਐ। ਖੜ੍ਹੋਤ, ਜ਼ਿੰਦਗੀ ਦਾ ਅਖੀਰਲਾ ਪੰਨਾ ਹੈ ਜਿੱਥੋਂ ਅੱਗੇ ਕਾਲੀ ਬੋਲੀ ਰਾਤ ਦਾ ਘੇਰਾ ਵਿਸ਼ਾਲ ਹੋ ਜਾਂਦੈ ਤੇ ਜ਼ਿੰਦਗੀ ਸਹਿਕਦੀ ਨਜ਼ਰ ਆਉਂਦੀ ਐ।
ਜ਼ਿੰਦਗੀ ਬਾਰੇ ਕੁਝ ਲਿਖਣ ਤੋਂ ਪਹਿਲਾਂ ਇਸ ਨੂੰ ਜਿਉਂ ਕੇ ਵੇਖੋ। ਜ਼ਿੰਦਗੀ ਪ੍ਰਤੀ ਸਾਡਾ ਨਜ਼ਰੀਆ ਹੀ ਇਸ ਨੂੰ ਮਾਣਨਯੋਗ ਬਣਾਉਂਦਾ ਹੈ। ਚੰਗੇ, ਖ਼ੂਬਸੂਰਤ ਅਤੇ ਹਾਂ-ਵਾਚਕ ਖਿਆਲ ਸਾਡੇ ਜੀਵਨ ਦਾ ਰਾਹ ਦਸੇਰਾ ਬਣਦੇ ਹਨ। ਸੱਚਾਈ ਇਹ ਹੈ ਕਿ ਸਾਡੀ ਜ਼ਿੰਦਗੀ ਵਿੱਚ ਹਜ਼ਾਰਾਂ ਹੀ ਟਹਿਕਵੇਂ ਪਲ ਆਏ ਹੁੰਦੇ ਹਨ, ਪਰ ਅਸੀਂ ਉਨ੍ਹਾਂ ਨੂੰ ਸਾਂਭਦੇ ਨਹੀਂ। ਕਦੇ ਚੇਤਿਆਂ ’ਚੋਂ ਵਿੱਸਰੇ ਉਨ੍ਹਾਂ ਪਲਾਂ ਨੂੰ ਮੁੜ ਜੀਵਤ ਕਰਨ ਨਾਲ ਜ਼ਿੰਦਗੀ ਫਿਰ ਤੋਂ ਚਹਿਕਦੀ ਮਹਿਕਦੀ ਲੱਗਦੀ ਐ। ਅਤੀਤ ਵਿੱਚੋਂ ਵੀ ਭਵਿੱਖ ਦੀ ਤਸਵੀਰ ਦਿਸੇਗੀ। ਬਚਪਨ ਦੀ ਮਾਸੂਮੀਅਤ ਨੂੰ ਚੇਤੇ ਕਰੋ। ਤਿਤਲੀਆਂ ਦਾ ਉੱਡਣਾ, ਭੌਰਿਆਂ ਦਾ ਫੁੱਲਾਂ ’ਤੇ ਮੰਡਰਾਉਣਾ, ਵੀਰ-ਵਹੁਟੀ ਦੇ ਦਿਲ ਖਿੱਚਵੇਂ ਰੰਗ, ਜੀਵ ਜੰਤੂਆਂ ਦੀ ਚਾਲ ਢਾਲ, ਪਾਣੀ ਦੀਆਂ ਛੱਲਾਂ, ਕਾਗ਼ਜ਼ ਦੀਆਂ ਕਿਸ਼ਤੀਆਂ ਅੱਜ ਵੀ ਤਰੋ ਤਾਜ਼ਾ ਹੋ ਕੇ ਪੁਕਾਰਦੀਆਂ ਹਨ-ਜ਼ਿੰਦਗੀ ਖ਼ੂਬਸੂਰਤ ਹੈ।
ਸੁਹਜ ਵਿਚਾਰ ਜ਼ਿੰਦਗੀ ਨੂੰ ਸੁਖਾਵੀਂ ਬਣਾਉਂਦੇ ਹਨ। ਮਨ ਨੂੰ ਢਾਰਸ ਬੱਝਦੀ ਹੈ ਕਿ ਪਰਾਏ ਲਈ ਕੀਤੇ ਨਿਰਸੁਆਰਥ ਯਤਨ ਤੁਹਾਡੇ ਆਪਣੇ ਅੰਦਰਲੇ ਨੂੰ ਵੀ ਤ੍ਰਿਪਤ ਕਰਦੇ ਹਨ ਅਤੇ ਜੀਵਨ ਦੀ ਸਾਰਥਿਕਤਾ ਸਮਝ ਆਉਂਦੀ ਹੈ। ਇੱਕ ਘਟਨਾ ਹੈ ਕਿ ਜੰਗਲ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਇੱਕ ਛੋਟੀ ਚਿੜੀ ਆਪਣੀ ਚੁੰਝ ਵਿੱਚ ਪਾਣੀ ਭਰ ਕੇ ਉਸ ਉੱਤੇ ਪਾਉਂਦੀ ਹੈ ਅਤੇ ਤਮਾਸ਼ਬੀਨਾਂ ਦੀ ਭੀੜ ਹੱਸਦੀ ਹੈ, ਪਰ ਚਿੜੀ ਦਾ ਦ੍ਰਿੜ ਨਿਸ਼ਚਾ ਹੈ ਕਿ ਉਹ ਅੱਗ ਬੁਝਾਉਣ ਵੇਲੇ ਮੂਕ ਦਰਸ਼ਕ ਨਹੀਂ ਬਣੀ ਰਹੀ। ਕਿੰਨੀ ਸਿਦਕ, ਸਬਰ, ਸੰਤੋਖ ਵਾਲੀ ਜ਼ਿੰਦਗੀ ਹੋਵੇਗੀ, ਇਸ ਨਿੱਕੇ ਜੀਵ ਦੀ। ਦਿਨ-ਰਾਤ, ਖ਼ੁਸ਼ੀ- ਗ਼ਮੀ ਤੇ ਗਰਮੀ- ਸਰਦੀ ਆਉਂਦੇ ਜਾਂਦੇ ਰਹਿਣਗੇ; ਇਨ੍ਹਾਂ ਵਿੱਚ ਸਮਤੋਲ ਬਣਾ ਕੇ ਅੱਗੇ ਵਧਣਾ ਹੀ ਜ਼ਿੰਦਗੀ ਦੀ ਸਚਾਈ ਹੈ। ਰੁਕਣਾ ਜ਼ਿੰਦਗੀ ਦਾ ਮੂਲ ਤੱਤ ਨਹੀਂ।
ਬਹਾਰਾਂ ਆਉਂਦੀਆਂ ਰਹਿਣਗੀਆਂ, ਪੱਤਝੜ ਵੀ ਆਵੇਗਾ, ਰੁੱਤਾਂ ਦੇ ਰੰਗ ਬਦਲਦੇ ਰਹਿਣੇ ਨੇ, ਪ੍ਰਕਿਰਤੀ ਨੇ ਆਪਣੇ ਆਹਰੇ ਲੱਗੇ ਰਹਿਣਾ ਹੈ। ਬਦਲਣਾ ਤਾਂ ਤੁਹਾਨੂੰ ਹੀ ਪੈਣਾ ਹੈ। ਇਸ ਬਦਲਾਅ ਨੂੰ ਖਿੜੇ ਮੱਥੇ ਸਵੀਕਾਰ ਕਰਨ ਨਾਲ ਜ਼ਿੰਦਗੀ ਬਹਾਰ ਜਾਪੇਗੀ। ਉਦਾਸੀ ਦਾ ਆਲਮ, ਸੰਤਾਪ ਹੰਢਾਉਣ ਵਾਂਗ ਲੱਗਦਾ ਹੈ। ਚੰਗੀਆਂ ਘੜੀਆਂ ਮਨ ਮਸਤਕ ਵਿੱਚ ਹੋਣ, ਤਾਂ ਮਾੜੇ ਪਲ ਛਟਦੇ ਜਾਂਦੇ ਹਨ। ਪਾਬਲੋ ਨਰੂਦਾ ਦਾ ਕਥਨ ਹੈ ਕਿ ਤੁਸੀਂ ਸਾਰੇ ਫੁੱਲਾਂ ਨੂੰ ਵੱਢ ਸਕਦੇ ਹੋ, ਪਰ ਤੁਸੀਂ ਬਹਾਰ ਨੂੰ ਆਉਣ ਤੋਂ ਨਹੀਂ ਰੋਕ ਸਕਦੇ। ਸ੍ਰਿਸ਼ਟੀ ਦੇ ਰੰਗਾਂ ਨੂੰ ਨਿਹਾਰਨ ਦਾ ਯਤਨ ਜ਼ਿੰਦਗੀ ਜਿਉਣ ਦਾ ਨਿਵੇਕਲਾ ਢੰਗ ਬਿਆਨ ਕਰੇਗਾ। ਬਨਸਪਤੀ ਦਾ ਲਹਿਰਾਉਣਾ, ਖਾਲ਼ਾਂ ਵਿੱਚ ਵਗਦੇ ਪਾਣੀ ਦੀਆਂ ਛੱਲਾਂ, ਫ਼ਸਲਾਂ ਦੀ ਉਤਪਤੀ, ਬੀਜ ਪੁੰਗਰ ਕੇ ਭਰਵੀਂ ਉਪਜ ਦੀ ਕਿਆਸ ਅਰਾਈ ਜ਼ਿੰਦਗੀ ਦੀ ਕਸ਼ਿਸ਼ ਫਿੱਕੀ ਨਹੀਂ ਪੈਣ ਦਿੰਦੇ।
ਨਿਰੰਤਰਤਾ ਬਣੀ ਰਹਿਣੀ ਚੱਲਦੇ ਸਾਹਾਂ ਦੀ ਤਰਜ਼ਮਾਨੀ ਕਰਦੀ ਐ। ਜ਼ਿੰਦਗੀ, ਛੋਟੀਆਂ ਛੋਟੀਆਂ ਖੁਸ਼ੀਆਂ ਦਾ ਸੁੰਦਰ ਖ਼ਜ਼ਾਨਾ ਹੈ ਅਤੇ ਸਾਡੇ ਆਲੇ ਦੁਆਲੇ ਖਿੱਲਰਿਆ ਪਿਆ ਹੈ। ਰਿਸ਼ਤਿਆਂ ਦਾ ਸੰਸਾਰ ਵੀ ਇਸੇ ਕੜੀ ਦਾ ਹਿੱਸਾ ਹੈ। ਰਿਸ਼ਤੇ ਖੂਹਾਂ ਵਰਗੇ ਹੁੰਦੇ ਹਨ। ਜਦ ਇਹ ਭਰੇ ਹੋਏ ਹੁੰਦੇ ਹਨ ਤਾਂ ਪਿਆਸ ਮਿਟਾ ਦਿੰਦੇ ਹਨ ਤੇ ਇਨ੍ਹਾਂ ਦੇ ਸਾਫ਼ ਪਾਣੀ ਵਿੱਚ ਤੁਸੀਂ ਆਪਣਾ ਅਕਸ ਤਲਾਸ਼ ਸਕਦੇ ਹੋ, ਪਰ ਖਾਲੀ ਖੂਹਾਂ ’ਚੋਂ ਮੁੜ ਕੇ ਆਈ ਤੁਹਾਡੀ ਆਪਣੀ ਆਵਾਜ਼ ਵੀ ਤੁਹਾਨੂੰ ਡਰਾਉਣੀ ਲੱਗਦੀ ਹੈ ਤੇ ਤੁਹਾਨੂੰ ਭੈਅਭੀਤ ਕਰ ਦਿੰਦੀ ਹੈ। ਜ਼ਿੰਦਗੀ ਵਿੱਚ ਝੂਠ, ਫਰੇਬ, ਠੱਗੀ, ਠੋਰੀ, ਬੇਈਮਾਨੀ, ਹੰਕਾਰ ਆਦਿ ਖ਼ੁਸ਼ੀ ਤਾਂ ਦਿੰਦੇ ਹਨ, ਪਰ ਇਹ ਥੋੜ੍ਹ ਚਿਰੀ ਹੁੰਦੀ ਹੈ। ਭਟਕਣ ਤੋਂ ਬਚਣ ਲਈ ਇਮਾਨਦਾਰੀ ਅਤੇ ਸਚਾਈ ਤੁਹਾਡਾ ਗਹਿਣਾ ਬਣਦੇ ਹਨ। ਚੰਗੇ ਕਾਲਮ ਤੇ ਨਰੋਈਆਂ ਕਲਮਾਂ ਕਦੇ ਡੋਲਣ ਨਹੀਂ ਦਿੰਦੀਆਂ।
ਜ਼ਿੰਦਗੀ ਰਸੀਲੀ ਵੀ ਹੈ ਤੇ ਖੁਰਦਰੀ ਵੀ…ਕਿਸੇ ਦਾ ਲਿਹਾਜ਼ ਨਹੀਂ ਕਰਦੀ। ਜਿਉਣ ਦਾ ਢੰਗ ਤੁਹਾਡੇ ਆਪਣੇ ਕਿਰਦਾਰ ’ਤੇ ਨਿਰਭਰ ਕਰਦੈ। ਇੱਕ ਕਥਾ ਸੁਣੋ: ਮੌਤ ਨੇ ਜ਼ਿੰਦਗੀ ਨੂੰ ਪੁੱਛਿਆ, ‘‘ਹਰ ਕੋਈ ਤੈਨੂੰ ਪਿਆਰ ਤੇ ਮੈਨੂੰ ਨਫ਼ਰਤ ਕਿਉਂ ਕਰਦੈ?” ਜ਼ਿੰਦਗੀ ਦਾ ਜਵਾਬ ਸੀ: “ਮੈਂ ਖ਼ੂਬਸੂਰਤ ਝੂਠ ਹਾਂ ਤੇ ਤੂੰ ਦਰਦਨਾਕ ਸਚਾਈ।” ਕਈ ਵਾਰ ਸਾਨੂੰ ਰੌਸ਼ਨੀਆਂ ਦੀ ਚਕਾਚੌਂਧ ਵਿੱਚ ਪਤਾ ਨਹੀਂ ਲੱਗਦਾ ਕਿ ਅਸੀਂ ਕੀ ਖੱਟਿਆ ਤੇ ਕੀ ਗਵਾਇਆ ਹੈ। ਤੇਜ਼ ਤਰਾਰ ਪਲ ਸਾਨੂੰ ਸੰਵੇਦਨਾ ਤੋਂ ਵਿਹੂਣਾ ਕਰ ਦਿੰਦੇ ਹਨ। ਕੋਈ ਮ੍ਰਿਗ ਤ੍ਰਿਸ਼ਨਾ ਸਾਨੂੰ ਰਾਹ ਤੋਂ ਭਟਕਾ ਦਿੰਦੀ ਹੈ। ਇਖ਼ਲਾਕੀ ਕਦਰਾਂ ਪਿੱਛੇ ਰਹਿ ਜਾਂਦੀਆਂ ਹਨ।
ਯਾਦ ਹੈ ਨਾ 1993 ਦਾ ਸੂਡਾਨ ਦਾ ਅਕਾਲ? ਰੋਹੀ ਵਿੱਚ ਸੁੱਕ ਕੇ ਪਿੰਜਰ ਬਣੇ ਮਾਸੂਮ ਦੇ ਸਾਹਮਣੇ ‘ਭੋਜਨ’ ਦੀ ਉਡੀਕ ਵਿੱਚ ਬੈਠੀ ਗਿਰਝ…! ਦੱਖਣੀ ਅਫ਼ਰੀਕਾ ਦੇ ਫੋਟੋਗ੍ਰਾਫਰ ਕੇਵਿਨ ਕਾਰਟਰ ਨੂੰ ਇਸ ਤਸਵੀਰ ਲਈ ਪੁਲਿਤਜ਼ਰ ਪੁਰਸਕਾਰ ਮਿਲਿਆ। ਕਿਸੇ ਸਵਾਲ ਕੀਤਾ: “ਉਸ ਬੱਚੇ ਦਾ ਕੀ ਬਣਿਆ, ਜਿਸ ਦੀ ਜ਼ਿੰਦਗੀ ਆਖਰੀ ਸਾਹਾਂ ’ਤੇ ਸੀ, ਉੱਥੇ ਹੋਰ ਕੌਣ ਸੀ?” ਕੇਵਿਡ ਦਾ ਜਵਾਬ ਸੀ ਕਿ ਉਹ ਨਹੀਂ ਜਾਣਦਾ, ਕਿਉਂਕਿ ਉਸ ਨੂੰ ਫਲਾਈਟ ਲੈਣ ਦੀ ਕਾਹਲੀ ਸੀ ਅਤੇ ਬੱਚੇ ਦੇ ਨੇੜੇ ਇੱਕ ਗਿਰਝ ਨਜ਼ਰਾਂ ਟਿਕਾਈ ਬੈਠੀ ਸੀ। ਪੱਤਰਕਾਰਾਂ ਨੇ ਰੌਸ਼ਨੀ ਦਿਖਾਈ ਕਿ ਗਿਰਝਾਂ ‘ਇੱਕ’ ਨਹੀਂ, ‘ਦੋ’ ਸਨ। ਜ਼ਿੰਦਗੀ ਦੀ ਸਚਾਈ ਕਾਹਦੀ ਸਮਝ ਆਈ ਕਿ ਸਭ ਕੁਝ ਨਿਰਾਰਥਕ ਲੱਗਿਆ ਅਤੇ 33 ਸਾਲ ਦੀ ਉਮਰ ਵਿੱਚ ਖ਼ੁਦਕੁਸ਼ੀ ਕਰ ਗਿਆ। ਫਰਜ਼ਾਂ ਤੋਂ ਮੁਨਕਰ ਹੋਣਾ ਵੀ ਜ਼ਿੰਦਗੀ ਦਾ ਮਨਫ਼ੀ ਹੋਣਾ ਹੈ।
ਜ਼ਿੰਦਗੀ ਬੇਰਹਿਮ ਵੀ ਹੈ। ਕੱਲ੍ਹ ਤੱਕ ਨਾਲ ਤੁਰਦੇ ਸੰਗੀ ਸਾਥੀ ਵੀ ਦੂਰ ਨਿਕਲ ਜਾਂਦੇ ਹਨ ਤੇ ਪਿੱਛੇ ਸਿਰਫ਼ ਗਿਲੇ ਸ਼ਿਕਵੇ ਤੇ ਹਉਕੇ ਹਾਵੇ ਹੀ ਦਰਦ ਵੰਡਾਉਂਦੇ ਹਨ।
ਸਮੁੰਦਰ ਦੀਆਂ ਲਹਿਰਾਂ ’ਤੇ ਫੁੱਲਾਂ ਦੀ ਮਹਿਕ ਨੂੰ ਮਾਣਿਆ ਤਾਂ ਜਾ ਸਕਦੈ, ਪਰ ਕਲਾਵਾ ਨਹੀਂ ਭਰ ਸਕਦੇ। ਕਿਸੇ ਦੇ ਦਿਲ ਵਿੱਚ ਵੱਸ ਜਾਣਾ ਸੌਖਾ ਨਹੀਂ ਹੁੰਦਾ, ਪਰ ਇਹ ਔਖਾ ਵੀ ਨਹੀਂ ਹੁੰਦਾ; ਸਿਰਫ਼ ‘ਮੈਂ’ ਨੂੰ ਪਰ੍ਹੇ ਹਟਾਉਣ ਦੀ ਗੱਲ ਐ। ਜ਼ਿੰਦਗੀ ਹੁਸੀਨ ਲੱਗੇਗੀ। ਜ਼ਿੰਦਗੀ ਜਿਉਣ ਵਿੱਚ ਵੀ ਡਾਢਾ ਫ਼ਰਕ ਹੁੰਦਾ। ਬਾਬਰਾਂ ਜਰਵਾਣਿਆਂ ਦੀ ਜੀਵਨ ਗਾਥਾ ਨੂੰ ਜਿਉਣ ਦਾ ਨਹੀਂ, ਸਗੋਂ ਅੱਤਿਆਚਾਰਾਂ ਦੀ ਇੰਤਹਾ ਗਰਦਾਨਿਆਂ ਜਾਂਦੈ। ਉਮਰ ਭਰ ਦੀਆਂ ਲੁੱਟਾਂ ਖੋਹਾਂ ਦਾ ਇਤਿਹਾਸ ਮੱਥੇ ਦਾ ਕਲੰਕ ਬਣ ਜਾਂਦੈ, ਪਰ ਇਸ ਨੂੰ ਲਲਕਾਰਨ ਵਾਲੇ ਅਤੇ ਡਾਢਿਆਂ ਅੱਗੇ ਹਿੱਕ ਡਾਹ ਕੇ ਖੜ੍ਹਨ ਵਾਲਿਆਂ ਨੂੰ ਸਮਾਂ ਸਿਜਦਾ ਕਰਦੈ। ਹਨੇਰੇ ਪਲਾਂ ਵਿੱਚ ਢੇਰੀ ਢਾਹ ਕੇ ਬੈਠਣ ਨੂੰ ਜ਼ਿੰਦਗੀ ਨਹੀਂ ਕਹਿੰਦੇ, ਸਗੋਂ ਚਾਨਣ ਦੀ ਲੀਕ ਵਾਹੁਣ ਵਾਲਿਆਂ ਨੂੰ ਹੱਥੀਂ ਛਾਵਾਂ ਹੁੰਦੀਆਂ ਹਨ। ਬਾਬਾ ਨਜਮੀ ਜਿਉਣ ਦਾ ਢੰਗ ਦੱਸਦੈ:
ਬੇਹਿੰਮਤੇ ਨੇ ਜਿਹੜੇ ਬਹਿ ਕੇ
ਸ਼ਿਕਵਾ ਕਰਨ ਮੁਕੱਦਰਾਂ ਦਾ
ਉੱਗਣ ਵਾਲੇ ਉੱਗ ਪੈਂਦੇ ਨੇ
ਸੀਨਾ ਪਾੜ ਕੇ ਪੱਥਰਾਂ ਦਾ
ਮੰਜ਼ਿਲ ਦੇ ਮੱਥੇ ਤੇ ਲੱਗਦੀ
ਤਖ਼ਤੀ ਉਨ੍ਹਾਂ ਲੋਕਾਂ ਦੀ
ਜਿਹੜੇ ਘਰੋਂ ਬਣਾ ਕੇ ਤੁਰਦੇ
ਨਕਸ਼ਾ ਆਪਣੇ ਸਫ਼ਰਾਂ ਦਾ।
ਸ਼ੇਕਸਪੀਅਰ ਦਾ ਕਥਨ ਜ਼ਿੰਦਗੀ ਦੀ ਵਿਆਖਿਆ ਦਾ ਸਭ ਤੋਂ ਪੁਖ਼ਤਾ ਅਤੇ ਨਿੱਗਰ ਫੁਰਮਾਨ ਹੈ,
‘‘ਜ਼ਿੰਦਗੀ ਇੱਕ ਰੰਗ ਮੰਚ ਹੈ, ਜਿੱਥੇ ਹਰ ਕੋਈ ਆਪਣਾ ਰੋਲ ਨਿਭਾ ਕੇ ਚਲਾ ਜਾਂਦਾ ਹੈ।” ਪਰ ਇੱਕ ਗੱਲ ਜ਼ਰੂਰੀ ਹੈ ਕਿ ਰੋਲ ਇੰਨਾ ਦਮਦਾਰ ਤੇ ਸ਼ਿੱਦਤ ਵਾਲਾ ਹੋਣਾ ਚਾਹੀਦੈ ਕਿ ਪਰਦਾ ਡਿੱਗਣ ਤੋਂ ਬਾਅਦ ਵੀ ਤਾੜੀਆਂ ਵੱਜਦੀਆਂ ਰਹਿਣ।
ਸੰਪਰਕ: 89684-33500